
ਦਰ ਸਰਕਾਰ ਨੇ ਭਾਵੇਂ ਚੋਣ ਵਰ੍ਹੇ ਨੂੰ ਦੇਖਦੇ ਹੋਏ ਸਾਉਣੀ ਦੀਆਂ ਫਸਲਾਂ ਵਿਚ ਖਾਸ ਕਰਕੇ ਝੋਨੇ ਦੀ ਕੀਮਤ ਵਿਚ 200 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ.........
ਚੰਡੀਗੜ੍ਹ : ਕੇਂਦਰ ਸਰਕਾਰ ਨੇ ਭਾਵੇਂ ਚੋਣ ਵਰ੍ਹੇ ਨੂੰ ਦੇਖਦੇ ਹੋਏ ਸਾਉਣੀ ਦੀਆਂ ਫਸਲਾਂ ਵਿਚ ਖਾਸ ਕਰਕੇ ਝੋਨੇ ਦੀ ਕੀਮਤ ਵਿਚ 200 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ।ਪ੍ਰੰਤੂ ਸਰਕਾਰ ਦੇ ਇਸ ਕਦਮ ਨਾਲ ਕਿਸਾਨ ਜਥੇਬੰਦੀਆਂ ਖੁਸ਼ ਦਿਖਾਈ ਨਹੀਂ ਦੇ ਰਹੀਆਂ। ਇਸ ਬਾਰੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਬੀ ਕੇ ਯੂ ਦੇ ਕੌਮੀਂ ਪ੍ਰਧਾਨ ਭੁਪਿੰਦਰ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਲਗਾਤਾਰ ਵਿਸ਼ਵਾਸ਼ਘਾਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹਰ ਭਾਸ਼ਣ ਵਿਚ ਕਿਸਾਨਾਂ ਨੂੰ ਡੇਢ ਗੁਣਾ ਕੀਮਤ ਵਧਾਉਣ ਦਾ ਵਾਅਦਾ ਕਰਦੇ ਹਨ ਜੋ ਕਿ ਕਦੇ ਵੀ ਪੂਰਾ ਕਹੀਂ ਕੀਤਾ ਗਿਆ।
ਅਗਰ ਝੋਨੇ ਦੇ ਰੇਟ ਦੀ ਹੀ ਗੱਲ ਕਰੀਏ ਤਾਂ ਇਹ ਰੇਟ 2400-2500 ਬਣਦਾ ਹੈ ਅਤੇ ਸਰਕਾਰ ਨੇ 200 ਰੁਪਏ ਦਾ ਮਾਮੂਲੀ ਵਾਧਾ ਸਿਰਫ ਚੋਣਾਂ ਨੂੰ ਦੇਖਦੇ ਹੋਏ ਕੀਤਾ ਹੈ। ਬੀਕੇਯੂ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਲੱਖੋਵਾਲ ਦਾ ਕਹਿਣਾ ਹੈ ਕਿ ਕਿਸਾਨ ਉਮੀਦ ਲਗਾ ਕੇ ਬੈਠੇ ਸਨ ਕਿ ਕੇਂਦਰ ਸਰਕਾਰ ਸਵਾਮੀ ਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਰੇਟ ਮਿਲੇਗਾ ਜਿਸ ਮੁਤਾਬਕ 700-800 ਰੁਪਏ ਵਾਧਾ ਹੋਣਾ ਸੀ ਪ੍ਰੰਤੂ ਸਰਕਾਰ ਨੇ ਸਿਰਫ 11.1 ਫੀਸਦੀ ਦਾ ਵਾਧਾ ਕੀਤਾ ਹੈ ਜੋ ਕਿ ਕਿਸਾਨਾਂ ਨਾਲ ਮਜ਼ਾਕ ਹੈ।
ਇਸ ਤੋਂ ਕਿਤੇ ਜਿਆਦਾ ਸਰਕਾਰ ਨੇ 18% ਜੀਐਸ ਟੀ ਲਗਾ ਦਿੱਤਾ ਹੈ ਅਤੇ ਡੀਜ਼ਲ ਦੇ ਰੇਟ ਅਸਮਾਨ ਛੂਹ ਰਹੇ ਹਨ ਪਰ ਸਰਕਾਰ ਉਸ ਪਾਸੇ ਧਿਆਨ ਨਾਂ ਦੇ ਕੇ ਕਿਸਾਨਾਂ ਨੂੰ ਲੁਟਣ 'ਤੇ ਲਗੀ ਹੋਈ ਹੈ। ਇਸ ਲਈ ਇਹ ਵਾਧਾ ਨਾਮਨਜ਼ੂਰ ਕਰਦੇ ਹਾਂ। ਸ੍ਰੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਝੋਨੇ ਦੇ ਸਮਰਥਨ ਮੁੱਲ ਵਿੱਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੜਕਦੀ ਧੁੱਪ ਵਿੱਚ ਪਿਘਲੀ ਲੁੱਕ ਉਤੇ ਦਿਸਦੀ ਮ੍ਰਿਗਤ੍ਰਿਸ਼ਨਾ ਵਾਂਗ ਹੈ, ਜੋ ਕਦੀ ਹੱਥ ਨਹੀਂ ਆਉਂਦੀ।
ਰਾਜੇਵਾਲ ਨੇ ਕਿਹਾ ਕਿ ਇਸ ਸਾਲ ਝੋਨੇ ਦੀ ਲੁਆਈ ਉਤੇ ਔਸਤ 1200 ਤੋਂ 1500 ਰੁਪਏ ਪ੍ਰਤੀ ਏਕੜ ਵੱਧ ਖਰਚ ਆਇਆ ਹੈ।ਜਦਕਿ ਇਹ ਭਾਅ ਪਿਛਲੇ ਸਾਲ ਦੇ ਖਰਚਿਆਂ ਉਤੇ ਅਧਾਰਿਤ ਤੈਅ ਕਰਕੇ ਐਲਾਨਿਆ ਗਿਆ, ਇਸ ਸਾਲ ਖਾਦਾਂ ਉਤੇ 12 ਪ੍ਰਤੀਸ਼ਤ ਅਤੇ ਮਸ਼ੀਨਰੀ ਉਤੇ 18 ਪ੍ਰਤੀਸ਼ਤ ਜੀ. ਐਸ. ਟੀ. ਦਾ ਪ੍ਰਤੀ ਏਕੜ 1000 ਰੁਪਏ ਹੋਰ ਖਰਚਾ ਹੋਵੇਗਾ। ਇਸੇ ਤਰਾਂ ਡੀਜ਼ਲ ਦੀ ਕੀਮਤ ਵਿਚ ਕੀਤਾ ਵਾਧਾ ਬੇਤਹਾਸ਼ਾ ਹੈ।