
ਇਸ ਵਾਰ ਕਣਕ ਦਾ ਐੱਮ. ਐੱਸ. ਪੀ. 1,900 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਉਪਰ ਹੋ ਸਕਦਾ ਹੈ।
ਨਵੀਂ ਦਿੱਲੀ- ਕਣਕ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਖੁਸ਼ਖਬਰੀ ਮਿਲਣ ਜਾ ਰਹੀ ਹੈ। ਜਲਦ ਹੀ, ਸਰਕਾਰ ਹਾੜ੍ਹੀ ਫਸਲਾਂ ਦਾ ਮੁੱਲ ਵਧਾਉਣ ਵਾਲੀ ਹੈ। ਕਿਸਾਨਾਂ ਦੀ ਆਮਦਨ 'ਚ ਸੁਧਾਰ ਲਈ ਖੇਤੀਬਾੜੀ ਮੰਤਰਾਲੇ ਨੇ ਹਾੜ੍ਹੀ ਜਾਂ ਸਰਦੀਆਂ ਦੀ ਬਿਜਾਈ ਵਾਲੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਚ 5-7 ਫੀਸਦੀ ਵਾਧਾ ਕਰਨ ਦਾ ਪ੍ਰਸਤਾਵ ਦਿੱਤਾ ਹੈ।
Wheat
ਇਸ ਵਾਰ ਕਣਕ ਦਾ ਐੱਮ. ਐੱਸ. ਪੀ. 1,900 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਉਪਰ ਹੋ ਸਕਦਾ ਹੈ। ਮੰਤਰਾਲਾ ਨੇ ਕਣਕ ਦੇ ਖਰੀਦ ਮੁੱਲ ਨੂੰ ਪਿਛਲੇ ਸਾਲ ਦੇ 1,840 ਰੁਪਏ ਦੇ ਮੁਕਾਬਲੇ 4.6 ਫੀਸਦੀ ਵਧਾ ਕੇ 1,925 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਪੇਸ਼ਕਸ਼ ਦਿੱਤੀ ਹੈ। ਇਸ ਨਾਲ ਸਰਕਾਰ ਦੇ 1.84 ਲੱਖ ਕਰੋੜ ਰੁਪਏ ਦੇ ਖੁਰਾਕ ਸਬਸਿਡੀ ਬਿੱਲ 'ਤੇ ਲਗਭਗ 3,000 ਕਰੋੜ ਰੁਪਏ ਦਾ ਬੋਝ ਪੈਣ ਦੀ ਸੰਭਾਵਨਾ ਹੈ। ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਸਰਦੀਆਂ ਦੀ ਬਿਜਾਈ ਤੋਂ ਪਹਿਲਾਂ ਹਾੜ੍ਹੀ ਫਸਲਾਂ ਦਾ ਐੱਮ. ਐੱਸ. ਪੀ. ਐਲਾਨ ਹੋ ਸਕਦਾ ਹੈ।
ਮੰਤਰਾਲੇ ਨੇ ਸਰ੍ਹੋਂ ਦੇ ਐੱਮ. ਐੱਸ. ਪੀ. 'ਚ 5.3 ਫੀਸਦੀ ਵਾਧੇ ਦੀ ਪੇਸ਼ਕਸ਼ ਦਿੱਤੀ ਹੈ, ਯਾਨੀ ਇਸ ਦੀ ਮੌਜੂਦਾ ਖਰੀਦ ਕੀਮਤ 4,200 ਰੁਪਏ ਤੋਂ ਵੱਧ ਕੇ 4,425 ਰੁਪਏ ਪ੍ਰਤੀ ਕੁਇੰਟਲ ਹੋ ਸਕਦੀ ਹੈ। ਉੱਥੇ ਹੀ, ਜੌਂ ਦਾ ਐੱਮ. ਐੱਸ. ਪੀ. 5.9 ਫੀਸਦੀ ਤਕ ਵਧਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਖੇਤੀਬਾੜੀ ਮੰਤਰਾਲਾ ਨੇ ਮਸਰ ਦੇ ਐੱਮ. ਐੱਸ. ਪੀ. 'ਚ ਸਭ ਤੋਂ ਵੱਧ 7.26 ਫੀਸਦੀ ਵਾਧਾ ਕਰਨ ਦਾ ਪ੍ਰਸਤਾਵ ਦਿੱਤਾ ਹੈ, ਯਾਨੀ ਇਸ ਦਾ ਖਰੀਦ ਮੁੱਲ 4,800 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਪ੍ਰਸਤਾਵ ਹੈ, ਜੋ ਇਸ ਸਮੇਂ 4,475 ਰੁਪਏ ਪ੍ਰਤੀ ਕੁਇੰਟਲ ਹੈ।
Wheat
ਖੇਤੀਬਾੜੀ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਪ੍ਰਸਤਾਵਾਂ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ ਲਈ ਭੇਜਣ ਤੋਂ ਪਹਿਲਾਂ ਖੁਰਾਕ ਵਰਗੇ ਸੰਬੰਧਤ ਮੰਤਰਾਲਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਹਾਲਾਂਕਿ, ਆਮ ਤੌਰ 'ਤੇ, ਸੀ. ਏ. ਸੀ. ਪੀ. ਦੀਆਂ ਸਿਫਾਰਸ਼ਾਂ ਨੂੰ ਪੂਰੀ ਤਰ੍ਹਾਂ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ MSP ਨੂੰ ਜਲਦ ਹੀ ਸੂਚਿਤ ਕਰ ਦਿੱਤਾ ਜਾਵੇਗਾ।