
ਮੌਸਮ ਵਿਭਾਗ ਵਲੋਂ ਅਗਲੇ ਦੋ ਦਿਨ ਭਾਰੀ ਬਾਰਿਸ਼ ਦੀ ਚੇਤਾਵਨੀ ਕਾਰਨ ਕਿਸਾਨਾਂ ਨੇ ਝੋਨੇ ਦੀ ਵਾਢੀ ਵਿਚ ਲਿਆਂਦੀ ਤੇਜ਼ੀ
Paddy arrival in Punjab Mandi accelerates: ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਤੇਜ਼ ਹੋ ਗਈ ਹੈ ਤੇ ਸਰਕਾਰੀ ਖ਼ਰੀਦ ਏਜੰਸੀਆਂ ਨੇ ਮੰਡੀਆਂ ਵਿਚ ਖ਼ਰੀਦ ਵੱਡੀ ਪੱਧਰ ’ਤੇ ਸ਼ੁਰੂ ਕਰ ਦਿਤੀ ਹੈ। ਮੌਸਮ ਵਿਭਾਗ ਵਲੋਂ ਅਗਲੇ ਦੋ ਦਿਨ ਭਾਰੀ ਬਾਰਿਸ਼ ਦੀ ਚੇਤਾਵਨੀ ਉਪਰੰਤ ਕਿਸਾਨਾਂ ਨੇ ਝੋਨੇ ਦੀ ਵਾਢੀ ਵਿਚ ਤੇਜ਼ੀ ਲਿਆਂਦੀ ਹੈ ਤੇ ਇਸੇ ਕਾਰਨ ਮੰਡੀਆਂ ਵਿਚ ਝੋਨੇ ਦੀ ਆਮਦ ਪਹਿਲਾਂ ਨਾਲੋਂ ਕਾਫ਼ੀ ਤੇਜ਼ ਹੋ ਗਈ ਹੈ। ਪੰਜਾਬ ਵਿਚ ਇਸ ਵਾਰ ਸਰਕਾਰੀ ਅਨੁਮਾਨਾਂ ਅਨੁਸਾਰ ਲਗਭਗ 180 ਲੱਖ ਮੀਟਰਕ ਟਨ ਝੋਨਾ ਆਉਣ ਦੀ ਸੰਭਾਵਨਾ ਹੈ ਜਿਸ ਵਿਚੋਂ ਲੱਗਭਗ 120 ਲੱਖ ਮੀਟਰਕ ਟਨ ਚੌਲ ਪੈਦਾ ਹੋਣਗੇ। ਇਨ੍ਹਾਂ ਚੌਲਾਂ ਨੂੰ ਸ਼ੈਲਰ ਮਾਲਕਾਂ ਕੋਲੋਂ ਐਫ਼ਸੀਆਈ ਨਿਰਧਾਰਤ ਮਾਪਦੰਡਾਂ ਅਨੁਸਾਰ ਪ੍ਰਾਪਤ ਕਰ ਕੇ ਕੇਂਦਰੀ ਪੂਲ ਲਈ ਭੰਡਾਰ ਕਰਦੀ ਹੈ ਪਰ ਇਸ ਵਾਰ ਐਫ਼ਸੀਆਈ ਕੋਲ ਚੌਲ ਰੱਖਣ ਲਈ ਥਾਂ ਦੀ ਵੱਡੀ ਪੱਧਰ ’ਤੇ ਘਾਟ ਪਾਈ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਐਫ਼ਸੀਆਈ ਕੋਲ ਗੁਦਾਮਾਂ ਵਿਚ ਸਿਰਫ਼ 15 ਲੱਖ ਮੀਟਰਕ ਟਨ ਥਾਂ ਖ਼ਾਲੀ ਹੈ ਜਿਸ ਵਿਚ ਨਵੀਂ ਫ਼ਸਲ 2025-26 ਦੇ ਚੌਲਾਂ ਨੂੰ ਸਟੋਰ ਕੀਤਾ ਜਾਣਾ ਹੈ। ਝੋਨੇ ਦੀ ਸਰਕਾਰੀ ਖ਼ਰੀਦ ਖ਼ਤਮ ਹੋਣ ਉਪਰੰਤ ਦਸੰਬਰ ਮਹੀਨੇ ਵਿਚ ਐਫ਼ਸੀਆਈ ਚਾਵਲਾਂ ਦੀ ਡਿਲੀਵਰੀ ਚੌਲ ਮਿੱਲ ਮਾਲਕਾਂ ਤੋਂ ਲੈਣਾ ਸ਼ੁਰੂ ਕਰੇਗੀ ਤੇ ਐਫ਼ਸੀਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਵੇਲੇ ਤਕ 30 ਲੱਖ ਮੀਟਰਕ ਟਨ ਚਾਵਲਾਂ ਲਈ ਥਾਂ ਉਪਲਬਧ ਹੋ ਜਾਵੇਗੀ। ਐਫ਼ਸੀਆਈ ਹਰ ਮਹੀਨੇ ਲਗਭਗ ਸੱਤ ਤੋਂ ਅੱਠ ਲੱਖ ਮੀਟਰਕ ਟਨ ਚੌਲਾਂ ਨੂੰ ਦੂਜੇ ਰਾਜਾਂ ਵਿਚ ਭੇਜਣ ਲਈ ਰੇਲਾਂ ਸਪੈਸ਼ਲ ਮੰਗਵਾਉਂਦੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ ਸਾਲ ਦਾ ਚਾਵਲ 15 ਸਤੰਬਰ ਤਕ ਗੁਦਾਮਾਂ ਵਿਚ ਲੱਗਣ ਲਈ ਲਟਕ ਗਿਆ ਸੀ ਕਿਉਂਕਿ ਪੰਜਾਬ ਵਿਚ ਗਦਾਮਾਂ ਵਿਚ ਥਾਂ ਨਹੀਂ ਸੀ ਬਣ ਸਕੀ। ਲਗਭਗ 140 ਲੱਖ ਮੀਟਰਕ ਟਨ ਚਾਵਲ ਪਿਛਲੇ ਸਾਲਾਂ ਦਾ ਐਫ਼ਸੀਆਈ ਦੇ ਗੁਦਾਮਾਂ ਵਿਚ ਪਿਆ ਹੈ ਜਦੋਂ ਕਿ 25 ਲੱਖ ਮੀਟਰਕ ਟਨ ਕਣਕ ਵੀ ਇਨ੍ਹਾਂ ਗੁਦਾਮਾਂ ਵਿਚ ਸਟੋਰ ਕੀਤੀ ਹੋਈ ਹੈ ਹਾਲਾਂਕਿ ਪੰਜਾਬ ਵਿਚ ਪਿਛਲੇ ਸਾਲ ਦੀ ਖ਼ਰੀਦ ਕੀਤੀ ਹੋਈ ਵੱਡੀ ਮਾਤਰਾ ਵਿਚ ਕਣਕ ਖੁਲ੍ਹੇ ਅਸਮਾਨ ਥੱਲੇ ਓਪਨ ਪਲਿੰਥਾਂ ਉਪਰ ਸਟੋਰ ਕੀਤੀ ਹੋਈ ਹੈ ਜਿਸ ਦੀ ਜੇਕਰ ਦੂਜੇ ਰਾਜਾਂ ਨੂੰ ਸਪਲਾਈ ਦੇਰ ਨਾਲ ਕੀਤੀ ਗਈ ਤਾਂ ਉਸ ਕਣਕ ਦੀ ਗੁਣਵੱਤਾ ਉਪਰ ਵੀ ਅਸਰ ਪੈ ਸਕਦਾ ਹੈ।
ਐਫ਼ਸੀਆਈ ਨੇ ਸਾਲ 2025-26 ਲਈ ਸ਼ੈਲਰ ਮਾਲਕਾ ਤੋਂ ਚੌਲਾਂ ਦੀ ਪ੍ਰਾਪਤੀ ਸਬੰਧੀ ਨਿਯਮਾਂ ਵਿਚ ਵੀ ਵੱਡਾ ਬਦਲਾਅ ਕੀਤਾ ਹੈ ਜਿਸ ਵਿਚ ਇਸ ਵਾਰੀ ਚੌਲਾਂ ਵਿਚ ਟੋਟੇ ਦੀ ਮਾਤਰਾ 25 ਫ਼ੀ ਸਦੀ ਦੀ ਥਾਂ ਦਸ ਫ਼ੀ ਸਦੀ ਕਰ ਦਿਤੀ ਗਈ ਹੈ ਤੇ ਬਾਕੀ 15 ਫ਼ੀ ਸਦੀ ਟੋਟਾ ਸ਼ੈਲਰ ਮਾਲਕ ਅਪਣੇ ਕੋਲ ਰੱਖਣਗੇ ਜਿਸ ਨੂੰ ਐਫ਼ਸੀਆਈ ਐਥਨੋਲ ਪਲਾਂਟਾਂ ਨੂੰ ਵੇਚਣ ਦੀ ਇਜਾਜ਼ਤ ਦੇਵੇਗੀ। ਸਰਹਿੰਦ ਦੇ ਸ਼ੈਲਰ ਮਾਲਕਾਂ ਵਿਨੋਦ ਗੁਪਤਾ ਅਤੇ ਮਨੋਜ ਬਿੱਥਰ ਦਾ ਕਹਿਣਾ ਹੈ ਕਿ ਐਫ਼ਸੀਆਈ ਦੇ ਨਵੇਂ ਨਿਯਮਾਂ ਕਾਰਨ ਚੌਲਾਂ ਦਾ ਭੁਗਤਾਨ ਕਰਨਾ ਔਖਾ ਹੀ ਨਹੀਂ, ਅਸੰਭਵ ਹੈ। ਉਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਬਦਲੇ ਹੋਏ ਨਿਯਮਾਂ ਉਪਰ ਮੁੜ ਤੋਂ ਵਿਚਾਰ ਕੀਤੀ ਜਾਵੇ ਤੇ ਚੌਲ ਪ੍ਰਾਪਤੀ ਪਹਿਲੇ ਨਿਯਮਾਂ ਅਨੁਸਾਰ ਹੀ ਲਈ ਜਾਵੇ।
ਫ਼ਤਿਹਗੜ੍ਹ ਸਾਹਿਬ ਤੋਂ ਸੁਰਜੀਤ ਸਿੰਘ ਸਾਹੀ ਦੀ ਰਿਪੋਰਟ