
BBMB ਦੇ ਮੁੱਦੇ ਨੂੰ ਲੈ ਕੇ 25 ਮਾਰਚ ਨੂੰ ਰਾਜਪਾਲ ਨੂੰ ਸੌਂਪਣਗੇ ਮੰਗ ਪੱਤਰ
ਲੁਧਿਆਣਾ : ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਲੋਂ ਅੱਜ ਇਥੇ ਇੱਕ ਅਹਿਮ ਪ੍ਰੈਸ ਕਾਨਫ਼ਰੰਸ ਕੀਤੀ ਗਈ ਜਿਸ ਵਿਚ ਕਈ ਮਹੱਤਵਪੂਰਨ ਮੁੱਦੇ ਵਿਚਾਰੇ ਗਏ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੀਟਿੰਗ ਵਿਚ ਕਈ ਏਜੰਡੇ ਸਨ ਪਰ ਸਭ ਤੋਂ ਮੁੱਖ ਏਜੰਡਾ ਸੀ ਕਿ ਜਿਸ ਤਰ੍ਹਾਂ ਪੰਜਾਬ ਅਤੇ ਹਰਿਆਣਾ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਸੰਵਿਧਾਨ ਨੂੰ ਤੋੜ ਕੇ ਜਿਸ ਤਰੀਕੇ ਨਾਲ ਸੂਬਿਆਂ ਦੇ ਅਧਿਕਾਰਾਂ ਦਾ ਹਨਨ ਕੀਤਾ ਜਾ ਰਿਹਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਐਸ.ਕੇ.ਐਮ. ਦਾ ਹਿੱਸਾ ਰਹੀਆਂ 24 ਜਥੇਬੰਦੀਆਂ ਇਥੇ ਪੌਂਚਿਆਂ ਹਨ ਅਤੇ ਇੱਕ ਪ੍ਰੋਗਰਾਮ ਉਲੀਕਿਆ ਹੈ ਜਿਸ ਤਹਿਤ 25 ਮਾਰਚ ਨੂੰ ਗਵਰਨਰ ਨੂੰ ਮੰਗ ਪੱਤਰ ਦਿਤਾ ਜਾਵੇਗਾ।
photo
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਤਕਰੀਬਨ 11 ਵਜੇ ਸਾਰੀਆਂ ਜਥੇਬੰਦੀਆਂ ਵਲੋਂ ਵੱਡਾ ਇਕੱਠ ਕੀਤਾ ਜਾਵੇਗਾ। ਡੱਲੇਵਾਲ ਨੇ ਕਿਹਾ ਕਿ ਇਹ ਸਿਰਫ ਪੰਜਾਬ ਦਾ ਹੀ ਮਸਲਾ ਨਹੀਂ ਹੈ ਸਗੋਂ ਹਰਿਆਣਾ ਦਾ ਵੀ ਮਸਲਾ ਹੈ। ਇਸ ਲਈ ਅਸੀਂ ਪੰਜਾਬ ਅਤੇ ਹਰਿਆਣਾ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰਾਂਗੇ।
photo
ਇਸ ਬਾਬਤ ਹਰਿਆਣਾ ਦੇ ਕਿਸਾਨ ਨੁਮਾਇੰਦਿਆਂ ਨਾਲ 14 ਮਾਰਚ ਨੂੰ ਮੀਟਿੰਗ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਪ੍ਰੋਗਰਾਮ ਉਲੀਕਿਆ ਜਾਵੇਗਾ। ਡੱਲੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਕੰਮ ਕਰ ਰਿਹਾ ਸੀ ਉਸੇ ਤਰ੍ਹਾਂ ਹੀ ਹੁਣ ਵੀ ਇੱਕਜੁਟ ਹੈ।
photo
ਅੱਗੇ ਗੱਲ ਕਰਦਿਆਂ ਡੱਲੇਵਾਲ ਨੇ ਕਿਹਾ ਕਿ ਕਿਸੇ ਵੀ ਕੌਮ ਦਾ ਇਤਿਹਾਸ ਉਸ ਦਾ ਵਿਰਸਾ ਹੁੰਦਾ ਹੈ ਅਤੇ ਇਹ ਸਾਡਾ ਸਰਮਾਇਆ ਹੈ। ਇਤਿਹਾਸ ਵਿਚ ਗੜਬੜ ਕਰਨਾ ਬਹੁਤ ਹੀ ਗ਼ਲਤ ਹੈ ਅਤੇ ਇਸ 'ਤੇ ਅਸੀਂ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਗੜਬੜੀ ਕਰਨ ਦਾ ਮਾਮਲਾ ਵੀ ਮੰਗ ਪੱਤਰ ਦਾ ਹਿੱਸਾ ਹੋਵੇਗਾ। ਮੰਗ ਕੀਤੀ ਜਾਵੇਗੀ ਕਿ ਜੋ ਸਾਡਾ ਮੁਢਲਾ ਇਤਿਹਾਸ ਹੈ ਉਸ ਨੂੰ ਮੁੜ ਸੁਰਜੀਤ ਕੀਤਾ ਜਾਵੇ ਅਤੇ ਨਾਲ ਹੀ ਜਿਨ੍ਹਾਂ ਲੋਕਾਂ ਨੇ ਇਤਿਹਾਸ ਨਾਲ ਛੇੜਛਾੜ ਕੀਤੀ ਹੈ ਉਨ੍ਹਾਂ ਨੂੰ ਬਣਦੀਆਂ ਸਜ਼ਾਵਾਂ ਦਿਤੀਆਂ ਜਾਣ।
photo
ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ BBMB ਮਸਲੇ ਤੋਂ ਲੈ ਕੇ ਚੰਡੀਗੜ੍ਹ ਵਿਚ ਅਸਾਮੀਆਂ ਭਰਨ ਅਤੇ ਸਿੱਖਿਆ ਬੋਰਡ ਦੇ ਸਲੇਬਸ ਵਿਚ ਗ਼ਲਤ ਚੀਜ਼ਾਂ ਲੈ ਕੇ ਆਉਣ ਖ਼ਿਲਾਫ਼ ਇੱਕ ਪ੍ਰੋਗਰਾਮ ਉਲੀਕਿਆ ਗਿਆ ਹੈ। 14 ਮਾਰਚ ਨੂੰ ਹੋਣ ਵਾਲੀ ਮੀਟਿੰਗ ਵਿਚ ਵੱਡੇ ਇਕੱਠ ਦਾ ਸੱਦਾ ਦਿਤਾ ਜਾਵੇਗਾ।