
ਅਗਲੇ ਸਾਲ ਲਈ ਗੰਨੇ ਦਾ ਭਾਅ 400 ਰੁਪਏ ਤੈਅ
Haryana raises sugarcane price: ਹਰਿਆਣਾ ਸਰਕਾਰ ਨੇ ਗੰਨਾ ਉਤਪਾਦਕ ਕਿਸਾਨਾਂ ਨੂੰ ਦੀਵਾਲੀ ਦਾ ਤੋਹਫਾ ਦਿਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਸੋਮਵਾਰ ਨੂੰ ਗੰਨੇ ਦੀ ਅਗੇਤੀ ਕਿਸਮ ਦੀ ਕੀਮਤ 372 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 386 ਰੁਪਏ ਪ੍ਰਤੀ ਕੁਇੰਟਲ ਕਰ ਦਿਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸਾਲ 2024 ਲਈ ਗੰਨੇ ਦੀ ਕੀਮਤ ਵਧਾਉਣ ਦਾ ਵੀ ਐਲਾਨ ਕੀਤਾ ਹੈ। ਅਗਲੇ ਸਾਲ ਗੰਨੇ ਦਾ ਭਾਅ 400 ਰੁਪਏ ਪ੍ਰਤੀ ਕੁਇੰਟਲ ਹੋਵੇਗਾ।
ਹਰਿਆਣਾ ਸਰਕਾਰ ਨੇ ਕਿਹਾ ਕਿ ਅਗਲੇ ਸਾਲ ਜਦੋਂ ਗੰਨੇ ਦੀ ਕੀਮਤ ਦਾ ਐਲਾਨ ਕੀਤਾ ਜਾਵੇਗਾ, ਤਾਂ ਸੰਭਵ ਤੌਰ 'ਤੇ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਇਸ ਲਈ ਅਗਲੇ ਸਾਲ ਦੀਆਂ ਕੀਮਤਾਂ ਹੁਣੇ ਹੀ ਜਾਰੀ ਕੀਤੀਆਂ ਗਈਆਂ ਹਨ। ਇਸ ਨਾਲ ਹਰਿਆਣਾ ਦੇਸ਼ ਵਿਚ ਗੰਨੇ ਦੀ ਸੱਭ ਤੋਂ ਵੱਧ ਕੀਮਤ ਅਦਾ ਕਰਨ ਵਾਲਾ ਸੂਬਾ ਬਣ ਗਿਆ ਹੈ। ਇਸ ਤੋਂ ਬਾਅਦ ਪੰਜਾਬ ਵਿਚ 380 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਗੰਨਾ ਖਰੀਦਿਆ ਜਾ ਰਿਹਾ ਹੈ।
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਹਮੇਸ਼ਾ ਕਿਸਾਨਾਂ ਦੇ ਹਿੱਤ ਵਿਚ ਫੈਸਲੇ ਲੈਂਦੀ ਹੈ ਅਤੇ ਅਸੀਂ ਉਨ੍ਹਾਂ ਦੀ ਭਲਾਈ ਲਈ ਵਚਨਬੱਧ ਹਾਂ। ਸੂਬੇ ਦੇ ਕਿਸਾਨ ਭਰਾ ਬੜੀ ਮਿਹਨਤ ਨਾਲ ਖੇਤੀ ਕਰਦੇ ਹਨ ਅਤੇ ਅਪਣੀ ਉਪਜ ਵੇਚ ਕੇ ਹਰਿਆਣਾ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਦੇ ਹਨ।
ਨੌਂ ਮਹੀਨਿਆਂ ਵਿਚ ਦੂਜੀ ਵਾਰ ਵਾਧਾ
ਹਰਿਆਣਾ ਸਰਕਾਰ ਨੇ ਨੌਂ ਮਹੀਨਿਆਂ ਵਿਚ ਦੂਜੀ ਵਾਰ ਗੰਨੇ ਦੀ ਕੀਮਤ ਵਿਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ 25 ਜਨਵਰੀ ਨੂੰ ਹਰਿਆਣਾ ਸਰਕਾਰ ਨੇ ਗੰਨੇ ਦੇ ਭਾਅ ਵਿਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਸੀ। ਜਨਵਰੀ ਵਿਚ ਭਾਅ ਵਧਣ ਕਾਰਨ ਸੂਬੇ ਵਿਚ ਗੰਨੇ ਦੀ ਕੀਮਤ 372 ਰੁਪਏ ਪ੍ਰਤੀ ਕੁਇੰਟਲ ਹੋ ਗਈ ਸੀ। ਇਸ ਤੋਂ ਪਹਿਲਾਂ ਸੂਬੇ ਵਿਚ 362 ਰੁਪਏ ਦੇ ਹਿਸਾਬ ਨਾਲ ਗੰਨਾ ਖਰੀਦਿਆ ਜਾ ਰਿਹਾ ਸੀ।
ਬੀ.ਕੇ.ਯੂ ਨੇ ਕੀਤੀ ਸ਼ਲਾਘਾ, ਕੀਮਤ ਵਧਾ ਕੇ 450 ਰੁਪਏ ਕਰਨ ਦੀ ਮੰਗ ਕੀਤੀ
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਤਨ ਮਾਨ ਨੇ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਪਰ ਮਹਿੰਗਾਈ ਨੂੰ ਦੇਖਦੇ ਹੋਏ ਇਹ ਕੀਮਤ 450 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਹੋਣੀ ਚਾਹੀਦੀ ਹੈ। ਗੰਨੇ ਦੀ ਖੇਤੀ 'ਤੇ ਜ਼ਿਆਦਾ ਪੈਸਾ ਖਰਚ ਹੁੰਦਾ ਹੈ।
(For more news apart from Haryana raises sugarcane price by Rs 14 to Rs 386 per quintal, stay tuned to Rozana Spokesman)