
ਬੈਰੀਕੇਡ ਲਗਾਉਣੇ ਸ਼ੁਰੂ, 5,000 ਤੋਂ ਜ਼ਿਆਦਾ ਸੁਰੱਖਿਆ ਮੁਲਾਜ਼ਮ ਤਾਇਨਾਤ
Farmers Protest ਨਵੀਂ ਦਿੱਲੀ: ਉੱਤਰ ਪ੍ਰਦੇਸ਼ ਅਤੇ ਹਰਿਆਣਾ ਨਾਲ ਲਗਦੀਆਂ ਦਿੱਲੀ ਦੀਆਂ ਸਰਹੱਦਾਂ ’ਤੇ ਪੁਲਿਸ ਬੈਰੀਕੇਡ ਲਗਾ ਰਹੀ ਹੈ ਅਤੇ 5,000 ਤੋਂ ਜ਼ਿਆਦਾ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ । ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸਵੇਅ ’ਤੇ ਧਰਨਾ ਦਿਤਾ। ਪੁਲਿਸ ਨੇ ਉਨ੍ਹਾਂ ਦਾ ਦਿੱਲੀ ਵਲ ਮਾਰਚ ਰੋਕ ਦਿਤਾ। ਵਿਰੋਧ ਪ੍ਰਦਰਸ਼ਨ ਦੇ ਨਤੀਜੇ ਵਜੋਂ ਮਹੱਤਵਪੂਰਨ ਸੜਕਾਂ ’ਤੇ ਭਾਰੀ ਟ੍ਰੈਫਿਕ ਜਾਮ ਹੋ ਗਿਆ।
ਮੁੱਖ ਤੌਰ ’ਤੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਨੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਗਾਰੰਟੀ ਦੇਣ ਵਾਲੇ ਕਾਨੂੰਨ ਦੀ ਮੰਗ ਨੂੰ ਲੈ ਕੇ 13 ਫ਼ਰਵਰੀ ਨੂੰ ਇਕ ਹੋਰ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿਤਾ ਹੈ। ਇਹ ਉਨ੍ਹਾਂ ਸ਼ਰਤਾਂ ’ਚੋਂ ਇਕ ਹੈ ਜੋ ਕਿਸਾਨਾਂ ਨੇ 2021 ’ਚ ਖੇਤੀ ਕਨੂੰਨਾਂ ਵਿਰੁਧ ਅਪਣਾ ਅੰਦੋਲਨ ਵਾਪਸ ਲੈਣ ਲਈ ਸਹਿਮਤ ਹੋਣ ਵੇਲੇ ਰੱਖੀਆਂ ਸਨ। ਬਾਅਦ ’ਚ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦਿਤਾ ਗਿਆ।
ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਤੋਂ ਇਲਾਵਾ, ਕਿਸਾਨ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਖੇਤੀ ਕਰਜ਼ਾ ਮੁਆਫੀ, ਪੁਲਿਸ ਕੇਸ ਵਾਪਸ ਲੈਣ ਅਤੇ ਲਖੀਮਪੁਰ ਖੇਰੀ ਹਿੰਸਾ ਪੀੜਤਾਂ ਲਈ ‘ਨਿਆਂ’ ਦੀ ਵੀ ਮੰਗ ਕਰ ਰਹੇ ਹਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ‘‘ਅਸੀਂ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਅਪਣੇ ਹਮਰੁਤਬਾ ਨਾਲ ਸੰਪਰਕ ’ਚ ਹਾਂ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿੰਨੇ ਕਿਸਾਨ ਸੰਗਠਨ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋਣਗੇ ਅਤੇ ਉਮੀਦ ਕੀਤੀ ਗਿਣਤੀ ਕਿੰਨੀ ਹੋਵੇਗੀ। ਉਚਿਤ ਸਮੀਖਿਆ ਤੋਂ ਬਾਅਦ, ਅਸੀਂ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਇਕ ਯੋਜਨਾ ਤਿਆਰ ਕਰਾਂਗੇ।’’
ਵੀਰਵਾਰ ਨੂੰ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਲਗਭਗ 100 ਪਿੰਡਾਂ ਦੇ ਹਜ਼ਾਰਾਂ ਕਿਸਾਨ ਸੜਕਾਂ ’ਤੇ ਉਤਰ ਆਏ, ਜਿਸ ਨਾਲ ਦਿੱਲੀ-ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ.) ਦੇ ਕਈ ਹਿੱਸਿਆਂ ’ਚ ਆਵਾਜਾਈ ਠੱਪ ਹੋ ਗਈ। ਕਿਸਾਨ ਆਗੂ ਰਾਕੇਸ਼ ਟਿਕੈਤ ਵੀਰਵਾਰ ਨੂੰ ਗ੍ਰੇਟਰ ਨੋਇਡਾ ’ਚ ਪ੍ਰਦਰਸ਼ਨਕਾਰੀਆਂ ’ਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਦੇ ਸੰਗਠਨ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਮੈਂਬਰ ਸਥਾਨਕ ਅਥਾਰਟੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ।
ਨੋਇਡਾ ਦੇ ਮਹਾਮਾਇਆ ਫਲਾਈਓਵਰ ਤੋਂ ਦੁਪਹਿਰ ਕਰੀਬ 12 ਵਜੇ ਮਾਰਚ ਸ਼ੁਰੂ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਕੌਮੀ ਰਾਜਧਾਨੀ ’ਚ ਦਾਖਲ ਹੋਣ ਤੋਂ ਰੋਕਣ ਲਈ ਇਕ ਪਾਸੇ ਨੋਇਡਾ ਪੁਲਿਸ ਅਤੇ ਦੂਜੇ ਪਾਸੇ ਦਿੱਲੀ ਪੁਲਿਸ ਨੇ ਚਿੱਲਾ ਬਾਰਡਰ ’ਤੇ ਬੈਰੀਕੇਡ ਲਗਾਏ ਸਨ। ਪੁਲਿਸ ਅਧਿਕਾਰੀ ਨੇ ਕਿਹਾ, ‘‘ਪੁਲਿਸ ਅਰਧ ਸੈਨਿਕ ਬਲਾਂ ਦੇ ਸੰਪਰਕ ’ਚ ਹੈ ਅਤੇ ਇਕ ਉਚਿਤ ਸੁਰੱਖਿਆ ਯੋਜਨਾ ਲਾਗੂ ਕੀਤੀ ਜਾਵੇਗੀ। ਅਸੀਂ ਪਹਿਲਾਂ ਹੀ ਸੁਰੱਖਿਆ ਵਧਾ ਦਿਤੀ ਹੈ ਅਤੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਲਗਦੀਆਂ ਵੱਖ-ਵੱਖ ਸਰਹੱਦਾਂ ’ਤੇ ਬੈਰੀਕੇਡ ਲਗਾ ਦਿਤੇ ਹਨ। ਪੁਲਿਸ ਮੁਲਾਜ਼ਮਾਂ ਨੂੰ ਦੰਗਾ ਰੋਕੂ ਸਾਜ਼ੋ-ਸਾਮਾਨ ਨਾਲ ਲੈਸ ਕੀਤਾ ਜਾਵੇਗਾ।’