Farming: ਅਲੋਪ ਹੋ ਗਿਆ ਹੈ ਖੇਤੀ ਦਾ ਸੰਦ ਤੰਗਲੀ
Published : May 10, 2024, 8:18 am IST
Updated : May 10, 2024, 8:18 am IST
SHARE ARTICLE
Image: For representation purpose only.
Image: For representation purpose only.

ਤੰਗਲੀ ਇਕ ਖੇਤੀ ਦਾ ਸੰਦ ਹੈ ਜੋ ਤੂੜੀ ਜਾਂ ਹੋਰ ਫੂਸ ਨੂੰ ਇਕੱਠਿਆਂ ਕਰਨ ਲਈ ਵਰਤਿਆ ਜਾਂਦਾ ਹੈ।

Farming: ਮਸ਼ੀਨਰੀ ਦੇ ਯੁੱਗ ਵਿਚ ਖੇਤੀ ਕਲਾ ਕਿਰਤ ਸਮੇਤ ਵਿਰਾਸਤੀ ਖੇਤੀ ਸੰਦ ਸਾਧਨ: ਹੱਲ- ਪੰਜਾਲੀ, ਫਾਲਾ, ਜੰਗੀ, ਅਰਲੀ, ਵਾਢੀ, ਬੇੜੀ, ਖੱਬਲ,ਖਲਵਾੜਾ, ਧੜ, ਸ਼ਾਖਾ, ਛੱਜ, ਛੱਜਲੀ ਕੁੱਪ, ਬੋਹੜ, ਸੁਹਾਗਾ, ਗੱਡਾ ਹੱਥ ਵਾਲਾ ਟੋਕਾ, ਵੇਲਨਾ, ਦਾਤਰੀ, ਟੋਕਰਾ, ਰੰਬੇ, ਕਹੀ, ਟਿੰਡਾਂ ਵਾਲੇ ਖੂਹ, ਬੇੜ, ਮੰਣਹੇ, ਗੋਪੀਆ, ਗਲੇਲਾਂ, ਛੱਪੜ,ਖਾਲ ਖਰਾਸ ਆਦਿ ਅਲੋਪ ਹੋ ਗਏ ਹਨ ਜਿਸ ਦੇ ਨਾਂ ਨਵੀਂ ਪੀੜ੍ਹੀ ਨੂੰ ਨਹੀਂ ਆਉਂਦੇ ਜੋ ਸਾਡੇ ਨਾਲ ਦੀ 60,70 ਸਾਲ ਦੀ ਪੀੜ੍ਹੀ ਦੇ ਜਾਣ ਤੋਂ ਬਾਅਦ ਅਲੋਪ ਹੋ ਜਾਣਗੇ। ਸਾਡੇ ਪੁਰਖੇ ਹੱਥੀਂ ਕਿਰਤ ਵਿਚ ਯਕੀਨ ਰਖਦੇ ਸੀ।

ਸਵੇਰੇ ਉਠ ਹੱਲ ਵਾਹੁਣੇ। ਫ਼ਸਲਾਂ ਨੂੰ ਪਾਣੀ ਦੇਣ ਲਈ ਪੋਹ ਮਾਘ ਦੀਆਂ ਰਾਤਾਂ ਵਿਚ ਖੂਹ ਵਾਹੁੰਦੇ, ਬਰਫ਼ੀਲੇ ਨਹਿਰੀ ਪਾਣੀ ਨਾਲ, ਨੱਕੇ ਮੋੜਨੇ, ਕਿਆਰੇ ਭਰਨੇ, ਸੱਪਾਂ ਦੀਆਂ ਸਿਰੀਆਂ ਮਿਧਣੀਆਂ, ਭਾਦਰੋਂ ਦੇ ਚਮਾਸਿਆਂ ਵਿਚ ਕੱਦੂ ਕਰਨਾ, ਸੜਦੇ ਪਾਣੀ ਵਿਚ ਝੋਨਾ ਲਾਉਣਾ, ਨਿੰਦਨ ਕਢਣਾ, ਗੋਡੀ ਕਰਨੀ, ਸਖ਼ਤ ਕੰਮ ਵਿਚ ਬਹੁਤ ਲਹੂ, ਮੁੜ੍ਹਕਾ ਵਹਾਉਂਦੇ ਸਨ।

ਬਚਪਨ ਵਿਚ ਅਸੀਂ ਅਪਣੇ ਭਾਪਾ ਜੀ ਨਾਲ ਹੱਲ ਵਾਉਣ ਤੋਂ ਲੈ ਕੇ ਪੈਲੀ ਬਣਾਉਣ, ਉਸ ਨੂੰ ਬੀਜਣ, ਵੱਢਣ, ਗਾਉਣ ਤੇ ਤੂੜੀ ਸਾਂਭਣ ਤਕ ਸਾਰਾ ਕੰਮ ਹੱਥੀਂ ਕੀਤਾ। ਪੱਠੇ ਵੱਢੇ, ਡੰਗਰ ਤਕ ਚਾਰੇ ਹਨ। ਵਾਢੀ ਕਰਨ ਤੋਂ ਬਾਅਦ ਅਸੀਂ ਬੱਚੇ ਲੋਕ ਜੋ ਅਪਣੇ ਭਾਪਾ ਜੀ ਦੇ ਨਾਲ ਝੋਨੇ ਦੀ ਪਰਾਲੀ ਨਾਲ ਬੇੜ ਵਟਦੇ ਹੁੰਦੇ ਸੀ, ਉਸ ਨਾਲ ਕਣਕ ਦੀਆਂ ਭਰੀਆਂ ਬੰਨ੍ਹ, ਉਸ ਨੂੰ ਚੁਕ ਖਿਲਵਾੜੇ ਵਿਚ ਸੁੱਟਦੇ ਸੀ। ਲੋਹਾਰਾ ਕੰਮ ਜ਼ੋਰਾਂ ’ਤੇ ਹੁੰਦਾ ਸੀ। ਭੱਠੀਆਂ ਦਿਨ ਰਾਤ ਤਪਦੀਆਂ ਸਨ। ਦਾਤਰੀਆਂ ਨਵੀਆਂ ਬਣਾਉਣੀਆਂ ਤੇ ਪੁਰਾਣੀਆਂ ਝੰਡਣੀਆਂ। ਸੁਆਣੀਆਂ ਤੜਕੇ ਉਠ, ਦੁੱਧ ਰਿੜਕ, ਚਾਹ ਬਣਾ, ਮੱਖਣ ਕੱਢ, ਲੱਸੀ ਦੀ ਚਾਟੀ ਤਿਆਰ ਕਰ, ਰੋਟੀ ਸਰ੍ਹੋਂ ਦੇ ਸਾਗ ਨਾਲ ਤਿਆਰ ਕਰ ਵਿਚ ਅਚਾਰ ਦੀਆਂ ਫਾੜੀਆਂ ਤੇ ਗੰਢਾ ਰੱਖ ਖੇਤਾਂ ਵਿਚ ਚਾਹ ਪੀ ਕੇ ਕਾਮੇ ਨਾਲ ਗੱਡਾ ਜੋਅ ਕੇ ਪੈਲੀ ਵਿਚ ਲਿਆਉਂਦੀਆਂ ਸਨ।

ਜ਼ਿਆਦਾਤਰ ਕਿਸਾਨ ਵਾਢੀ ਰਲ ਮਿਲ ਕਰਦੇ ਤੇ ਕਦੀ ਮੰਗ ਵੀ ਪਾ ਲੈਂਦੇ ਸੀ। ਖਿਲਵਾੜੇ ਤੋਂ ਭਰੀਆਂ ਲਿਆ ਕੇ ਗੋਲ ਪਿੜ ਵਿਚ ਵਿਛਾ ਦਿੰਦੇ ਸੀ। ਫਲਾ ਵਰਗਾਕਾਰ ਜਾਂ ਅੱਠ ਦਸ ਬਾਹੀ ਦੇ ਚੌਰਸ ਢਾਂਚੇ ਨੂੰ ਜ਼ਮੀਨ ਤੇ ਰੱਖ ਉਸ ਉਪਰ ਮਸ਼ੀਟੀ, ਕਿੱਕਰ, ਬੇਰੀ ਦੇ ਛਾਪੇ, ਛਾਪਿਆਂ ਤੇ ਪਰਾਲੀ ਵਿਛਾ, ਉਤੇ ਬੱਲੀਆਂ ਰੱਖ, ਰੱਸੀਆਂ ਨਾਲ ਬੰਨ੍ਹ ਦਿਤਾ ਜਾਂਦਾ ਸੀ। ਪਰਾਲੀ ਇਸ ਕਰ ਕੇ ਵੀ ਵਿਛਾਈ ਜਾਂਦੀ ਸੀ ਕਿ ਫਲੇ ਤੇ ਬਲਦਾਂ ਦੀ ਜੋਗ ਨੂੰ ਹਿਕਦੇ ਸਮੇਂ ਜਾਂ ਝੂਟੇ ਲੈਣ ਵਾਲੇ ਬੱਚਿਆਂ ਨੂੰ ਕੰਢੇ ਨਾ ਚੁੱਭਣ। ਫਿਰ ਵਿੰਗੀ ਲੱਕੜ ਦੀ ਢੋਅ ਜਾਂ ਗੇਜ ਨਾਲ ਫਲੇ ਅਤੇ ਬਲਦਾਂ ਦੀ ਪੰਜਾਲੀ ਨਾਲ ਬੰਨ੍ਹ ਦਿਤਾ ਜਾਂਦਾ ਸੀ। ਬਲਦ ਗੋਲ ਪਿੜ ਵਿਚ ਚੱਕਰ ਲਗਾਉਣੇ ਸ਼ੁਰੂ ਕਰ ਦਿੰਦੇ ਸੀ। ਸਾਨੂੰ ਫਲਿਆਂ ਤੇ ਚੜ੍ਹ ਹੂਟੇ ਲੈਂਦੇ ਸੀ। ਲੌਢੇ ਵੇਲੇ ਤਕ ਸੋਨੇ ਰੰਗੇ ਦਾਣਿਆਂ ਤੇ ਤੂੜੀ ਦੀ ਧੜ ਲੱਗ ਜਾਂਦੀ ਸੀ। ਫਿਰ ਉਡਾਵੇ ਛੱਜਲੀਆਂ, ਛੱਜ ਲੈ ਕੇ ਹਵਾ ਨੂੰ ਉਡੀਕਦੇ। ਹਵਾ ਆਉਣ ਤੇ ਉਡਾਵੇ ਧੜ ਉਡਾਉਂਦੇ। ਦਾਣੇ ਤੂੜੀ ਵੱਖ ਕਰ ਲਏ ਜਾਂਦੇ। ਦਾਣਿਆਂ ਦਾ ਬੋਹਲ ਬਣਾ ਲਿਆ ਜਾਂਦਾ ਸੀ।

ਮੈ ਇਥੇ ਗੱਲ ਤੰਗਲੀ ਦੀ ਕਰ ਰਿਹਾ ਹਾਂ। ਤੰਗਲੀ ਇਕ ਖੇਤੀ ਦਾ ਸੰਦ ਹੈ ਜੋ ਤੂੜੀ ਜਾਂ ਹੋਰ ਫੂਸ ਨੂੰ ਇਕੱਠਿਆਂ ਕਰਨ ਲਈ ਵਰਤਿਆ ਜਾਂਦਾ ਹੈ। ਇਹ ਸਾਂਗੇ ਵਰਗਾ ਹੁੰਦਾ ਹੈ। ਇਸ ਦਾ ਇਕ  ਲੰਮਾ ਦਸਤਾ ਹੁੰਦਾ ਹੈ ਜਿਸ ਦੇ ਹੇਠਲੇ ਸਿਰੇ ਤੇ ਉਂਗਲੀਆਂ ਵਰਗੇ ਲੰਮੇ ਲੱਕੜੀ ਦੇ ਸੁੱਤ ਲੱਗੇ ਹੁੰਦੇ ਹਨ। ਮਸ਼ੀਨਰੀ ਯੁੱਗ ਤੋਂ ਪਹਿਲਾ ਫ਼ਸਲ ਦੀ ਗਾਹੀ ਹੋਈ ਧੜ ਉਡਾ ਕੇ ਤੂੜੀ ਵਾਲੇ ਦਾਣੇ ਵੱਖ ਕਰਨ ਲਈ ਕਿਸਾਨ ਇਸ ਦੀ ਵਰਤੋਂ ਕਰਦੇ ਸਨ। ਲੱਕੜ ਦੇ ਪੰਜ ਕੁ ਫੁੱਟ ਲੰਬੇ ਹੱਥੇ ਦੇ ਇਕ ਸਿਰੇ ਵਿਚ ਲਾਈਆਂ ਲੋਹੇ ਦੀਆਂ ਪੱਤੀਆਂ ਦੀਆਂ ਬਣਾਈਆਂ ਕਈ ਸੱਤਾਂ ਵਾਲੇ, ਧੜਾਂ ਵਿਚੋਂ ਉਡਾਈ ਕਰ ਕੇ ਦਾਣੇ ਕੱਢਣ ਵਾਲੇ ਖੇਤੀ ਸੰਦ ਨੂੰ ਤੰਗਲੀ ਕਹਿੰਦੇ ਹਨ। ਤੰਗਲੀ ਦੀ ਵਰਤੋਂ ਫਲਿਆਂ ਨਾਲ ਗਾਹੀ ਜਾਂਦੀ ਪੈਲੀ ਨੂੰ ਫੋਲਣ ਵਾਸਤੇ ਗਾਹੀ ਪੈਲੀ ਦੀ ਧੜ ਲਾਉਣ ਵਾਸਤੇ ਧੜ ਦੀ ਉਡਾਈ ਕਰ ਕੇ ਦਾਣੇ ਕੱਢਣ ਵਾਸਤੇ, ਤੂੜੀ ਇਕੱਠੀ ਕਰਨ ਵਾਸਤੇ, ਤੂੜੀ ਪੰਡਾਂ ਵਿਚ ਪਾਉਣ ਵਾਸਤੇ, ਤੂੜੀ ਨੂੰ ਟੋਕਰਿਆਂ ਵਿਚ ਪਾ ਕੇ ਪਸ਼ੂਆਂ ਦੀਆਂ ਖੁਰਲੀਆਂ ਵਿਚ ਪਾਉਣ ਵਾਸਤੇ ਆਦਿ ਸਮੇਂ ਕੀਤੀ ਜਾਂਦੀ ਸੀ। ਹੁਣ ਮਸ਼ੀਨਰੀ ਦੇ ਯੁੱਗ ਵਿਚ ਇਹ ਚੀਜ਼ਾਂ ਅਲੋਪ ਹੋ ਗਈਆਂ ਹਨ। ਹਰੀ ਕ੍ਰਾਂਤੀ ਆਉਣ ਨਾਲ ਫਲ੍ਹਿਆਂ ਦੀ ਤੇ ਤੰਗਲੀ ਦੀ ਸਰਦਾਰੀ ਖ਼ਤਮ ਹੋ ਗਈ ਹੈ।
-ਗੁਰਮੀਤ ਸਿੰਘ ਐਮਏ ਪੁਲਿਸ ਐਡਮਨਿਸਟਰੇਸ਼ਨ
ਸੇਵਾ ਮੁਕਤ ਇੰਸਪੈਕਟਰ ਪੁਲਿਸ। 9878600221

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement