
ਕਿਹਾ, ਕਿਸਾਨੀ ਧਰਨੇ ਦੇ ਵਿਰੁਧ ਨਹੀਂ ਹਾਂ ਪਰ ਮਰਨ ਵਰਤ ਦੇ ਹੱਕ ਵਿਚ ਵੀ ਨਹੀਂ ਹਾਂ
ਕੁਝ ਲੋਕਾਂ ਦਾ ਮੰਨਣਾ ਹੈ ਕਿ ਧਰਨਾ ਪ੍ਰਦਰਸ਼ਨ ਕਰ ਕੇ ਦੋ-ਚਾਰ ਬੰਦੇ ਮਰਵਾ ਦੇਈਏ ਤਾਂ ਲੋਕਾਂ ਦੀ ਹਮਦਰਦੀ ਮਿਲਦੀ ਹੈ ਤੇ ਜਥੇਬੰਦੀ ਵੱਡੀ ਹੁੰਦੀ ਹੈ : ਡੱਲੇਵਾਲ
ਕਿਹਾ, ਜਿਨ੍ਹਾਂ ਨੇ ਸਾਨੂੰ ਅਪਣਾ ਨੁਮਾਇੰਦਾ ਚੁਣਿਆ ਹੈ ਅਸੀਂ ਉਨ੍ਹਾਂ ਦੇ ਹੱਕਾਂ ਵਾਸਤੇ ਮਰਨ ਲਈ ਵੀ ਤਿਆਰ ਹਾਂ
ਮੋਹਾਲੀ : ਬੀਤੇ ਕੁਝ ਦਿਨਾਂ ਤੋਂ ਪਟਿਆਲਾ ਵਿਖੇ ਕਿਸਾਨਾਂ ਵਲੋਂ ਧਰਨਾ ਲਗਾਇਆ ਗਿਆ ਹੈ ਜਿਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ 'ਤੇ ਬੈਠੇ ਹਨ। ਇਸ ਬਾਰੇ ਹੁਣ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਮਰਨ ਵਰਤ ਦੇ ਹੱਕ ਵਿਚ ਨਹੀਂ ਹਨ।
ਰੁਲਦੂ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਮੋਰਚਾ ਭਾਵੇਂ ਕੋਈ ਵੀ ਹੋਈ ਉਹ ਉਸ ਦੇ ਨਾਲ ਹਨ ਪਰ ਅਸੀਂ ਮਰਨ ਵਰਤ ਦੇ ਹੱਕ ਵਿਚ ਨਹੀਂ ਹਾਂ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਆਗੂ ਦਾ ਅਪਣਾ ਤਰੀਕਾ ਹੁੰਦਾ ਹੈ, ਅਸੀਂ ਹਰ ਮੋਰਚੇ ਨਾਲ ਖੜੇ ਹਾਂ ਪਰ ਜਗਜੀਤ ਸਿੰਘ ਡੱਲੇਵਾਲ ਵਲੋਂ ਮਰਨ ਵਰਤ 'ਤੇ ਬੈਠਣਾ ਮੇਰੇ ਅਨੁਸਾਰ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਅਰਬ ਤੀਹ ਕਰੋੜ ਦੀ ਅਬਾਦੀ ਨੂੰ ਅਸੀਂ ਦੋ ਸੂਬੇ ਅੰਨ ਪੈਦਾ ਕਰ ਕੇ ਦੇ ਰਹੇ ਹਾਂ ਅਤੇ ਦੇਸ਼ ਵਾਸੀਆਂ ਦਾ ਢਿੱਡ ਭਰ ਰਹੇ ਹਾਂ ਫਿਰ ਅਸੀਂ ਭੁੱਖ ਹੜਤਾਲ 'ਤੇ ਕਿਉਂ ਬੈਠਾਂਗੇ। ਉਨ੍ਹਾਂ ਕਿਹਾ ਕਿ ਹੱਕੀ ਮੰਗਾਂ ਲਈ ਧਰਨੇ 'ਤੇ ਬੈਠਣਾ ਜਾਇਜ਼ ਹੈ ਪਰ ਇਸ ਤਰ੍ਹਾਂ ਕੋਈ ਵੀ ਮਰਨ ਵਰਤ 'ਤੇ ਬੈਠੇ, ਮੈਂ ਇਸ ਦੇ ਹੱਕ ਵਿਚ ਨਹੀਂ ਹਾਂ।
ਇਹ ਵੀ ਪੜ੍ਹੋ: ਵਿਦੇਸ਼ਾਂ ਵਿਚ ਔਰਤਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਜਲਦ ਲਾਗੂ ਹੋਵੇਗੀ ਨੀਤੀ: ਡਾ. ਬਲਜੀਤ ਕੌਰ
ਉਧਰ ਰੁਲਦੂ ਸਿੰਘ ਮਾਨਸਾ ਦੇ ਇਸ ਬਿਆਨ 'ਤੇ ਜਗਜੀਤ ਸਿੰਘ ਡੱਲੇਵਾਲ ਨੇ ਵੀ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਾਰੇ ਹਰ ਕਿਸੇ ਦੀ ਆਪਣੀ ਵਿਚਾਰਧਾਰਾ ਹੈ। ਡੱਲੇਵਾਲ ਨੇ ਕਿਹਾ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਧਰਨਾ ਪ੍ਰਦਰਸ਼ਨ ਕਰ ਕੇ ਦੋ-ਚਾਰ ਬੰਦੇ ਮਰਵਾ ਦੇਈਏ ਤਾਂ ਲੋਕਾਂ ਦੀ ਹਮਦਰਦੀ ਮਿਲਦੀ ਹੈ ਤੇ ਜਥੇਬੰਦੀ ਵੱਡੀ ਹੁੰਦੀ ਹੈ। ਸਾਡੀ ਸੋਚਣੀ ਵੱਖ ਹੈ। ਅਸੀਂ ਬੰਦੇ ਨਹੀਂ ਮਰਵਾਉਣੇ ਸਗੋਂ ਜਿਨ੍ਹਾਂ ਲੋਕਾਂ ਨੇ ਸਾਨੂੰ ਅਪਣਾ ਨੁਮਾਇੰਦਾ ਚੁਣਿਆ ਹੈ ਅਸੀਂ ਉਨ੍ਹਾਂ ਦੇ ਹੱਕਾਂ ਵਾਸਤੇ ਮਰਨ ਲਈ ਵੀ ਤਿਆਰ ਹਾਂ।
ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਵੱਡਾ ਇਕੱਠ ਕਰ ਕੇ ਇਥੇ ਧਰਨੇ 'ਤੇ ਬੈਠੇ ਹਾਂ। ਅਸੀਂ ਬੈਰੀਕੇਡ ਵੀ ਤੋੜ ਸਕਦੇ ਹਾਂ ਪਰ ਅਸੀਂ ਅਜਿਹਾ ਨਹੀਂ ਕਰ ਰਹੇ ਕਿਉਂਕਿ ਇਹ ਸਾਡੀ ਵਿਚਾਰਧਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਲੜਾਈ ਲੜ ਕੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣੇ ਹੀ ਸਾਡੀ ਵਿਚਾਰਧਾਰਾ ਹੈ ਅਤੇ ਅਸੀਂ ਇਸੇ ਸਮਝ ਮੁਤਾਬਕ ਆਪਣੀ ਲੜਾਈ ਲੜ ਰਹੇ ਹਾਂ।
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਪਹਿਲਾਂ ਹੀ ਮੰਨੀਆਂ ਜਾ ਚੁਕੀਆਂ ਹਨ ਪਰ ਅਜੇ ਤਕ ਲਾਗੂ ਨਹੀਂ ਕੀਤਾ ਗਿਆ ਹੈ। ਕਿਸਾਨ ਆਗੂ ਡੱਲੇਵਾਲ ਦਾ ਕਹਿਣਾ ਹੈ ਕਿ ਉਹ ਇਹ ਸਾਰੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਇਸੇ ਤਰ੍ਹਾਂ ਹੀ ਮਰਨ ਵਰਤ ਜਾਰੀ ਰੱਖਣਗੇ।