ਮੋਦੀ ਨੇ ਦਿੱਲੀ ਦੇ ਪੂਸਾ ਕੈਂਪਸ ’ਚ ਤਿੰਨ ਪ੍ਰਯੋਗਾਤਮਕ ਖੇਤੀਬਾੜੀ ਪਲਾਟਾਂ ’ਤੇ ਬੀਜ ਪੇਸ਼ ਕੀਤੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਖੇਤੀਬਾੜੀ ਅਤੇ ਬਾਗਬਾਨੀ ਫਸਲਾਂ ਦੇ ਉੱਚ ਝਾੜ ਦੇਣ ਵਾਲੇ, ਜਲਵਾਯੂ ਅਨੁਕੂਲ ਅਤੇ ਜੈਵ ਮਜ਼ਬੂਤੀਕ੍ਰਿਤ ਬੀਜਾਂ ਦੀਆਂ 109 ਕਿਸਮਾਂ ਜਾਰੀ ਕੀਤੀਆਂ। ਇਸ ਪਹਿਲ ਦਾ ਉਦੇਸ਼ ਖੇਤੀਬਾੜੀ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣਾ ਹੈ। ਇਹ ਕਿਸਮਾਂ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈ.ਸੀ.ਏ.ਆਰ.) ਵਲੋਂ ਵਿਕਸਤ ਕੀਤੀਆਂ ਗਈਆਂ ਹਨ ਅਤੇ ਕੁਲ 61 ਫਸਲਾਂ ਨਾਲ ਸਬੰਧਤ ਹਨ। ਇਨ੍ਹਾਂ ’ਚੋਂ 34 ਖੇਤਾਂ ’ਚ ਅਤੇ 27 ਬਾਗਬਾਨੀ ਫਸਲਾਂ ਹਨ।
ਮੋਦੀ ਨੇ ਦਿੱਲੀ ਦੇ ਪੂਸਾ ਕੈਂਪਸ ’ਚ ਤਿੰਨ ਪ੍ਰਯੋਗਾਤਮਕ ਖੇਤੀਬਾੜੀ ਪਲਾਟਾਂ ’ਤੇ ਬੀਜ ਪੇਸ਼ ਕੀਤੇ। ਪ੍ਰਧਾਨ ਮੰਤਰੀ ਨੇ ਇਸ ਮੌਕੇ ’ਤੇ ਕਿਸਾਨਾਂ ਅਤੇ ਵਿਗਿਆਨੀਆਂ ਨਾਲ ਵੀ ਗੱਲਬਾਤ ਕੀਤੀ। ਇਕ ਅਧਿਕਾਰਤ ਬਿਆਨ ਮੁਤਾਬਕ ਮੋਦੀ ਨੇ ਕਿਸਾਨਾਂ ਨਾਲ ਇਨ੍ਹਾਂ ਨਵੀਆਂ ਕਿਸਮਾਂ ਦੀ ਮਹੱਤਤਾ ’ਤੇ ਚਰਚਾ ਕਰਦੇ ਹੋਏ ਖੇਤੀਬਾੜੀ ’ਚ ਮੁੱਲ ਵਾਧੇ ਦੀ ਮਹੱਤਤਾ ’ਤੇ ਜ਼ੋਰ ਦਿਤਾ।
ਇਸ ਮੌਕੇ ਹਾਜ਼ਰ ਕਿਸਾਨਾਂ ਨੇ ਕਿਹਾ ਕਿ 61 ਫਸਲਾਂ ਦੀਆਂ ਇਹ ਨਵੀਆਂ ਕਿਸਮਾਂ ਘੱਟ ਲਾਗਤ ਕਾਰਨ ਉਨ੍ਹਾਂ ਲਈ ਬਹੁਤ ਲਾਭਦਾਇਕ ਹੋਣਗੀਆਂ।
ਪ੍ਰਧਾਨ ਮੰਤਰੀ ਨੇ ਬਾਜਰੇ ਦੀ ਮਹੱਤਤਾ ਬਾਰੇ ਚਰਚਾ ਕੀਤੀ ਅਤੇ ਦਸਿਆ ਕਿ ਕਿਵੇਂ ਲੋਕ ਪੌਸ਼ਟਿਕ ਭੋਜਨ ਵਲ ਮੁੜ ਰਹੇ ਹਨ। ਉਨ੍ਹਾਂ ਕੁਦਰਤੀ ਖੇਤੀ ਦੇ ਫਾਇਦਿਆਂ ਅਤੇ ਜੈਵਿਕ ਖੇਤੀ ਪ੍ਰਤੀ ਆਮ ਲੋਕਾਂ ਦੀ ਵੱਧ ਰਹੀ ਦਿਲਚਸਪੀ ਬਾਰੇ ਵੀ ਗੱਲ ਕੀਤੀ।
ਮੋਦੀ ਨੇ ਕਿਹਾ ਕਿ ਲੋਕਾਂ ਨੇ ਜੈਵਿਕ ਭੋਜਨਾਂ ਦਾ ਸੇਵਨ ਕਰਨਾ ਅਤੇ ਮੰਗ ਕਰਨੀ ਸ਼ੁਰੂ ਕਰ ਦਿਤੀ ਹੈ। ਕਿਸਾਨਾਂ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਦੇ ਯਤਨਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇ.ਵੀ.ਕੇ.) ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਮੋਦੀ ਨੇ ਸੁਝਾਅ ਦਿਤਾ ਕਿ ਕੇ.ਵੀ.ਕੇ. ਨੂੰ ਹਰ ਮਹੀਨੇ ਵਿਕਸਤ ਕੀਤੀਆਂ ਜਾ ਰਹੀਆਂ ਨਵੀਆਂ ਕਿਸਮਾਂ ਦੇ ਲਾਭਾਂ ਬਾਰੇ ਕਿਸਾਨਾਂ ਨੂੰ ਸਰਗਰਮੀ ਨਾਲ ਸੂਚਿਤ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਫਸਲਾਂ ਦੀਆਂ ਇਨ੍ਹਾਂ ਨਵੀਆਂ ਕਿਸਮਾਂ ਨੂੰ ਵਿਕਸਤ ਕਰਨ ਲਈ ਵਿਗਿਆਨੀਆਂ ਦੀ ਵੀ ਸ਼ਲਾਘਾ ਕੀਤੀ।
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬਾਅਦ ’ਚ ਪੱਤਰਕਾਰਾਂ ਨੂੰ ਦਸਿਆ ਕਿ ਅੱਜ ਕਿਸਾਨਾਂ ਲਈ ਇਤਿਹਾਸਕ ਦਿਨ ਹੈ ਕਿਉਂਕਿ 61 ਫਸਲਾਂ ਦੀਆਂ 109 ਕਿਸਮਾਂ ਦੇ ਬੀਜ ਜਾਰੀ ਕੀਤੇ ਗਏ ਹਨ। ਇਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ, ਉਤਪਾਦਨ ਵਧਾਉਣ ਅਤੇ ਲਾਗਤ ਘਟਾਉਣ ’ਚ ਮਦਦ ਮਿਲੇਗੀ।
ਚੌਹਾਨ ਨੇ ਕਿਹਾ ਕਿ ਇਨ੍ਹਾਂ ਫਸਲਾਂ ਦੇ ਬੀਜ ਜਲਵਾਯੂ ਅਨੁਕੂਲ ਹੁੰਦੇ ਹਨ ਅਤੇ ਖਰਾਬ ਮੌਸਮ ’ਚ ਵੀ ਚੰਗੀ ਫਸਲ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਕਿਸਮਾਂ ਪੋਸ਼ਣ ਨਾਲ ਭਰਪੂਰ ਹਨ। ਵਿਗਿਆਨੀਆਂ ਨੇ ਕਿਹਾ ਕਿ ਉਹ ਪੁਰਾਣੀਆਂ ਫਸਲਾਂ ਨੂੰ ਮੁੱਖ ਧਾਰਾ ’ਚ ਲਿਆਉਣ ਲਈ ਪ੍ਰਧਾਨ ਮੰਤਰੀ ਦੇ ਸੁਝਾਅ ਦੀ ਪਾਲਣਾ ਕਰ ਰਹੇ ਹਨ।
ਕਾਸ਼ਤ ਕੀਤੀਆਂ ਜਾਣ ਵਾਲੀਆਂ ਫਸਲਾਂ ’ਚ ਅਨਾਜ, ਬਾਜਰਾ, ਚਾਰਾ, ਤੇਲ ਬੀਜ, ਦਾਲਾਂ, ਗੰਨਾ, ਕਪਾਹ ਅਤੇ ਰੇਸ਼ੇ ਵਾਲੀਆਂ ਫਸਲਾਂ ਸ਼ਾਮਲ ਹਨ। ਬਾਗਬਾਨੀ ਫਸਲਾਂ ’ਚ ਫਲਾਂ, ਸਬਜ਼ੀਆਂ, ਮਸਾਲੇ, ਫੁੱਲਾਂ ਅਤੇ ਦਵਾਈਆਂ ਵਾਲੇ ਪੌਦਿਆਂ ਦੀਆਂ ਨਵੀਆਂ ਕਿਸਮਾਂ ਸ਼ਾਮਲ ਹਨ। 2014 ਤੋਂ, ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਦੀ ਆਮਦਨ ਵਧਾਉਣ ਲਈ ਟਿਕਾਊ ਖੇਤੀ ਅਭਿਆਸਾਂ ਅਤੇ ਜਲਵਾਯੂ ਲਚਕਦਾਰ ਅਭਿਆਸਾਂ ਦੀ ਵਕਾਲਤ ਕਰ ਰਹੇ ਹਨ।
ਉਨ੍ਹਾਂ ਨੇ ਲਗਾਤਾਰ ‘ਬਾਇਓ-ਫੋਰਟੀਫਾਈਡ’ ਕਿਸਮਾਂ ਨੂੰ ਉਤਸ਼ਾਹਤ ਕਰਨ ’ਤੇ ਜ਼ੋਰ ਦਿਤਾ ਹੈ ਅਤੇ ਉਨ੍ਹਾਂ ਨੂੰ ਕੁਪੋਸ਼ਣ ਨਾਲ ਨਜਿੱਠਣ ਲਈ ਮਿਡ-ਡੇਅ ਮੀਲ ਸਕੀਮ ਅਤੇ ਆਂਗਣਵਾੜੀ ਸੇਵਾਵਾਂ ਵਰਗੀਆਂ ਸਰਕਾਰੀ ਪਹਿਲਕਦਮੀਆਂ ਨਾਲ ਜੋੜਿਆ ਹੈ।