Farming News: ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਆਲੂਆਂ ਦੀ ਕਾਸ਼ਤ ਲਈ ਖੇਤ ਨੂੰ ਕਰ ਰਹੇ ਨੇ ਤਿਆਰ
The farmer brother of village Jandali Khurd became a source of inspiration by disposing of stubble in the fields: : ਵਧਦੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਕਿਸਾਨਾਂ ਵਲੋਂ ਵੀ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਮਾਲੇਰਕੋਟਲਾ ਜ਼ਿਲ੍ਹੇ ਦੀ ਸਬ ਡਵੀਜ਼ਨ ਅਹਿਮਦਗੜ੍ਹ ਦੇ ਪਿੰਡ ਜੰਡਾਲੀ ਖੁਰਦ (ਮਲਕਪੁਰ) ਵਿਖੇ ਰਹਿਣ ਵਾਲੇ ਭਰਾ ਰਘਬੀਰ ਸਿੰਘ ਅਤੇ ਜਸਵੀਰ ਸਿੰਘ ਪਰਾਲੀ ਦਾ ਨਿਪਟਾਰਾ ਖੇਤਾਂ ’ਚ ਹੀ ਕਰ ਕੇ ਬਿਨਾਂ ਅੱਗ ਲਗਾਏ ਆਲੂਆਂ ਦੀ ਕਾਸ਼ਤ ਲਈ ਖੇਤ ਤਿਆਰ ਕਰ ਕੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਰਹੇ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਭਰਾਵਾਂ ਨੇ ਪਿਛਲੇ ਸਾਲ ਕਰੀਬ 20 ਏਕੜ ਜ਼ਮੀਨ ਵਿਚ ਪਰਾਲੀ ਦੀਆਂ ਗੱਠਾਂ ਬਣਾ ਕੇ ਪਰਾਲੀ ਦਾ ਯੋਗ ਪ੍ਰਬੰਧ ਕਰ ਕੇ ਅਗਲੀ ਫ਼ਸਲ ਲਈ ਖੇਤ ਨੂੰ ਤਿਆਰ ਕੀਤਾ ਸੀ। ਵਾਤਾਵਰਣ ਨੂੰ ਦੂਸ਼ਿਤ ਨਾ ਕਰ ਕੇ ਸਕੂਨ ਮਹਿਸੂਸ ਕੀਤਾ ਸੀ। ਅਗਾਂਹਵਧੂ ਕਿਸਾਨ ਭਰਾਵਾਂ ਵਲੋਂ ਕੀਤੇ ਜਾ ਰਹੇ ਵਾਤਾਵਰਣ ਪੱਖੀ ਕੰਮ ਦੀ ਸ਼ਲਾਘਾ ਕਰਨ ਲਈ ਜ਼ਿਲ੍ਹੇ ਦੇ ਐਸ.ਡੀ.ਐਮ. ਹਰਬੰਸ ਸਿੰਘ ਵਿਸ਼ੇਸ਼ ਤੌਰ ’ਤੇ ਕਿਸਾਨ ਦੇ ਖੇਤਾਂ ਵਿਚ ਪਹੁੰਚੇ ਅਤੇ ਕਿਸਾਨ ਵਲੋਂ ਕੀਤੇ ਜਾ ਰਹੇ ਕੰਮ ਲਈ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਹਾਜ਼ਰ ਹੋਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।
ਅਪਣੇ ਤਜਰਬੇ ਸਾਂਝੇ ਕਰਦਿਆਂ ਕਿਸਾਨ ਰਘਬੀਰ ਸਿੰਘ ਨੇ ਦਸਿਆ ਕਿ ਪਿਛਲੇ ਸਾਲ ਤੋਂ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤਾਂ ’ਚ ਹੀ ਮਿਲਾ ਕੇ ਖੇਤੀ ਕਰਦੇ ਆ ਰਹੇ ਹਨ। ਉਨ੍ਹਾਂ ਦਸਿਆ ਕਿ ਕੰਬਾਈਨ ਨਾਲ ਕਟਾਈ ਕਰਨ ਉਪਰੰਤ ਮਲਚਰ, ਰੋਟਾਵੇਟਰ, ਪਲਾਓ ਆਦਿ ਦੀ ਵਰਤੋਂ ਕਰ ਕੇ ਆਲੂ ਦੀ ਕਾਸ਼ਤ ਲਈ ਖੇਤ ਨੂੰ ਤਿਆਰ ਕਰ ਕੇ ਆਲੂ ਦੀ ਬਿਜਾਈ ਕਰਨਗੇ। ਅਪਣੇ ਖੇਤੀ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਦਸਿਆ ਕਿ ਪਰਾਲੀ ਨੂੰ ਖੇਤ ’ਚ ਹੀ ਮਿਲਾਉਣ ਸਦਕਾ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਤੇ ਉਪਜਾਊ ਸ਼ਕਤੀ ਵਧਣ ਦੇ ਨਾਲ ਨਾਲ ਖਾਦਾਂ ਦੀ ਵਰਤੋਂ ਵੀ ਪਹਿਲਾਂ ਨਾਲੋਂ ਘਟੀ ਹੈ। ਉਨ੍ਹਾਂ ਦਸਿਆ ਕਿ ਫ਼ਸਲਾਂ ਦਾ ਝਾੜ ਵਧਣ ਸਮੇਤ ਫ਼ਸਲ ਦੀ ਕੁਆਲਿਟੀ ਤੇ ਰੰਗਤ ਵਿਚ ਵੀ ਫਰਕ ਪਿਆ ਹੈ ਤੇ ਜ਼ਮੀਨ ਵਿਚ ਪੋਲਾਪਣ ਆਉਣ ਨਾਲ ਜ਼ਮੀਨ ਦਾ ਪਾਣੀ ਜਜ਼ਬ ਕਰਨ ਦੀ ਸਮਰੱਥਾ ਵਿਚ ਵਾਧਾ ਹੋਇਆ ਹੈ ਤੇ ਹੁਣ ਖੇਤਾਂ ’ਚ ਨਦੀਨ ਵੀ ਨਹੀਂ ਪੈਦਾ ਹੁੰਦੇ।
ਅਗਾਂਹਵਧੂ ਕਿਸਾਨ ਰਘਬੀਰ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਖੇਤੀ ਲਈ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰ ਕੇ ਸਾਨੂੰ ਸਾਰਿਆ ਨੂੰ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਹੰਭਲਾ ਮਾਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਮਸ਼ੀਨਰੀ ਨਾਲ ਜਿਥੇ ਪੈਸੇ ਅਤੇ ਸਮੇਂ ਦੀ ਬੱਚਤ ਹੋਵੇਗੀ ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵੀ ਵਾਧਾ ਹੋਵੇਗਾ।
ਫੋਟੋ-11 SN7-04 1