ਆਲੂਆਂ ਦੀ ਪੁਟਾਈ ਕਰਨ ਸਮੇਂ ਜਾਣਕਾਰੀ ਦਿੰਦੇ ਹੋਏ ਕਿਸਾਨ
Farming News: ਪਟਿਆਲਾ (ਰਾਜਿੰਦਰ ਥਿੰਦ) : ਆਲੂਆਂ ਦੇ ਅਸਮਾਨੀ ਚੜ੍ਹੇ ਭਾਅ ਕਾਰਨ ਕਿਸਾਨ ਬਾਗੋ-ਬਾਗ ਨਜ਼ਰ ਆ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਆਲੂਆਂ ਦਾ ਭਾਅ ਤਿੰਨ ਗੁਣਾ ਵਧਿਆ ਹੋਇਆ ਹੈ, ਜਿਸ ਕਾਰਨ ਪਿਛਲੇ ਵਾਰ ਮੰਦੇ ਦੇ ਦੌਰ ’ਚੋਂ ਗੁਜਰੇ ਕਿਸਾਨਾਂ ਨੂੰ ਇਸ ਸਾਲ ਆਲੂਆਂ ਦਾ ਚੰਗਾ ਭਾਅ ਮਿਲਣ ਨਾਲ ਕੁੱਝ ਰਾਹਤ ਜ਼ਰੂਰ ਮਿਲੀ ਹੈ। ਇਸ ਸਬੰਧੀ ਸੁਰਿੰਦਰ ਸਿੰਘ, ਜਸਵਿੰਦਰ ਸਿੰਘ ਮੰਗੀ ਅਤੇ ਸਮਸ਼ੇਰ ਸਿੰਘ ਸ਼ੇਰੀ ਆਦਿ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਆਲੂਆਂ ਦਾ ਬਹੁਤ ਬੁਰਾ ਹਾਲ ਰਿਹਾ ਹੈ, ਪਰ ਇਸ ਵਾਰ ਆਲੂਆਂ ਦਾ ਚੰਗਾ ਭਾਅ ਮਿਲਣ ਨਾਲ ਉਨ੍ਹਾਂ ਨੂੰ ਰਾਹਤ ਜ਼ਰੂਰ ਮਿਲੀ ਹੈ।
1200 ਤੋਂ ਲੈ ਕੇ 1400 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਿਹਾ ਆਲੂ
ਉਨ੍ਹਾਂ ਦਸਿਆ ਕਿ ਉਹ ਜ਼ਿਆਦਾਤਰ ਦੋ ਕਿਸਮ ਦੇ ਆਲੂ ਦੀ ਪੈਦਾਵਾਰ ਕਰ ਰਹੇ ਹਨ ਇਕ ਸਪੈਸ਼ਲ-3 ਅਤੇ ਦੂਸਰਾ ਡਾਇਮੰਡ ਕਿਸਮ ਦਾ ਆਲੂ ਹੈ ਉਨ੍ਹਾਂ ਕਿਹਾ ਕਿ ਸਪੈਸ਼ਲ-3 ਕਿਸਮ ਦੇ ਆਲੂ ਦੀ ਪੈਦਾਵਾਰ ਤਾਂ ਇਸ ਇਲਾਕੇ ਵਿਚ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਹੈ ਪਰ ਡਾਇਮੰਡ ਕਿਸਮ ਦੇ ਆਲੂ ਦੀ ਪੈਦਾਵਾਰ ਇਸੇ ਸਾਲ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਜੋ ਡਾਇਮੰਡ ਕਿਸਮ ਦਾ ਆਲੂ ਹੈ ਉਹ ਖਾਣ ਵਿਚ ਸਵਾਦ ਹੈ, ਜਿਸ ਕਾਰਨ ਇਸ ਦੀ ਡਿਮਾਂਡ ਵੀ ਜ਼ਿਆਦਾ ਹੈ, ਕਿਉਂਕਿ ਇਸ ਦੀ ਰੈਸਟੋਰੈਂਟਾਂ ਆਦਿ ’ਚ ਇਸ ਦੀ ਡਿਮਾਂਡ ਜ਼ਿਆਦਾ ਹੋਣ ਕਾਰਨ ਇਸ ਦੇ ਸਪੈਸ਼ਲ-3 ਨਾਲੋਂ ਭਾਅ ਵੀ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਡਾਇਮੰਡ ਕਿਸਮ ਦੇ ਆਲੂ ਦਾ ਜੋ ਝਾੜ ਹੈ ਉਹ ਸਪੈਸ਼ਲ-3 ਨਾਲੋਂ ਕਾਫ਼ੀ ਘੱਟ ਹੈ। ਉਨ੍ਹਾਂ ਕਿਹਾ ਕਿ ਸਪੈਸ਼ਲ ਥਰੀ ਇਕ ਏਕੜ ਵਿਚੋਂ 300 ਤੋਂ 400 ਥੈਲਾ (ਪ੍ਰਤੀ 50 ਕਿਲੋ) ਹੋ ਜਾਂਦਾ ਹੈ ਜਦੋਂ ਕੋਈ ਡਾਇਮੰਡ 200 ਤੋਂ 300 ਥੈਲੇ ਦੇ ਵਿਚਕਾਰ ਹੀ ਇਸ ਦਾ ਝਾੜ ਨਿਕਲਦਾ ਹੈ।
ਕਿਸਾਨਾਂ ਨੇ ਦਸਿਆ ਕਿ ਇਸ ਵਾਰ 1200 ਤੋਂ 1300 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੁਣ ਆਲੂ ਵਿਕ ਰਿਹਾ ਹੈ ਅਤੇ ਇਸ ਦਾ ਅੱਗੇ ਹੋਰ ਵੀ ਰੇਟ ਵਧਣ ਦੀ ਸੰਭਾਵਨਾ ਹੈ। ਇਸ ਮੌਕੇ ਰਾਮ ਸਿੰਘ ਸੰਧੇ, ਮਨਿੰਦਰ ਸਿੰਘ ਮੋਨੂ, ਰਮਨਦੀਪ ਸਿੰਘ ਰਾਮਣੀ ਅਤੇ ਗੁਰਪ੍ਰੀਤ ਸਿੰਘ ਗੁਰੀ ਆਦਿ ਕਿਸਾਨ ਹਾਜ਼ਰ ਸਨ। ਇਸ ਸਬੰਧੀ ਆਲੂਆਂ ਦੀ ਖਰੀਦ ਕਰ ਰਹੇ ਵਪਾਰੀ ਗੋਲਡੀ ਸੁਨਾਮ ਨੇ ਕਿਹਾ ਕਿ ਇਸ ਵਾਰ ਬੰਗਾਲ ’ਚ ਆਲੂਆਂ ਦੀ ਖੇਤੀ ਘੱਟ ਹੋਈ ਹੈ
ਜਿਸ ਕਾਰਨ ਆਲੂਆਂ ਦੇ ਭਾਅ ’ਚ ਤੇਜ਼ੀ ਆਈ ਹੈ ਹੁਣ ਸੁਨਾਮ ਇਲਾਕੇ ’ਚ 1200 ਤੋਂ ਲੈ ਕੇ 1400 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਆਲੂ ਦਾ ਰੇਟ ਚਲ ਰਿਹਾ ਅਤੇ ਇਹ ਰੇਟ ਜਿਮੀਂਦਾਰ ਤੋਂ ਖਰੀਦਣ ਦਾ ਰੇਟ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ’ਚ ਐੱਲ-ਆਰ ਕਿਸਮ ਅਤੇ ਡਾਇਮੰਡ ਕਿਸਮ ਦੇ ਆਲੂ ਦੀ ਜ਼ਿਆਦਾ ਡਿਮਾਂਡ ਰਹੀ ਹੈ। ਇਸ ਸਬੰਧੀ ਮਨਦੀਪ ਸਿੰਘ ਕਿ੍ਰਸ਼ੀ ਵਿਗਿਆਨ ਕੇਂਦਰ ਖੇੜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੁਨਾਮ ਇਲਾਕੇ ਵਿੱਚ ਆਲੂ ਦੀ ਫ਼ਸਲ ਕਾਫ਼ੀ ਹੋਈ ਹੈ
ਉਨ੍ਹਾਂ ਕਿਹਾ ਕਿ ਆਲੂ ਦੀ ਫ਼ਸਲ ਤੋਂ ਬਾਅਦ ਮੱਕੀ ਦੀ ਫ਼ਸਲ ਬੀਜਣ ਦੀ ਬਜਾਏ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਬੀਜਣ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਮੂੰਗੀ ਦੀ ਫ਼ਸਲ ਨੂੰ ਮੱਕੀ ਦੀ ਫ਼ਸਲ ਦੀ ਬਜਾਏ ਪਾਣੀ ਬਹੁਤ ਘੱਟ ਲਗਦਾ ਹੈ ਜਿਸ ਨਾਲ ਇਕ ਤਾਂ ਮੂੰਗੀ ਦੇ ਨਾੜ ਦੀ ਜ਼ਮੀਨ ਵਿਚ ਖਾਦ ਬਣਦੀ ਹੈ ਤੇ ਦੂਸਰਾ ਆਪਾਂ ਪਾਣੀ ਦੀ ਬਹੁਤ ਬੱਚਤ ਕਰ ਸਕਦੇ ਹਾਂ।