
ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਆਮਦਨ ਵਾਧੇ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਤਹਿਤ ਖੇਤੀਬਾੜੀ ਅਤੇ ਕਿਸਾਨ.....
ਜ਼ਹਿਰ ਮੁਕਤ ਖੇਤੀ ਉਤਪਾਦ ਮੁਹੱਈਆ ਕਰਵਾ ਰਹੀ ਹੈ ਕਿਸਾਨ ਹੱਟ-ਆਤਮਾ ਕਿਸਾਨ ਹੱਟ
ਫਾਜ਼ਿਲਕਾ, (ਹਰਵੀਰ ਬੁਰਜਾਂ) ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਆਮਦਨ ਵਾਧੇ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਵੱਲੋਂ ਫਾਜ਼ਿਲਕਾ ਵਿਖੇ ਖੋਲ੍ਹੀ ਗਈ 'ਆਤਮਾ ਕਿਸਾਨ ਹੱਟ' ਕਿਸਾਨਾਂ ਨੂੰ ਆਪਣੇ ਖੇਤੀ ਉਤਪਾਦ ਸਿੱਧੇ ਗਾਹਕਾਂ ਨੁੰ ਵੇਚਣ ਦਾ ਮੰਚ ਮੁਹੱਈਆ ਕਰਵਾ ਰਹੀ ਹੈ। ਵਿਭਾਗ ਵੱਲੋਂ ਆਤਮਾ ਕਿਸਾਨ ਹੱਟ ਐਸ.ਡੀ.ਐਮ. ਦਫਤਰ ਵਿਖੇ ਕਚਹਿਰੀ ਦੇ ਪਿਛਲੇ ਪਾਸੇ ਖੋਲ੍ਹੀ ਗਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਅਫਸਰ ਸ੍ਰੀ ਸਰਵਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਦੇ ਉਦੇਸ਼ਾਂ ਅਨੁਸਾਰ ਲੋਕਾਂ ਨੂੰ ਜ਼ਹਿਰਾਂ ਅਤੇ ਖਾਦਾਂ ਤੋਂ ਬਿਨਾਂ ਤਿਆਰ ਕੀਤੇ ਖੇਤੀ ਉਤਪਾਦ ਇਥੇ ਮੁਹੱਈਆ ਕਰਵਾਏ ਜਾਂਦੇ ਹਨ।
products ਉਨ੍ਹਾਂ ਆਖਿਆ ਕਿ ਸਬਜ਼ੀਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਰਾਹੀਂ ਖੇਤਾਂ ਵਿੱਚ ਵਰਦੇ ਜਾਂਦੇ ਜ਼ਹਿਰਾਂ ਤੇ ਖਾਦਾਂ ਦਾ ਘੱਟ ਤੋਂ ਘੱਟ ਪ੍ਰਭਾਵ ਮਨੁੱਖ ਤੱਕ ਪਹੁੰਚੇ। ਇਸ ਲਈ ਇਥੇ ਕੁਦਰਤੀ ਤਰੀਕੇ ਨਾਲ ਤਿਆਰ ਕੀਤੇ ਓਰਗੈਨਿਕ ਖੇਤੀ ਉਤਪਾਦ ਹੀ ਵਿਕਰੀ ਲਈ ਰੱਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਸੰਚਾਲਨ ਆਤਮਾ( ਐਗਰੀਕਲਚਰ ਟੈਕਨਾਲੋਜੀ ਮੈਨੇਜਮੈਂਟ ਏਜੰਸੀ) ਵੱਲੋਂ ਕਿਸਾਨਾਂ ਦੀ ਹੀ ਸਹਾਇਤਾ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਫਾਜ਼ਿਲਕਾ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਦੀ ਇਸ ਸਹੂਲਤਾ ਦਾ ਲਾਭ ਲਿਆ ਜਾਵੇ ਅਤੇ ਇਥੋਂ ਸਾਫ-ਸੁਥਰੇ ਖੇਤੀ ਉਤਪਾਦ ਵਾਜ਼ਿਬ ਮੁੱਲ 'ਤੇ ਖਰੀਦ ਕੀਤੇ ਜਾ ਸਕਦੇ ਹਨ।
products
ਖੇਤੀਬਾੜੀ ਅਫਸਰ ਭੁਪਿੰਦਰ ਕੁਮਾਰ ਨੇ ਇਸ ਆਤਮਾ ਕਿਸਾਨ ਹੱਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਖਾਣ-ਪੀਣ ਦੀਆਂ ਵਸਤੂਆਂ ਜਿਵੇਂ ਕਿ ਦਾਲਾਂ, ਗੂੜ, ਸ਼ੱਕਰ, ਆਚਾਰ, ਸ਼ਹਿਰ ਆਦਿ ਹੋਰ ਵਸਤੂਆਂ ਵੀ ਜ਼ਹਿਰ ਮੁਕਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਸੇਬ ਦਾ ਸਿਰਕਾ, ਦੁੱਧ, ਦਹੀ ਤੇ ਲੱਸੀ ਆਦਿ ਵਸਤੂਆਂ ਮੁਹੱਈਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਕਿਸਾਨ ਹੱਟ ਤੋਂ ਵੱਧ ਤੋਂ ਵੱਧ ਖਾਣ-ਪੀਣ ਵਾਲੀਆਂ ਵਸਤੂਆਂ ਖਰੀਦੀਆਂ ਜਾਣ। ਸਬਜ਼ੀਆਂ ਖਰੀਦਣ ਵਾਲੇ ਸ੍ਰੀ ਅੰਕਿਤ ਕੁਮਾਰ ਨੇ ਦੱਸਿਆ ਕਿ ਆਤਮਾ ਕਿਸਾਨ ਹੱਟ ਤੋਂ ਖਾਣ-ਪੀਣ ਦੀਆਂ ਘਰੇਲੂ ਵਸਤੂਆਂ ਇਕ ਤਾਂ ਜ਼ਹਿਰ ਮੁਕਤ ਹਨ ਤੇ ਉਤੋਂ ਮੁੱਲ ਵੀ ਵਾਜ਼ਿਬ ਹੈ। ਅਜਿਹੀਆਂ ਓਰਗੇਨਿਕ ਵਸਤੂਆਂ ਮਨੁੱਖੀ ਸਿਹਤ ਲਈ ਬਹੁਤ ਹੀ ਲਾਭਦਾਇਕ ਹਨ।