
ਤੁਪਕਾ ਸਿੰਚਾਈ ਤਕਨੀਕ ਦੀ ਵਰਤੋਂ ਨਾਲ 40 ਤੋਂ 50 ਫੀਸਦੀ ਬੱਚਦਾ ਹੈ ਧਰਤੀ ਹੇਠਲਾ ਪਾਣੀ: ਬਰਾੜ
ਫਤਿਹਗੜ੍ਹ ਸਾਹਿਬ 14 ਜੂਨ (ਸੁਰਜੀਤ ਸਿੰਘ ਸਾਹੀ), ਮਿਸ਼ਨ ਤੰਦਰੁਸਤ ਪੰਜਾਬ ਰਾਹੀਂ ਜਿਥੇ ਆਮ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਕਈ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਉਥੇ ਹੀ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨਾ ਵੀ ਇਸ ਮਿਸ਼ਨ ਦਾ ਅਹਿਮ ਅੰਗ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਦੱਸਿਆ ਕਿ ਅੱਜ ਦੇ ਦੌਰ ਵਿੱਚ ਜਿਆਦਾਤਰ ਕਿਸਾਨ ਖੇਤਾਂ ਵਿੱਚ ਫਲੱਡ ਇਰੀਗੇਸ਼ਨ ਸਿਸਟਮ ਦੀ ਵਰਤੋਂ ਕਰ ਰਹੇ ਹਨ ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਹੁੰਦੀ ਹੈ ਅਤੇ ਜਿਆਦਾਤਰ ਪਾਣੀ ਵਿਅਰਥ ਚਲਾ ਜਾਂਦਾ ਹੈ।
Punjab Irrigationਇਸ ਲਈ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਕ੍ਰਿਸ਼ੀ ਯੋਜਨਾ ਅਧੀਨ ਤੁਪਕਾ ਸਿੰਚਾਈ ਸਿਸਟਮ ਨੂੰ ਪ੍ਰਚਲੱਤ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਜੇਕਰ ਅੱਜ ਵੀ ਅਸੀਂ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਨੂੰ ਨਾ ਰੋਕਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੀਣ ਵਾਲਾ ਪਾਣੀ ਮਿਲਣਾ ਵੀ ਔਖਾ ਹੋ ਜਾਵੇਗਾ।
ਮੰਡਲ ਭੂਮੀ ਰੱਖਿਆ ਅਫਸਰ ਸ. ਦਲਬੀਰ ਸਿੰਘ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਭੂਮੀ ਤੇ ਜਲ ਸੰਭਾਲ ਵਿਭਾਗ ਪੰਜਾਬ ਵੱਲੋਂ ਜ਼ਿਲ੍ਹੇ ਦੇ ਪਿੰਡ ਬੈਣੀ ਜੇਰ ਦੇ ਅਗਾਂਹਵਧੂ ਕਿਸਾਨ ਧਨਵੰਤ ਸਿੰਘ ਦੇ ਲਗਭਗ 2 ਏਕੜ ਰਕਬੇ ਵਿੱਚ ਤੁਪਕਾ ਸਿੰਚਾਈ ਸਿਸਟਮ ਲਗਵਾਇਆ ਗਿਆ ਹੈ। ਜਿਸ ਦੀ ਕੁੱਲ ਲਾਗਤ 2 ਲੱਖ 43 ਹਜਾਰ 681 ਰੁਪਏ ਹੈ, ਜਿਸ 'ਤੇ ਵਿਭਾਗ ਵੱਲੋਂ ਧਨਵੰਤ ਸਿੰਘ ਨੂੰ 80 ਫੀਸਦੀ ਸਬਸਿਡੀ ਜੋ ਕਿ 1 ਲੱਖ 78 ਹਜਾਰ 868 ਰੁਪਏ ਬਣਦੀ ਹੈ, ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕਿਸਾਨ ਸਟਰਾਅਬੇਰੀ ਅਤੇ ਬਰੋਕਲੀ ਦੀ ਸਫਲ ਖੇਤੀ ਕਰ ਰਿਹਾ ਹੈ।
Punjab Irrigationਅਗਾਂਹਵਧੂ ਕਿਸਾਨ ਧਨਵੰਤ ਸਿੰਘ ਨੇ ਕਿਹਾ ਕਿ ਉਸ ਨੇ ਇੱਕ ਏਕੜ ਰਕਬੇ ਵਿੱਚ ਸਟਰਾਅਬੇਰੀ, ਜੋ ਕਿ ਛੇ ਮਹੀਨੇ ਦੀ ਫਸਲ ਹੈ, ਦੀ ਖੇਤੀ ਕੀਤੀ ਸੀ । ਜਿਸ ਨਾਲ ਉਸ ਨੂੰ ਸਾਰੇ ਖਰਚੇ ਕੱਢਣ ਉਪਰੰਤ 1 ਲੱਖ 50 ਹਜਾਰ ਰੁਪਏ ਦੀ ਬੱਚਤ ਹੋਈ। ਜਦੋਂ ਕਿ ਇੱਕ ਏਕੜ ਰਕਬੇ ਵਿੱਚ ਬੀਜੀ ਬਰੋਕਲੀ ਵਿੱਚੋਂ ਸਾਰੇ ਖਰਚੇ ਕੱਢਣ ਉਪਰੰਤ ਲਗਭਗ 37 ਹਜਾਰ ਰੁਪਏ ਦੀ ਬਚਤ ਹੋਈ ਹੈ। ਉਸ ਨੇ ਕਿਹਾ ਕਿ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਤੁਪਕਾ ਸਿੰਚਾਈ ਪ੍ਰਣਾਲੀ ਨੂੰ ਅਪਣਾਉਣਾ ਚਾਹੀਦਾ ਹੈ।
ਕਿਉਂਕਿ ਤੁਪਕਾ ਸਿੰਚਾਈ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ, ਜੋ ਕਿ ਅੱਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਤੁਪਕਾ ਸਿੰਚਾਈ ਪਾਣੀ ਦੀ ਬੱਚਤ ਕਰਨ ਲਈ ਅਹਿਮ ਭੂਮਿਕਾ ਅਦਾ ਕਰਦੀ ਹੈ ਕਿਉਂਕਿ ਇਸ ਤਕਨੀਕ ਨਾਲ ਲਗਭਗ 40 ਤੋਂ 50 ਫੀਸਦੀ ਤੱਕ ਪਾਣੀ ਦੀ ਬੱਚਤ ਹੁੰਦੀ ਹੈ। ਇਸ ਤੋਂ ਇਲਾਵਾ ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਦੀ ਵਰਤੋਂ ਵੀ ਘੱਟ ਕਰਨੀ ਪੈਂਦੀ ਹੈ।
Punjab Irrigationਉਨ੍ਹਾਂ ਦੱਸਿਆ ਕਿ ਤੁਪਕਾ ਸਿੰਚਾਈ ਪ੍ਰਣਾਲੀ ਨਾਲ ਖੇਤਾਂ ਵਿੱਚ ਘੱਟ ਨਦੀਨ ਉਗਦੇ ਹਨ, ਕਿਉਂਕਿ ਇਸ ਪ੍ਰਣਾਲੀ ਨਾਲ ਪਾਣੀ ਤੁਪਕਾ-ਤੁਪਕਾ ਕਰਕੇ ਕੇਵਲ ਬੂਟੇ ਦੀ ਜੜ੍ਹ ਵਿੱਚ ਪੈਂਦਾ ਹੈ, ਜਿਸ ਨਾਲ ਜਿਆਦਾ ਲੇਬਰ ਵੀ ਨਹੀਂ ਲਗਾਉਣੀ ਪੈਂਦੀ, ਇਸ ਨਾਲ ਖੇਤੀ ਲਾਗਤ ਵੀ ਘੱਟਦੀ ਹੈ। ਉਨ੍ਹਾਂ ਕਿਹਾ ਕਿ ਜਿਆਦਾਤਰ ਖਾਦ ਫਰਟੀਗੇਸ਼ਨ ਰਾਹੀਂ (ਇਰੀਗੇਸ਼ਨ ਸਿਸਟਮ) ਹੀ ਦਿੱਤੀ ਜਾਂਦੀ ਹੈ ਜੋ ਕਿ ਬੂਟਿਆਂ ਨੂੰ ਸਿੱਧੀ ਜੜ੍ਹਾਂ ਰਾਹੀਂ ਮਿਲ ਜਾਂਦੀ ਹੈ, ਜਿਸ ਨਾਲ ਫਸਲ ਦਾ ਝਾੜ ਲਗਭਗ 25 ਫੀਸਦੀ ਤੱਕ ਵੱਧ ਜਾਂਦਾ ਹੈ।