
ਕਿਸਾਨਾਂ ਦਾ ਮੰਨਣਾ ਹੈ ਕਿ ਇਸ ਸਮੇਂ ਪੈ ਰਹੇ ਹਲਕੇ ਮੀਂਹ ਦਾ ਫਸਲਾਂ ਨੂੰ ਫਾਇਦਾ ਹੈ, ਕਿਉਂਕਿ ਸਿੰਜਾਈ ਲਈ ਉਨ੍ਹਾਂ ਨੂੰ ਨਹਿਰੀ ਪਾਣੀ ਦੀ ਘਾਟ ਰਹਿੰਦੀ ਹੈ।
ਚੰਡੀਗੜ੍ਹ : ਪਹਿਲੀ ਅਪ੍ਰੈਲ ਤੋਂ ਹੋਣ ਵਾਲੀ ਕਣਕ ਦੀ ਫਸਲ ਦੀ ਵਾਢੀ ਮੌਸਮ ਦੀ ਗੜਬੜੀ ਕਾਰਨ ਇਕ ਹਫਤੇ ਤੱਕ ਪਛੜ ਸਕਦੀ ਹੈ। ਹੁਣ ਵਾਢੀ ਦੇ ਪਛੜਨ ਕਾਰਨ ਕਣਕ 20 ਅਪ੍ਰੈਲ ਤੱਕ ਮੰਡੀਆਂ ਵਿਚ ਪੁੱਜੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਵਿਚ ਅਚਾਨਕ ਆਈ ਤਬਦੀਲੀ ਕਾਰਨ ਝਾੜ ਪ੍ਰਭਾਵਿਤ ਨਹੀਂ ਹੋਵੇਗਾ।
ਕਿਸਾਨਾਂ ਦੀ ਮੰਨੀਏ ਤਾਂ ਆਮ ਤੌਰ 'ਤੇ ਵਾਢੀ ਅਪ੍ਰੈਲ ਦੇ ਦੂਜੇ ਹਫ਼ਤੇ ਸ਼ੁਰੂ ਹੁੰਦੀ ਹੈ, ਪਰ ਇਸ ਵਾਰ ਕੁਝ ਸਮਾਂ ਅੱਗੇ ਹੋ ਸਕਦੀ ਹੈ। ਹਾਲਾਂਕਿ ਕਈ ਥਾਵਾਂ 'ਤੇ ਤੇਜ਼ ਹਵਾਵਾਂ ਕਾਰਨ ਥੋੜ੍ਹੀ ਬਹੁਤੀ ਕਣਕ ਦੇ ਵਿਛਣ ਦੀਆਂ ਖ਼ਬਰਾਂ ਵੀ ਹਨ। ਕਈ ਕਿਸਾਨਾਂ ਦਾ ਮੰਨਣਾ ਹੈ ਕਿ ਇਸ ਸਮੇਂ ਪੈ ਰਹੇ ਹਲਕੇ ਮੀਂਹ ਦਾ ਫਸਲਾਂ ਨੂੰ ਫਾਇਦਾ ਹੈ, ਕਿਉਂਕਿ ਸਿੰਜਾਈ ਲਈ ਉਨ੍ਹਾਂ ਨੂੰ ਨਹਿਰੀ ਪਾਣੀ ਦੀ ਘਾਟ ਰਹਿੰਦੀ ਹੈ, ਇਸ ਲਈ ਹਲਕੀ ਬਾਰਿਸ਼ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਦਿੰਦੀ ਹੈ।
Wheat
ਖੇਤੀ ਅਫ਼ਸਰ ਬਲਜਿੰਦਰ ਸਿੰਘ ਬਰਾੜ ਨੇ ਵੀ ਮੌਸਮ ਕਾਰਨ ਵਾਢੀ ਦੇ ਥੋੜ੍ਹਾ ਪਛੜ ਜਾਣ ਦੀ ਗੱਲ ਕਹੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਬਦੀਲੀ ਕਾਰਨ ਪੂਰੇ ਸੀਜ਼ਨ 'ਤੇ ਕੋਈ ਅਸਰ ਨਹੀਂ ਦਿੱਸੇਗਾ। ਖੇਤੀ ਅਫ਼ਸਰ ਨੇ ਦੱਸਿਆ ਕਿ ਮੌਸਮ ਦੀ ਤਬਦੀਲੀ ਕਾਰਨ ਹਾਲੇ ਤਕ ਖੜ੍ਹੀ ਫਸਲ ਦਾ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ।