
ਬਰਨਾਲਾ ਦੇ ਪਿੰਡ ਹਰੀਗੜ੍ਹ ਦੇ ਰਹਿਣ ਵਾਲਾ ਸੁਖਵਿੰਦਰ ਸਿੰਘ ਸੁੱਖੀ ਸ਼ੇਰਗਿੱਲ ਛੇ ਮਹੀਨੇ ਪਹਿਲਾਂ ਅਮਰੀਕਾ ਤੋਂ ਪੰਜਾਬ ਪਰਤਿਆ ਸੀ।
ਬਰਨਾਲਾ: ਪੰਜਾਬ ਦੇ ਨੌਜਵਾਨ ਖੇਤੀਬਾੜੀ ਤੋਂ ਪਾਸਾ ਵੱਟ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਉੱਥੇ ਹੀ ਬਰਨਾਲਾ ਜ਼ਿਲ੍ਹੇ ਦਾ ਇੱਕ ਨੌਜਵਾਨ ਵਿਦੇਸ਼ ਤੋਂ ਪਰਤ ਕੇ ਖੇਤੀ ਦੇ ਕਿੱਤੇ ਰਾਹੀਂ ਚੰਗੀ ਕਮਾਈ ਕਰ ਰਿਹਾ ਹੈ। ਬਰਨਾਲਾ ਦੇ ਪਿੰਡ ਹਰੀਗੜ੍ਹ ਦੇ ਰਹਿਣ ਵਾਲਾ ਸੁਖਵਿੰਦਰ ਸਿੰਘ ਸੁੱਖੀ ਸ਼ੇਰਗਿੱਲ ਛੇ ਮਹੀਨੇ ਪਹਿਲਾਂ ਅਮਰੀਕਾ ਤੋਂ ਪੰਜਾਬ ਪਰਤਿਆ ਸੀ। ਇਸ ਤੋਂ ਬਾਅਦ ਉਸ ਨੇ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਮੱਕੀ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ।
Corn Agriculture
ਸੁਖਵਿੰਦਰ ਸਿੰਘ ਸੁੱਖੀ ਸ਼ੇਰਗਿੱਲ ਦਾ ਕਹਿਣਾ ਹੈ ਕਿ ਉਹ ਛੇ ਮਹੀਨੇ ਪਹਿਲਾਂ ਅਮਰੀਕਾ ਤੋਂ ਪਰਤਿਆ ਹੈ। ਕੋਰੋਨਾ ਵਾਇਰਸ ਲੌਕਡਾਉਨ ਦੌਰਾਨ ਉਹ ਘਰ ਵਿੱਚ ਵਿਹਲਾ ਬੈਠਾ ਬੋਰ ਹੋ ਰਿਹਾ ਸੀ। ਇਸ ਕਰਕੇ ਉਸ ਨੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਆਪਣੇ ਖੇਤ ਵਿਚ ਮੱਕੀ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਮੱਕੀ ਦੇ ਵਿਚਕਾਰ ਧਨੀਏ ਦੀ ਖੇਤੀ ਵੀ ਕੀਤੀ ਜਾ ਰਹੀ ਹੈ।
Corn Agriculture
ਜਦੋਂ ਉਹ ਧਨੀਏ ਦੀ ਫ਼ਸਲ ਵੇਚਣ ਸਬਜ਼ੀ ਮੰਡੀ ਵਿੱਚ ਗਿਆ ਤਾਂ ਉਸ ਨੂੰ ਨਿਗੂਣਾ ਭਾਅ ਮਿਲਿਆ। ਇਸ ਤੋਂ ਨਿਰਾਸ਼ ਹੋ ਕੇ ਉਸ ਨੇ ਧਨੀਏ ਦੀ ਫ਼ਸਲ ਖੁਦ ਵੇਚਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਬਰਨਾਲਾ ਦੇ ਬਾਜ਼ਾਰ ਵਿੱਚ ਰੇਹੜੀਆਂ ਵਾਲਿਆਂ ਨਾਲ ਦੁਕਾਨ ਲਾਉਣੀ ਸ਼ੁਰੂ ਕਰ ਦਿੱਤੀ। ਪਹਿਲੇ ਹੀ ਦਿਨ ਉਸ ਨੂੰ ਚੰਗੀ ਕਮਾਈ ਹੋਈ। ਇਸ ਤੋਂ ਬਾਅਦ ਉਸ ਨੇ ਧਨੀਏ ਦੇ ਨਾਲ ਨਾਲ ਆਪਣੇ ਖੇਤ ਵਿਚ ਉਗਾਏ ਜਾ ਰਹੇ ਸਾਗ ਤੇ ਮੱਕੀ ਦੀਆਂ ਛੱਲੀਆਂ ਵੀ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਉਸ ਨੂੰ ਚੰਗੀ ਕਮਾਈ ਹੋ ਰਹੀ ਹੈ।
Corn Agriculture
ਸੁੱਖੀ ਸ਼ੇਰਗਿੱਲ ਨੇ ਦੱਸਿਆ ਕਿ ਪਰਿਵਾਰਕ ਪੱਖ ਤੋਂ ਉਸ ਦੇ ਭਰਾ ਦੀ ਅਮਰੀਕਾ ਵਿਚ ਟਰਾਂਸਪੋਰਟਰ ਹਨ ਤੇ ਪੰਜਾਬ ਵਿੱਚ ਵੀ ਉਸ ਕੋਲ ਦਸ ਏਕੜ ਦੇ ਕਰੀਬ ਜ਼ਮੀਨ ਹੈ। ਇਸ ਦੇ ਬਾਵਜੂਦ ਉਸ ਨੂੰ ਖੁਦ ਬਾਜ਼ਾਰ ਵਿੱਚ ਆਪਣੀ ਉਗਾਈ ਸਬਜ਼ੀ ਵੇਚਣ ਵਿਚ ਕੋਈ ਸ਼ਰਮਿੰਦਗੀ ਨਹੀਂ। ਉਸ ਦਾ ਐਨਆਰਆਈ ਭਰਾ ਅਤੇ ਪਰਿਵਾਰ ਉਸ ਦੇ ਇਸ ਕੰਮ 'ਚ ਪੂਰਾ ਸਹਿਯੋਗ ਦੇ ਰਿਹਾ ਹੈ।
Corn Agriculture
ਕੁਝ ਦੋਸਤ ਮਿੱਤਰ ਵੀ ਉਸ ਦਾ ਲਗਾਤਾਰ ਸਾਥ ਦੇ ਰਹੇ ਹਨ। ਦੱਸ ਦਈਏ ਕਿ ਇਹ ਕੋਈ ਪਹਿਲਾਂ ਨੌਜਵਾਨ ਨਹੀਂ ਹੈ ਜਿਸ ਨੇ ਖੇਤੀ ਵਿਚ ਆਪਣਾ ਨਾਮ ਕਮਾਇਆ ਹੋਵੇ ਇਸ ਤੋਂ ਪਹਿਲਾਂ ਵੀ ਕਈ ਨੌਜਵਾਨ ਖੇਤੀ ਕਰ ਕੇ ਚੰਗੀ ਕਮਾਈ ਕਰ ਰਹੇ ਹਨ ਜੋ ਕਿ ਲੌਕਡਾਊਨ ਵਿਚ ਵਿਹਲੇ ਬੈਠਣ ਨਾਲੋਂ ਤਾਂ ਚੰਗਾ ਹੀ ਹੈ।