
ਫਗਵਾੜਾ ਸ਼ੂਗਰ ਮਿੱਲ ਵੱਲੋਂ ਗੰਨਾ ਕਿਸਾਨਾਂ ਦਾ ਭੁਗਤਾਨ ਨਾ ਕਰਨ ਦਾ ਮਾਮਲਾ
ਫਗਵਾੜਾ : ਜ਼ਿਲ੍ਹਾ ਪ੍ਰਸ਼ਾਸ਼ਨ ਕਪੂਰਥਲਾ ਵੱਲੋਂ ਮੈਸਰਜ਼ ਗੋਲਡਨ ਸੰਧਰ ਸ਼ੂਗਰ ਮਿੱਲ ਫਗਵਾੜਾ ਵਲੋਂ ਗੰਨਾ ਕਾਸ਼ਤਕਾਰਾਂ ਨੂੰ ਬਕਾਇਆ ਅਦਾਇਗੀ ਕਰਨ ਲਈ ਸਖ਼ਤ ਕਦਮ ਚੁੱਕਿਆ ਗਿਆ ਹੈ। ਦਰਅਸਲ ਗੋਲਡ ਜਿੰਮ ਜੀਟੀ ਰੋਡ ਨਜ਼ਦੀਕ ਬੱਸ ਅੱਡਾ ਫਗਵਾੜਾ ਦੀ ਇਮਾਰਤ, ਉਪਕਰਨਾਂ ਤੇ ਹੋਰ ਭੌਤਿਕ ਵਸਤੂਆਂ ਨੂੰ ਕੁਲੈਕਟਰ ਕਪੂਰਥਲਾ ਦੇ ਹੱਕ ਵਿਚ ਤੁਰੰਤ ਪ੍ਰਭਾਵ ਨਾਲ ਕੁਰਕ ਕਰ ਦਿੱਤਾ ਗਿਆ ਹੈ।
ਐੱਸਡੀਐੱਮ ਫਗਵਾੜਾ ਵਲੋਂ ਜਾਰੀ ਹੁਕਮਾਂ ਅਨੁਸਾਰ ਡਿਫਾਲਟਰ ਮਿੱਲ ਮਾਲਕਾਂ ਵਲੋਂ ਭੁਗਤਾਣਯੋਗ ਕੁੱਲ ਏਰੀਅਰ ਦੀ ਰਕਮ ਦਾ ਅੰਸ਼ਿਕ ਹਿੱਸਾ ਵਸੂਲਣ ਲਈ ਇਹ ਫ਼ੈਸਲਾ ਲਿਆ ਗਿਆ ਹੈ, ਜਿਸ ਤਹਿਤ ਅਟੈਚਮੈਂਟ ਦੇ ਸਮੇਂ ਦੌਰਾਨ ਜਿੰਮ ਦੇ ਸੰਚਾਲਕਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸੰਚਾਲਿਤ ਖਾਤੇ ਵਿਚ ਜਿੰਮ ਤੋਂ ਹੋਣ ਵਾਲੀ ਸਾਰੀ ਆਮਦਨ ਜਮ੍ਹਾਂ ਕਰਵਾਉਣ। ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹਾ ਨਾ ਕਰਨ ’ਤੇ ਸੰਚਾਲਕਾਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।
ਇਸ ਤੋਂ ਇਲਾਵਾ ਉਪਰੋਕਤ ਫਰਮ ਦੇ ਬੈਂਕ ਖਾਤਾ ਨੰਬਰ ਸਬੰਧਿਤ ਬੈਕਾਂ ਦੇ ਮੈਨੇਜ਼ਰਾਂ ਨੂੰ ਭੇਜ ਕੇ ਫਰਮ ਦੇ ਬੈਂਕ ਖਾਤੇ ਸੀਲ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਕੋਈ ਵੀ ਰਕਮ ਕਢਾਈ ਨਾ ਜਾ ਸਕੇ । ਨਾਲ ਹੀ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਇਨ੍ਹਾਂ ਖਾਤਿਆਂ ਵਿਚ ਕਿਸੇ ਰਕਮ ਨੂੰ ਜਮ੍ਹਾਂ ਕਰਨ ਦੀ ਕੋਈ ਮਨਾਹੀ ਨਹੀਂ ਹੈ।
ਉਨ੍ਹਾਂ ਵਲੋਂ ਇਹ ਵੀ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਗੋਲਡਨ ਸੰਧਰ ਮਿੱਲ ਮਾਲਕਾਂ ਨੇ ਇਕ ਜਿੰਮ ਜਿਸ ਦਾ ਨਾਮ ਗੋਲਡ ਜਿੰਮ ਨਜਦੀਕ ਬੱਸ ਸਟੈਂਡ ਫਗਵਾੜਾ ਹੈ, ਤੋਂ ਕਮਾਈ ਕੀਤੀ ਜਾ ਰਹੀ ਹੈ। ਐੱਸਡੀਐੱਮ ਨੇ ਦੱਸਿਆ ਕਿ ਮਿੱਲ ਮਾਲਕਾਂ ਵਲੋਂ ਗੰਨੇ ਦੀ ਅਦਾਇਗੀ ਕਰਨ ਲਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਮਿੱਲ ਮਾਲਕਾਂ ਦੀਆਂ ਜ਼ਮੀਨਾਂ, ਜਾਇਦਾਦਾਂ ਪੰਜਾਬ ਸਰਕਾਰ ਰਾਹੀਂ ਕੁਲੈਕਟਰ ਕਪੂਰਥਲਾ ਦੇ ਹੱਕ ਵਿਚ ਕੁਰਕ ਕੀਤੀਆਂ ਜਾਣ, ਜਿਸ ’ਤੇ ਇਹ ਜਿੰਮ ਦੀ ਇਮਾਰਤ, ਉਪਕਰਨਾਂ ਨੂੰ ਅਟੈਚ ਕੀਤਾ ਗਿਆ ਹੈ।