
ਪੰਜਾਬ ਸਰਕਾਰ ਨੇ ਪੱਤਰ ਲਿਖ ਕੇ ਜ਼ਿਲ੍ਹਾ ਖੇਤੀ ਅਧਿਕਾਰੀਆਂ ਨੂੰ ਚੌਕਸ ਕੀਤਾ
ਚੰਡੀਗੜ੍ਹ- ਕੋਰੋਨਾ ਬੀਮਾਰੀ ਦੀ ਮਾਰ ਨਾਲ ਅਜੇ ਪੰਜਾਬ ਜੂਝ ਹੀ ਰਿਹੈ ਅਤੇ ਇਕ ਹੋਰ ਚਿਤਾਵਨੀ ਮਿਲੀ ਹੈ ਕਿ ਜੂਨ ਮਹੀਨੇ ਟਿੱਡੀ ਦਲਾਂ ਦੇ ਵੱਡੇ ਗਰੁੱਪ, ਸਰਹੱਦੀ ਜ਼ਿਲ੍ਹਿਆਂ 'ਚ ਕਈ ਵਾਰ ਹਮਲੇ ਕਰ ਸਕਦੇ ਹਨ। ਖਾਸ ਕਰ ਕੇ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਜ਼ਿਲ੍ਹਾ ਬਠਿੰਡਾ, ਮੁਕਤਸਰ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਫ਼ਰੀਦਕੋਟ, ਅੰਮ੍ਰਿਤਸਰ, ਤਰਨ ਤਾਰਨ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕਿਆਂ ਨੂੰ ਟਿੱਡੀ ਦਲਾਂ ਦਾ ਖ਼ਤਰਾ ਹੈ।
File
ਪੰਜਾਬ ਖੇਤੀਬਾੜੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਡਾਇਰੈਕਟਰ ਖੇਤੀਬਾੜੀ ਸਮੇਤ ਰਾਜ ਦੇ ਸਮੂਹ ਖੇਤੀ ਅਧਿਕਾਰੀਆਂ ਤੇ ਬਾਗਬਾਨੀ ਅਧਿਕਾਰੀਆਂ ਨੂੰ ਇਕ ਪੱਤਰ ਲਿਖ ਕੇ ਸੂਚਿਤ ਕੀਤਾ ਹੈ ਕਿ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਜ਼ਿਲ੍ਹਿਆਂ ਦੇ ਇਲਾਕਿਆਂ ਨੂੰ ਜੂਨ ਮਹੀਨੇ ਟਿੱਡੀ ਦਲ ਦੇ ਹਮਲਿਆਂ ਦਾ ਗੰਭੀਰ ਖ਼ਤਰਾ ਹੈ।
File
ਸਬੰਧਤ ਅਧਿਕਾਰੀਆਂ ਨੂੰ ਚੌਕਸ ਕੀਤਾ ਗਿਆ ਹੈ ਕਿ ਟਿੱਡੀ ਦਲਾਂ ਦੇ ਹਮਲੇ ਨਾਲ ਨਜਿੱਠਣ ਲਈ ਪਹਿਲਾਂ ਹੀ ਤਿਆਰੀਆ ਕਰ ਲਈਆਂ ਜਾਣ। ਦਵਾਈ ਦੇ ਛਿੜਕਾਅ ਲਈ ਟਰੈਕਟਰਾਂ ਨਾਲ ਫਿਟ ਕੀਤੇ ਪੰਪ ਪਹਿਲਾਂ ਹੀ ਤਿਆਰ ਕਰ ਕੇ ਰੱਖੇ ਜਾਣ। ਪੰਜਾਬ ਸਰਕਾਰ ਨੇ ਟਿੱਡੀ ਦਲ ਦੇ ਟਾਕਰੇ ਲਈ ਖੇਤੀਬਾੜੀ ਮਹਿਕਮੇ ਦੇ ਮੁਖ ਦਫ਼ਤਰ ਵਿਖੇ ਇਕ ਕੰਟਰੌਲ ਰੂਮ ਵੀ ਸਥਾਪਤ ਕੀਤਾ ਹੈ।
File
ਇਸ ਦੇ ਮੁਖੀ ਜਾਇੰਟ ਡਾਇਰੈਕਟਰ ਗੁਰਵਿੰਦਰ ਸਿੰਘ ਨੂੰ ਬਣਾਇਆ ਗਿਆ ਹੈ। ਕੰਟਰੌਲ ਰੂਮ ਦਾ ਨੰਬਰ 94641-11352 ਪੱਤਰ 'ਚ ਦਸਿਆ ਗਿਆ ਹੈ। ਅਸਲ 'ਚ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਖੁਰਾਕ ਅਤੇ ਖੇਤੀ ਵਲੋਂ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਸ ਸਾਲ ਗਰਮੀਆਂ ਖਾਸ ਕਰ ਕੇ ਜੂਨ ਮਹੀਨੇ 'ਚ ਟਿੱਡੀ ਦਲਾਂ ਦੇ ਗੰਭੀਰ ਹਮਲਿਆਂ ਦੀ ਸੰਭਾਵਨਾ ਹੈ।
File
ਇਸ ਸੰਸਥਾ ਨੇ ਸਰਕਾਰ ਨੂੰ ਸਖ਼ਤ ਚਿਤਾਵਨੀ ਭੇਜੀ ਹੈ ਕਿ ਟਿੱਡੀ ਦਲਾਂ ਦੇ ਹਮਲੇ ਗੰਭੀਰ ਹੋਣਗੇ। ਇਹ ਵੀ ਦਸਿਆ ਗਿਆ ਹੈ ਕਿ ਇਸ ਸਮੇਂ ਟਿੱਡੀ ਦਲਾਂ ਦੇ ਕਈ ਝੁੰਡ ਪਾਕਿਸਤਾਨ ਨਾਲ ਲਗਦੀ ਈਰਾਨ ਸਰਹੱਦ ਦੇ ਨੇੜੇ ਦੋਵਾਂ ਦੇਸ਼ਾਂ 'ਚ ਸਰਗਰਮ ਹਨ। ਆਉਣ ਵਾਲੇ ਦਿਨਾਂ 'ਚ ਬਲੋਚਿਸਤਾਨ ਦੇ ਰੇਗਿਸਤਾਨ ਇਲਾਕਿਆਂ 'ਚ ਟਿੱਡੀ ਦਲ ਬੱਚੇ ਦੇਵੇਗਾ ਅਤੇ ਇਹ ਝੁੰਡ ਪਾਕਿਸਤਾਨੀ ਪੰਜਾਬ ਅਤੇ ਭਾਰਤੀ ਪੰਜਾਬ ਦੇ ਸਰਹੱਦੀ ਇਲਾਕਿਆ 'ਚ ਹਮਲੇ ਕਰ ਸਕਦਾ ਹੈ।
File
ਚਿਤਾਵਨੀ 'ਚ ਇਹ ਵੀ ਕਿਹਾ ਗਿਆ ਹੈ ਕਿ ਵੱਖ-ਵੱਖ ਝੁੰਡਾਂ ਵਲੋਂ ਕਈ ਵਾਰ ਹਮਲੇ ਕੀਤੇ ਜਾ ਸਕਦੇ ਹਨ। ਭਾਰਤ ਸਰਕਾਰ ਨੂੰ ਮਿਲੀ ਸੂਚਨਾ ਦੇ ਆਧਾਰ 'ਤੇ ਹੀ ਪੰਜਾਬ ਸਰਕਾਰ ਨੇ ਅਪਣੇ ਜ਼ਿਲ੍ਹਾ ਅਧਿਕਾਰੀਆਂ ਨੂੰ ਚੌਕਸ ਕੀਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।