
ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਣਕ ਦੀ ਖ਼ਰੀਦ ਸਬੰਧੀ ਅਪਣੇ ਬਾਈਕਾਟ ਦੇ ਐਲਾਨ ਨੂੰ ਵਾਪਸ ਲੈ ਲਿਆ ਹੈ। ਇਹ ਜਾਣਕਾਰੀ
ਚੰਡੀਗੜ੍ਹ, 17 ਅਪ੍ਰੈਲ (ਐਸ.ਐਸ ਬਰਾੜ): ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਣਕ ਦੀ ਖ਼ਰੀਦ ਸਬੰਧੀ ਅਪਣੇ ਬਾਈਕਾਟ ਦੇ ਐਲਾਨ ਨੂੰ ਵਾਪਸ ਲੈ ਲਿਆ ਹੈ। ਇਹ ਜਾਣਕਾਰੀ ਸ. ਚੀਮਾ ਨੇ ਫ਼ੋਨ ’ਤੇ ਗਲਬਾਤ ਦੌਰਾਨ ਦਿਤੀ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਮੰਗ ਸੀ ਕਿ ਝੋਨੇ ਦੀ ਖ਼ਰੀਦ ਸਮੇਂ ਦੀ ਆੜ੍ਹਤੀਆਂ ਦੀ ਜੋ ਰਕਮ ਅਜੇ ਤਕ ਜਾਰੀ ਨਹੀਂ ਕੀਤੀ ਗਈ ਉਹ ਜਾਰੀ ਕੀਤੀ ਜਾਵੇ। ਇਸੇ ਮੰਗ ਨੂੰ ਲੈ ਕੇ ਬਾਈਕਾਟ ਦਾ ਐਲਾਨ ਕੀਤਾ ਸੀ। ਉਨ੍ਹਾਂ ਦਸਿਆ ਕਿ ਅੱਜ ਮੁੱਖ ਮੰਤਰੀ ਦੇ ਸਲਾਹਕਾਰ ਅਤੇ ਪ੍ਰਣੀਤ ਕੌਰ ਨਾਲ ਗਲ ਹੋਈ ਸੀ ਅਤੇ ਉਨ੍ਹਾਂ ਨੇ ਭਰੋਸਾ ਦਿਤਾ ਹੈ ਕਿ ਬਕਾਇਆ ਰਕਮ ਜਾਰੀ ਕਰ ਦਿਤੀ ਜਾਵੇਗੀ।
File photo
ਇਸ ਸਬੰਧੀ ਡਾਇਰੈਕਟਰ ਅਨੰਦਿਤਾ ਮਿਤਰਾ ਨਾਲ ਗਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਅਤੇ ਜਿਥੋ ਤਕ ਕਣਕ ਖ਼ਰੀਦ ਦਾ ਕੰਮ ਹੈ ਉਹ ਠੀਕ ਚਲ ਰਿਹਾ ਹੈ। ਖ਼ੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਬਾਈਕਾਟ ਵਾਪਸ ਲੈਣ ਦੇ ਐਲਾਨ ਸਬੰਧੀ ਅਗਿਆਨਤਾ ਪ੍ਰਗਟਾਈ। ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਕਣਕ ਖ਼ਰੀਦ ਦੀ ਮੌਜੂਦਾ ਨੀਤੀ ਠੀਕ ਨਹੀਂ।
ਇਸ ਵਿਚ ਤਬਦੀਲੀਆਂ ਦੀ ਲੋੜ ਹੈ। ਪਾਸ ਜਾਰੀ ਕਰਨ ਦਾ ਢੰਗ ਵੀ ਠੀਕ ਨਹੀਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਕਟਾਈ ਅਜੇ ਹੋਈ ਨਹੀਂ ਉਨ੍ਹਾਂ ਨੂੰ ਪਾਸ ਜਾਰੀ ਹੋ ਰਹੇ ਹਨ ਪਰ ਜਿਨ੍ਹਾਂ ਨੇ ਕਣਕ ਦੀ ਕਟਾਈ ਕਰ ਲਈ ਹੈ ਉਨ੍ਹਾਂ ਨੂੰ ਪਾਸ ਜਾਰੀ ਹੀ ਨਹੀਂ ਹੋਏ। ਉਨ੍ਹਾਂ ਕਿਹਾ ਕਿ ਪਾਸ ਕਿਸ ਦਿਨ ਲਈ ਕਿਸ ਕਿਸਾਨ ਨੂੰ ਜਾਰੀ ਹੋਵੇ ਇਹ ਫ਼ੈਸਲਾ ਆੜ੍ਹਤੀਆਂ ਉਪਰ ਛਡਣਾ ਚਾਹੀਦਾ ਹੈ ਕਿਉਂਕਿ ਆੜਤੀਆਂ ਨੂੰ ਜਾਣਕਾਰੀ ਹੁੰਦੀ ਹੈ ਕਿ ਕਿਸ ਕਿਸਾਨ ਦੀ ਕਟਾਈ ਹੋ ਗਈ ਹੈ ਅਤੇ ਕਿਸ ਦੀ ਹੋਣੀ ਹੈ। ਇਸ ਤੋਂ ਇਲਾਵਾ ਆੜ੍ਹਤੀਆਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਕਿਸਾਨ ਕੋਲ ਕਿਨੀ ਕਣਕ ਹੋਵੇਗੀ। ਉਨ੍ਹਾਂ ਕਿਹਾ ਕਿ ਇਕ ਕਿਸਾਨ ਇਕ ਟਰਾਲੀ ਲਿਆਵੇ, ਇਹ ਸ਼ਰਤ ਵੀ ਖ਼ਤਮ ਹੋਣੀ ਚਾਹੀਦੀ ਹੈ।