
ਅੱਜ ਤੋਂ ‘ਆਪ’ ਦੇ ਵਿਧਾਇਕਾਂ, ਸਾਂਸਦਾਂ, ਮੰਤਰੀਆਂ ਅਤੇ ਭਾਜਪਾ ਦੇ ਪ੍ਰਮੁੱਖ ਆਗੂਆਂ ਦੇ ਘਰਾਂ ਅੱਗੇ ਲਗਣਗੇ ਧਰਨੇ
Punjab News : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵਲੋਂ ਝੋਨੇ ਦੀ ਖ਼ਰੀਦ ਵਿਚ ਰੁਕਾਵਟਾਂ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਦੇ 14 ਜ਼ਿਲ੍ਹਿਆਂ ਵਿਚ 25 ਟੌਲ ਪਲਾਜ਼ੇ ਫ਼ਰੀ ਕਰਨ ਦੇ ਲਗਾਤਾਰ ਮੋਰਚੇ ਸ਼ੁਰੂ ਕੀਤੇ ਗਏ, ਜਿਨ੍ਹਾਂ ਵਿਚ 4 ਹੋਰ ਗੁਆਂਢੀ ਜ਼ਿਲ੍ਹਿਆਂ ਦੇ ਕਿਸਾਨ ਵੀ ਸ਼ਾਮਲ ਹੋਏ ਜਿਥੇ ਟੌਲ ਪਲਾਜ਼ੇ ਨਹੀਂ ਹਨ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦਸਿਆ ਕਿ ਇਨ੍ਹਾਂ ਮੋਰਚਿਆਂ ਵਿਚ ਕੁਲ ਮਿਲਾ ਕੇ ਸੈਂਕੜੇ ਔਰਤਾਂ ਅਤੇ ਨੌਜਵਾਨਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਮਜ਼ਦੂਰ ਸ਼ਾਮਲ ਹੋਏ।
ਜਥੇਬੰਦੀ ਦੇ ਫ਼ੈਸਲੇ ਅਨੁਸਾਰ ਜੇਕਰ ਮੰਡੀਆਂ ਵਿਚ ਝੋਨੇ ਦੀ ਨਿਰਵਿਘਨ ਖ਼ਰੀਦ ਅਤੇ ਨਾਲੋਂ ਨਾਲ ਚੁਕਾਈ ਤੁਰਤ ਚਾਲੂ ਨਹੀਂ ਕੀਤੀ ਜਾਂਦੀ ਤਾਂ ਕਲ ਤੋਂ ਭਾਜਪਾ ਦੇ ਮੁੱਖ ਆਗੂਆਂ ਸਮੇਤ ‘ਆਪ’ ਪਾਰਟੀ ਦੇ ਵੱਧ ਤੋਂ ਵੱਧ ਵਿਧਾਇਕਾਂ/ਸਾਂਸਦਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਵੀ ਲਗਾਤਾਰ ਮੋਰਚੇ ਲਾਏ ਜਾਣਗੇ। ਇਹ ਦੋਨੋਂ ਕਿਸਮਾਂ ਦੇ ਮੋਰਚੇ ਮੰਗਾਂ ਮੰਨੇ ਜਾਣ ਤਕ ਦਿਨੇ ਰਾਤ ਲਗਾਤਾਰ ਜਾਰੀ ਰਹਿਣਗੇੇ।
ਅੱਜ ਦੇ ਮੋਰਚਿਆਂ ਨੂੰ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਅਤੇ ਕੁਲਦੀਪ ਕੌਰ ਕੁੱਸਾ ਤੋਂ ਇਲਾਵਾ ਜ਼ਿਲ੍ਹਾ ਬਲਾਕ ਪੱਧਰ ਦੇ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਜ਼ੋਰ ਦਿਤਾ ਕਿ ਝੋਨੇ ਦੀ ਪੂਰੀ ਐਮ ਐਸ ਪੀ ’ਤੇ ਨਿਰਵਿਘਨ ਖ਼ਰੀਦ ਚਾਲੂ ਕਰਨ ਤੋਂ ਇਲਾਵਾ ਹੁਣ ਤਕ ਘੱਟ ਮੁੱਲ ’ਤੇ ਵਿਕੇ ਝੋਨੇ ਦੀ ਕਮੀ ਪੂਰਤੀ ਕੀਤੀ ਜਾਵੇ, ਸਰਕਾਰੀ ਸਿਫ਼ਾਰਸ਼ ਅਨੁਸਾਰ ਪਾਣੀ ਦੀ ਬੱਚਤ ਲਈ ਬੀਜੀ ਗਈ ਪੀ ਆਰ 126 ਕਿਸਮ ਦੇ ਪੂਸਾ 44 ਨਾਲੋਂ ਘੱਟ ਝਾੜ ਦੀ ਅਤੇ ਐਮ ਐਸ ਪੀ ਤੋਂ ਘੱਟ ਮਿਲੇ ਮੁੱਲ ਦੀ ਕਮੀ ਪੂਰਤੀ ਕੀਤੀ ਜਾਵੇ, ਬਾਸਮਤੀ ਦਾ ਲਾਭਕਾਰੀ ਐਮ ਐਸ ਪੀ ਮਿਥਿਆ ਜਾਵੇ ਅਤੇ ਹੁਣ ਪਿਛਲੇ ਸਾਲ ਵਾਲੇ ਔਸਤ ਰੇਟ ’ਤੇ ਖ਼ਰੀਦ ਕਰਨ ਤੋਂ ਇਲਾਵਾ ਹੁਣ ਤਕ ਪੈ ਚੁੱਕੇ ਘਾਟੇ ਦੀ ਕਮੀ ਪੂਰਤੀ ਕੀਤੀ ਜਾਵੇ, ਝੋਨੇ ਦੀ ਵੱਧ ਤੋਂ ਵੱਧ ਨਮੀ 22 ਫ਼ੀ ਸਦੀ ਕੀਤੀ ਜਾਵੇ ਅਤੇ ਦਾਗੀ ਦਾਣਿਆਂ ਵਰਗੀਆਂ ਹੋਰ ਸ਼ਰਤਾਂ ਨਰਮ ਕੀਤੀਆਂ ਜਾਣ, ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਉਨ੍ਹਾਂ ਦੀ ਮੰਗ ਅਨੁਸਾਰ ਮਿਥੀ ਜਾਵੇ।