
ਯੂਰਪੀ ਸ਼ਹਿਦ ਦੀ ਮੱਖੀ ਕਰੀਬ 75 ਫ਼ੀਸਦੀ ਫ਼ਸਲਾਂ ਦੇ ਪਰ-ਪਰਾਗਨ 'ਚ ਮਦਦ ਕਰਦੀ ਹੈ
ਯੂਰਪੀ ਸ਼ਹਿਦ ਦੀ ਮੱਖੀ ਕਰੀਬ 75 ਫ਼ੀਸਦੀ ਫ਼ਸਲਾਂ ਦੇ ਪਰ-ਪਰਾਗਨ 'ਚ ਮਦਦ ਕਰਦੀ ਹੈ। ਫੁੱਲਾਂ ਤੋਂ ਪਰਾਗ ਅਤੇ ਰਸ ਇਕੱਠਾ ਕਰਦਿਆਂ ਸ਼ਹਿਦ ਦੀਆਂ ਮੱਖੀਆਂ ਖੇਤੀ ਰਸਾਇਣਾਂ ਦੇ ਸੰਪਰਕ 'ਚ ਆ ਜਾਂਦੀਆਂ ਹਨ। ਮੱਖੀਆਂ 'ਤੇ ਕੀਟਨਾਸ਼ਕਾਂ ਦਾ ਜ਼ਿਆਦਾ ਪ੍ਰਭਾਵ ਉਦੋਂ ਹੁੰਦਾ ਹੈ ਜਦੋਂ ਜ਼ਿਆਦਾ ਜ਼ਹਿਰੀਲੇ ਰਸਾਇਣ, ਫ਼ਸਲਾਂ ਦੇ ਫੁੱਲ ਆਉਣ ਦੀ ਸਥਿਤੀ ਵੇਲੇ ਸਪਰੇਅ ਕੀਤੇ ਜਾਣ।
Bee
ਰਸਾਇਣਾਂ ਦਾ ਪ੍ਰਭਾਵ- ਖੇਤੀ ਰਸਾਇਣਾਂ ਦਾ ਸਿੱਧਾ ਅਸਰ ਮੱਖੀਆਂ ਦੀ ਮੌਤ ਦੇ ਰੂਪ 'ਚ ਸਾਹਮਣੇ ਆਉਂਦਾ ਹੈ। ਅਸਿੱਧੇ ਤੌਰ 'ਤੇ ਵੀ ਰਸਾਇਣ ਕਾਫ਼ੀ ਮਾੜਾ ਅਸਰ ਪਾਉਂਦੇ ਹਨ। ਇਹ ਰਸਾਇਣ ਮੱਖੀਆਂ ਦੇ ਬੋਧ ਭਾਵ, ਜਿਵੇਂ ਸਿੱਖਣ ਅਤੇ ਯਾਦ-ਸ਼ਕਤੀ, ਸਥਿਤੀ ਅਤੇ ਰਸਤੇ ਨੂੰ ਸਮਝਣ ਦੀ ਆਦਤ 'ਤੇ ਅਸਰ ਪਾਉਂਦੇ ਹਨ। ਮੱਖੀਆਂ ਦੇ ਰਸ ਅਤੇ ਪਰਾਗ ਇਕੱਠਾ ਕਰਨ ਦੀ ਸਮਰਥਾ ਉੱਪਰ ਵੀ ਇਨ੍ਹਾਂ ਦਾ ਮਾੜਾ ਅਸਰ ਪੈਂਦਾ ਹੈ। ਖੰਭਾਂ ਦੀਆਂ ਮਾਸਪੇਸ਼ੀਆਂ ਉੱਪਰ ਰਸਾਇਣਾਂ ਦਾ ਮਾੜਾ ਅਸਰ ਪੈਣ ਕਾਰਨ ਉੱਡਣ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਲਾਵਾ ਮੱਖੀਆਂ ਦੀ ਸੰਚਾਰ ਸਮਰਥਾ, ਪਾਚਨ-ਸ਼ਕਤੀ ਅਤੇ ਗਤੀ ਉੱਪਰ ਵੀ ਮਾੜਾ ਅਸਰ ਪੈਂਦਾ ਹੈ।
Bee
ਜ਼ਹਿਰਬਾਦ ਦੇ ਲੱਛਣ- ਕਟੁੰਬ ਨੇੜੇ ਮਰੀਆਂ ਜਾਂ ਮਰ ਰਹੀਆਂ ਮੱਖੀਆਂ ਦਾ ਹੋਣਾ। ਕਟੁੰਬ ਦੇ ਨੇੜੇ ਜ਼ਮੀਨ 'ਤੇ ਰੀਂਗ ਰਹੀਆਂ ਮੱਖੀਆਂ। ਗਾਰਡ ਮੱਖੀਆਂ ਦੀ ਪਛਾਣ ਸਮਰਥਾ ਘਟ ਜਾਂਦੀ ਹੈ। ਫਰੇਮਾਂ ਦੀਆਂ ਉੱਪਰਲੀਆਂ ਫੱਟੀਆਂ ਜਾਂ ਬਾਟਮ ਬੋਰਡ ਉੱਪਰ ਮਰੀਆਂ ਹੋਈਆਂ ਮੱਖੀਆਂ ਦੀ ਮੌਜੂਦਗੀ। ਮੱਖੀਆਂ ਦੇ ਸੁਭਾਅ 'ਚ ਗੁਸੈਲਾਪਣ ਆਉਣਾ। ਕਟੁੰਬ ਦੇ ਅੰਦਰ ਜਾਂ ਬਕਸੇ ਦੇ ਗੇਟ 'ਤੇ ਆਪਸ 'ਚ ਲੜ ਰਹੀਆਂ ਮੱਖੀਆਂ ਦਾ ਨਜ਼ਰ ਆਉਣਾ। ਕਟੁੰਬ ਵਿਚ ਇਕਦਮ ਖ਼ੁਰਾਕ ਤੇ ਬਰੂਡ ਦੀ ਘਾਟ ਆ ਜਾਣੀ। ਕਟੁੰਬ ਵਿਚ ਮਰਿਆ ਹੋਇਆ ਤੇ ਬਰੂਡ ਹੋਣਾ ਸ਼ਹਿਦ ਦੀਆਂ ਮੱਖੀਆਂ ਉੱਪਰ ਜ਼ਹਿਰ ਦੇ ਪ੍ਰਭਾਵ ਦੇ ਮੁੱਖ ਲੱਛਣ ਹਨ।
Bee
ਕੀਟਨਾਸ਼ਕ ਦੀ ਚੋਣ- ਜੇ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਵਿਰੁੱਧ ਇਕ ਤੋਂ ਜ਼ਿਆਦਾ ਰਸਾਇਣ ਅਸਰਦਾਰ ਹਨ ਤਾਂ ਉਸ ਰਸਾਇਣ ਦੀ ਚੋਣ ਕਰੋ ਜੋ ਹਾਨੀਕਾਰਕ ਜੀਵਾਂ ਵਿਰੁੱਧ ਅਸਰਦਾਰ ਤੇ ਸ਼ਹਿਦ ਦੀਆਂ ਮੱਖੀਆਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਉਂਦਾ ਹੋਵੇ। ਕੀਟਨਾਸ਼ਕ ਦੇ ਜ਼ਹਿਰੀਲੇਪਣ ਨੂੰ ਅਣਗੌਲਿਆ ਨਾ ਕਰੋ। ਜਿਹੜੇ ਬਹੁਤ ਘੱਟ ਜ਼ਹਿਰੀਲੇ ਰਸਾਇਣ ਹਨ, ਉਨ੍ਹਾਂ ਦੀ ਹੀ ਵਰਤੋਂ ਕਰੋ। ਫੁੱਲਾਂ ਤੋਂ ਰਸ ਤੇ ਪਰਾਗ ਇਕੱਠਾ ਕਰ ਰਹੀਆਂ ਸ਼ਹਿਦ ਦੀਆਂ ਮੱਖੀਆਂ ਰਸਾਇਣਾਂ ਦੇ ਰਹਿੰਦ-ਖੂੰਹਦ ਨੂੰ ਵੀ ਆਪਣੇ ਕਟੁੰਬਾਂ 'ਚ ਲੈ ਆਉਂਦੀਆਂ ਹਨ ਤੇ ਖ਼ੁਰਾਕ ਵਾਲੇ ਛੱਤਿਆਂ 'ਚ ਜਮ੍ਹਾਂ ਕਰ ਲੈਂਦੀਆਂ ਹਨ। ਇਸ ਜ਼ਹਿਰੀਲੀ ਖ਼ੁਰਾਕ ਨਾਲ ਪੂੰਗ ਮਰਨੀ ਸ਼ੁਰੂ ਹੋ ਜਾਂਦੀ ਹੈ।
Bee
ਸਪਰੇਅ ਸਮੇਂ ਸਾਵਧਾਨੀਆਂ- ਸ਼ਹਿਦ ਦੀਆਂ ਮੱਖੀਆਂ ਨੂੰ ਰਸਾਇਣਾਂ ਦੇ ਅਸਰ ਤੋਂ ਬਚਾਉਣ ਲਈ ਸਪਰੇਅ ਕਰਨ ਵੇਲੇ ਕਿਸਾਨਾਂ ਤੇ ਸ਼ਹਿਦ ਮੱਖੀ ਪਾਲਕ ਕੀਟਨਾਸ਼ਕ ਦੇ ਲੇਬਲ 'ਤੇ ਸ਼ਹਿਦ ਦੀਆਂ ਮੱਖੀਆਂ ਸਬੰਧੀ ਲਿਖੀ ਚਿਤਾਵਨੀ ਉੱਪਰ ਅਮਲ ਜ਼ਰੂਰ ਕਰਨ। ਫੁੱਲਾਂ 'ਤੇ ਆਈ ਫ਼ਸਲ ਸ਼ਹਿਦ ਦੀਆਂ ਮੱਖੀਆਂ ਨੂੰ ਆਕਰਸ਼ਿਤ ਕਰਦੀ ਹੈ, ਉਸ ਵੇਲੇ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਤੋਂ ਗੁਰੇਜ ਕਰੋ। ਫੁੱਲਾਂ ਵਾਲੀ ਫ਼ਸਲ 'ਤੇ ਰਸਾਇਣਾਂ ਦੀ ਸਪਰੇਅ ਸਵੇਰੇ ਜਾਂ ਸ਼ਾਮ ਵੇਲੇ ਕਰੋ, ਜਦੋਂ ਜ਼ਿਆਦਾਤਰ ਮੱਖੀਆਂ ਆਪਣੇ ਕਟੁੰਬਾਂ 'ਚ ਹੁੰਦੀਆਂ ਹਨ।
Bee
ਛਿੜਕਾਅ ਦਾ ਤਰੀਕਾ- ਛਿੜਕਾਅ ਸਮੇਂ ਰਸਾਇਣ ਕਟੁੰਬਾਂ ਉੱਪਰ ਸਿੱਧੇ ਨਾ ਪੈਣ। ਛਿੜਕਾਅ ਵੇਲੇ ਹਵਾ ਦਾ ਰੁਖ਼ ਮੱਖੀਆਂ ਦੇ ਕਟੁੰਬਾਂ ਵੱਲ ਨਾ ਹੋਵੇ। ਜੇ ਫ਼ਸਲ ਦੇ ਨੇੜੇ ਸ਼ਹਿਦ ਦੀਆਂ ਮੱਖੀਆਂ ਵਾਲੇ ਬਕਸੇ ਹੋਣ ਤਾਂ ਇਨ੍ਹਾਂ ਨੂੰ ਦੂਰ ਹਟਾ ਦੇਵੋ। ਕੀਟਨਾਸ਼ਕਾਂ ਦੇ ਖ਼ਾਲੀ ਡੱਬੇ ਨਸ਼ਟ ਕਰ ਦੇਵੋ। ਖ਼ਾਲੀ ਡੱਬੇ ਪਾਣੀ ਦੇ ਸਰੋਤਾਂ ਵਿਚ ਨਾ ਸੁੱਟੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।