
34 ਥਾਵਾਂ ਉਪਰ ਡੀਸੀ ਤੇ ਐਸਡੀਐਮ ਦਫ਼ਤਰਾਂ ਵਲ ਕੀਤੇ ਰੋਸ ਮਾਰਚ
Farmer News: 18 ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਾਲੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਦੇ ਸਾਂਝੇ ਸੱਦੇ ਉਪਰ ਪੰਜਾਬ ਭਰ ਵਿਚ ਕਿਸਾਨ ਪਰਾਲੀ ਸਾੜਨ ਦੇ ਮਾਮਲੇ ਵਿਚ ਪੁਲਿਸ ਕਾਰਵਾਈ ਅਤੇ ਸਰਕਾਰ ਵਲੋਂ ਲਾਏ ਜਾ ਰਹੇ ਜੁਰਮਾਨਿਆ ਦੇ ਵਿਰੋਧ ਵਿਚ ਸੜਕਾਂ ਉਪਰ ਉਤਰੇ। ਡੀਸੀ ਅਤੇ ਐਸਡੀਐਮ ਦਫ਼ਤਰਾਂ ਸਾਹਮਣੇ ਟਰਾਲੀਆਂ ਵਿਚ ਪਰਾਲੀ ਭਰਕੇ ਲਿਆਏ ਤੇ ਰੋਸ ਪ੍ਰਦਰਸ਼ਨ ਕੀਤੇ। ਹਰਿਆਣਾ ਵਿਚ ਵੀ ਕਈ ਥਾਈ ਪ੍ਰਦਰਸ਼ਨ ਹੋਣ ਦੀਆਂ ਖ਼ਬਰਾਂ ਹਨ।
ਪੰਜਾਬ ਵਿਚ ਕਈ ਥਾਈਂ ਸਰਕਾਰੀ ਦਫ਼ਤਰਾਂ ਅੱਗੇ ਪਰਾਲੀ ਸਾੜਨ ਤੋਂ ਰੋਕੇ ਜਾਣ ਕਾਰਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਧੱਕਾ-ਮੁਕੀ ਤੇ ਖਿੱਚ- ਧੂਹ ਵੀ ਹੋਈ। ਫ਼ਤਹਿਗੜ੍ਹ ਸਾਹਿਬ ਡੀਸੀ ਦਫ਼ਤਰ ਵਲ ਪਰਾਲੀ ਸਮੇਤ ਕੂਚ ਕਰ ਰਹੇ ਕਿਸਾਨ ਆਗੂ ਡੱਲੇਵਾਲ ਤੇ ਹੋਰ ਕਿਸਾਨਾਂ ਨੂੰ ਰਸਤੇ ਵਿਚ ਹੀ ਰੋਕ ਲਿਆ ਗਿਆ।ਇਸ ਕਾਰਨ ਉਨ੍ਹਾਂ ਮੁੱਖ ਮਾਰਗ ਹੀ ਜਾਮ ਕਰ ਦਿਤਾ।
ਕੁੱਝ ਥਾਵਾਂ ਉਪਰ ਕਿਸਾਨ ਰੁਕਾਵਟਾਂ ਦੇ ਬਾਵਜੂਦ ਸਰਕਾਰੀ ਦਫ਼ਤਰਾਂ ਦੇ ਨੇੜੇ ਜਾ ਕੇ ਰੋਸ ਪ੍ਰਗਟ ਕਰਨ ਲਈ ਪਰਾਲੀ ਸਾੜਨ ਵਿਚ ਸਫ਼ਲ ਵੀ ਹੋਏ। ਕਿਸਾਨ ਆਗੂਆਂ ਨੇ ਦਰਜ ਪਰਚੇ ਰੱਦ ਨਾ ਕੀਤੇ ਜਾਣ, ਮਾਲ ਰਿਕਾਰਡ ਵਿਚ ਕੀਤੀਆਂ ਰੈਡ ਐਂਟਰੀਆਂ ਖ਼ਤਮ ਕਰਨ ਤੇ ਲਾਏ ਜੁਰਮਾਨੇ ਵਾਪਸ ਨਾ ਲਏ ਜਾਣ ਤੇ ਸੰਘਰਸ਼ ਤੇਜ਼ ਕਰਨ ਦੀ ਸਰਕਾਰ ਨੂੰ ਚੇਤਾਵਨੀ ਦਿਤੀ ਹੈ। ਕਿਸਾਨਾਂ ਨੇ ਅੱਜ ਪ੍ਰਦਰਸ਼ਨਾਂ ਦੌਰਾਨ ਪਰਾਲੀ ਦੇ ਮਾਮਲੇ ਤੋਂ ਇਲਾਵਾ ਹੋਰ ਕਈ ਮੰਗਾਂ ਵੀ ਉਠਾਈਆਂ ਹਨ। ਅੱਜ ਪੰਜਾਬ ਅੰਦਰ 22 ਡੀਸੀ ਦਫ਼ਤਰਾਂ ਅਤੇ 12 ਐਸਡੀਐਮ ਸਮੇਤ 34 ਥਾਵਾਂ ਤੇ 12 ਤੋਂ 4 ਵਜੇ ਤਕ ਪ੍ਰਦਰਸ਼ਨ ਕੀਤੇ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਪਰਾਲੀ ਦੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਮੀਡੀਆ ਦੇ ਸਹਾਰੇ ਕਿਸਾਨ ਨੂੰ ਵਾਤਾਵਰਣ ਦਾ ਦੋਖੀ ਬਣਾ ਕੇ ਪੇਸ਼ ਕਰ ਰਹੀ ਹੈ ।
ਜਥੇਬੰਦੀਆਂ ਦੀ ਮੰਗ ਹੈ ਕਿ ਪਰਾਲੀ ਸਾੜਨ ’ਤੇ ਕੀਤੇ ਗਏ ਜੁਰਮਾਨੇ, ਪਰਚੇ ਤੇ ਰੈਡ ਐਂਟਰੀਆਂ ਰੱਦ ਕੀਤੀਆਂ ਜਾਣ, ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਪਾਸਪੋਰਟ ਅਤੇ ਹਥਿਆਰਾਂ ਦੇ ਲਾਇਸੇਂਸ ਤੇ ਹੋਰ ਸਰਕਾਰੀ ਸੁਵਿਧਾਵਾਂ ਰੱਦ ਕਰਨ ਜਿਹੇ ਤੁਗਲਕੀ ਫੁਰਮਾਨ ਵਾਪਸ ਲਏ ਜਾਣ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਲੋਕ ਮਾਰੂ ਅਤੇ ਪ੍ਰਾਈਵੇਟ ਵਪਾਰੀਆਂ ਦੇ ਹੱਥੀਂ ਬਿਜਲੀ ਵਿਭਾਗ ਵੇਚਣ ਦੀ ਨੀਅਤ ਨਾਲ ਲਿਆਂਦੀ ਗਈ ਨੀਤੀ ਤਹਿਤ ਧੱਕੇ ਨਾਲ ਲਗਾਏ ਜਾ ਰਹੇ ਨਵੇਂ ਕੁਨੈਕਸ਼ਨ ਅਤੇ ਖ਼ਰਾਬ ਹੋਏ ਮੀਟਰਾਂ ਦੀ ਥਾਂ ਪ੍ਰੀਪੇਡ ਮੀਟਰ ਲਗਾਉਣੇ ਬੰਦ ਕੀਤੇ ਜਾਣ, ਐਵਰੇਜ਼ ਅਨੁਸਾਰ ਬਿੱਲ ਭੇਜ ਕੇ ਲੁੱਟ ਖਸੁੱਟ ਕਰਨੀ ਬੰਦ ਕਰਨ, ਹੈਰੋਇਨ ਸਮੈਕ ਸਮੇਤ ਹਰ ਤਰ੍ਹਾਂ ਦੇ ਮਾਰੂ ਨਸ਼ਿਆਂ ਤੇ ਪੂਰਨ ਪਾਬੰਦੀ ਲਗਾਉਣ, ਜੁਮਲਾ ਮੁਸਤਰਕਾ ਜ਼ਮੀਨਾਂ ਸਮੇਤ ਹਰ ਤਰ੍ਹਾਂ ਦੀਆਂ ਆਬਾਦ ਕੀਤੀਆਂ ਜ਼ਮੀਨਾਂ ਸਬੰਧੀ ਮੁਸ਼ਕਲਾਂ ਹੱਲ ਕੀਤੇ ਜਾਣ ਦੀਆਂ ਮੰਗਾਂ ਵੀ ਕਿਸਾਨਾਂ ਦੇ ਇਸ ਸੰਘਰਸ਼ ਵਿਚ ਸ਼ਾਮਲ ਕੀਤੀਆਂ ਗਈਆਂ ਹਨ।
Farmers Protest in Punjab