
ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਉਤਪਾਦਨ ਦੀ ਲਾਗਤ 392.50 ਪੈਸੇ ਆ ਰਹੀ ਹੈ, ਜਦੋਂ ਕਿ ਸਰਕਾਰ ਦਾ ਕਹਿਣਾ ਹੈ ਕਿ ਉਤਪਾਦਨ ਦੀ ਲਾਗਤ 350 ਰੁਪਏ ਆ ਰਹੀ ਹੈ।
ਚੰਡੀਗੜ੍ਹ: ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕਿਸਾਨ ਯੂਨੀਅਨ ਦਰਮਿਆਨ ਵਿਚਕਾਰ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਬੇਸਿੱਟਾ ਰਹੀ। ਇਹ ਮੀਟਿੰਗ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਕਿਸਾਨਾਂ ਵਿਚਕਾਰ ਹੋਈ। ਪੰਜਾਬ ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਈ ਇਸ ਮੀਟਿੰਗ ਵਿਚ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਹੈ। ਹੁਣ ਸਰਕਾਰ ਕੱਲ੍ਹ ਜਲੰਧਰ ਵਿਚ ਸਾਢੇ 3 ਵਜੇ ਸਰਕਟ ਹਾਊਸ ਵਿਖੇ ਟੈਕਨੀਕਲ ਕਮੇਟੀ ਵਿਚ ਮੀਟਿੰਗ ਕਰੇਗੀ ਅਤੇ ਉਸ ਤੋਂ ਬਾਅਦ ਮੰਗਲਵਾਰ ਨੂੰ ਕਿਸਾਨ ਯੂਨੀਅਨ ਦੇ ਨਾਲ ਇੱਕ ਬੈਠਕ ਕੀਤੀ ਜਾਵੇਗੀ।
ਦੱਸ ਦਈਏ ਕਿ ਸਰਕਾਰ ਅਤੇ ਕਿਸਾਨ ਯੂਨੀਅਨ ਦਰਮਿਆਨ ਹੋਈ ਇਸ ਬੈਠਕ ਵਿਚ ਉਤਪਾਦਨ ਲਾਗਤ ਨੂੰ ਲੈ ਕੇ ਮੁੱਦਾ ਅਟਕਿਆ ਹੋਇਆ ਸੀ। ਦਰਅਸਲ, ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਉਤਪਾਦਨ ਦੀ ਲਾਗਤ 392.50 ਪੈਸੇ ਆ ਰਹੀ ਹੈ, ਜਦੋਂ ਕਿ ਸਰਕਾਰ ਦਾ ਕਹਿਣਾ ਹੈ ਕਿ ਉਤਪਾਦਨ ਦੀ ਲਾਗਤ 350 ਰੁਪਏ ਆ ਰਹੀ ਹੈ। ਇਸ ਕਾਰਨ ਅੱਜ ਦੀ ਇਸ ਮੀਟਿੰਗ ਵਿਚ ਕੋਈ ਨਤੀਜਾ ਸਾਹਮਣੇ ਨਹੀਂ ਆਇਆ।
ਇਸ ਦੇ ਨਾਲ ਹੀ ਇਸ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸੇ ਤਰ੍ਹਾਂ ਕਿਸਾਨ ਹਾਈਵੇਅ ਅਤੇ ਰੇਲਵੇ ਟਰੈਕ 'ਤੇ ਧਰਨਾ ਦਿੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮੰਗਲਵਾਰ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਉਸ ਤੋਂ ਬਾਅਦ ਉਹ ਪੂਰੇ ਪੰਜਾਬ ਨੂੰ ਬੰਦ ਕਰਨ ਦੀ ਕਾਲ ਦਿੱਤੀ ਜਾਵੇਗੀ। ਇਸ ਨਾਲ ਸਾਰੇ ਰੇਲਵੇ ਟਰੈਕ ਵੀ ਬੰਦ ਹੋ ਜਾਣਗੇ।
ਜ਼ਿਕਰਯੋਗ ਹੈ ਕਿ ਅੱਜ ਕਿਸਾਨ ਯੂਨੀਅਨ ਅਤੇ ਪੰਜਾਬ ਸਰਕਾਰ ਨਾਲ ਹੋਈ ਇਸ ਮੀਟਿੰਗ ਵਿੱਚ ਕਿਸਾਨ ਯੂਨੀਅਨ ਵੱਲੋਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜਗਜੀਤ ਧਲੇਵਾਲ, ਮਨਜੀਤ ਰਾਏ, ਕੁਲਦੀਪ ਸਿੰਘ ਬਜੀਦਪੁਰ, ਜੰਗਵੀਰ ਸਿੰਘ, ਹਰਮੀਤ ਕਾਦੀਆਂ, ਬਲਵਿੰਦਰ ਸਿੰਘ ਮਲੀਨੰਗਲ , ਸੁਖਪਾਲ ਸਿੰਘ, ਬਲਵਿੰਦਰ ਸਿੰਘ, ਕੁਲਵੰਤ ਸੰਧੂ ਸਮੇਤ ਬਲਦੇਵ ਸਿੰਘ ਸਿਰਸਾ ਹਾਜ਼ਰ ਸਨ।