
ਕਿਹਾ- ਜਿਸ ਦੇ ਲੜਕੇ ਨੇ ਜੇਲ੍ਹ ਕੱਟੀ ਹੋਵੇ ਅਤੇ ਜੋ ਵਿਅਕਤੀ ਖੁਦ ਅਪਰਾਧੀ ਹੋਵੇ, ਉਹ ਅਜਿਹੇ ਘਟੀਆ ਬਿਆਨ ਹੀ ਦੇਵੇਗਾ।
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਬਿਆਨ 'ਤੇ ਪਲਟਵਾਰ ਕੀਤਾ ਹੈ। ਉਹਨਾਂ ਕਿਹਾ ਕਿ ਜਿਸ ਦੇ ਲੜਕੇ ਨੇ ਜੇਲ੍ਹ ਕੱਟੀ ਹੋਵੇ ਅਤੇ ਜੋ ਵਿਅਕਤੀ ਖੁਦ ਅਪਰਾਧੀ ਹੋਵੇ, ਉਹ ਅਜਿਹੇ ਘਟੀਆ ਬਿਆਨ ਹੀ ਦੇਵੇਗਾ।
ਦਰਅਸਲ ਅਜੈ ਮਿਸ਼ਰਾ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹਨਾਂ ਨੇ ਰਾਕੇਸ਼ ਟਿਕੈਤ ਨੂੰ ‘ਦੋ ਕੌੜੀ ਦਾ ਆਦਮੀ’ ਕਿਹਾ ਹੈ। ਉਹਨਾਂ ਕਿਹਾ ਸੀ ਕਿ 2 ਕੌੜੀ ਦੇ ਰਾਕੇਸ਼ ਟਿਕੈਤ ਬਾਰੇ ਹਰ ਕੋਈ ਜਾਣਦਾ ਹੈ, ਜਿਸ ਨੇ 2 ਵਾਰ ਚੋਣਾਂ ਲੜੀਆਂ ਅਤੇ ਹਾਰ ਗਿਆ, ਅਜਿਹੇ ਵਿਅਕਤੀ ਨੂੰ ਜਵਾਬ ਦੇਣਾ ਮੈਂ ਵਾਜਬ ਨਹੀਂ ਸਮਝਦਾ।
ਇਸ ਬਿਆਨ ਦਾ ਜਵਾਬ ਦਿੰਦਿਆਂ ਟਿਕੈਤ ਨੇ ਕਿਹਾ ਕਿ ਅਜੈ ਮਿਸ਼ਰਾ ਨੇ ਆਪਣੇ ਬੇਟੇ ਨੂੰ ਉਕਸਾਇਆ, ਜਿਸ ਕਾਰਨ ਲਖੀਮਪੁਰ ਘਟਨਾ ਵਾਪਰੀ। ਉਸ ਦਾ ਪੁੱਤਰ ਜੇਲ੍ਹ ਵਿਚ ਹੈ। ਉਹ ਵਿਵਾਦਤ ਬਿਆਨ ਦਿੰਦੇ ਹਨ ਜਿਸ ਕਾਰਨ ਇਹ ਸਥਿਤੀ ਬਣੀ ਹੈ। ਪੁਲਿਸ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਖਾਸ ਤੌਰ 'ਤੇ ਭਾਰਤ ਸਰਕਾਰ ਨੂੰ ਅਜਿਹੇ ਲੋਕਾਂ ਨੂੰ ਆਪਣੀ ਕੈਬਨਿਟ 'ਚੋਂ ਕੱਢਣਾ ਚਾਹੀਦਾ ਹੈ।
ਟਿਕੈਤ ਨੇ ਕਿਹਾ ਕਿ ਟੈਨੀ ਇਸ ਗੱਲ ਤੋਂ ਗੁੱਸੇ 'ਚ ਸੀ ਕਿ ਲਖੀਮਪੁਰ ਖੇੜੀ 'ਚ 50,000 ਲੋਕ ਤਿੰਨ ਦਿਨਾਂ ਤੱਕ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਦੇ ਰਹੇ। ਸਾਡੀ ਮੰਗ ਹੈ ਕਿ ਉਹਨਾਂ ਨੂੰ ਕੇਂਦਰ ਦੇ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ। ਜਦੋਂ ਤੱਕ ਉਹ ਅਹੁਦੇ 'ਤੇ ਬਣੇ ਰਹਿਣਗੇ, ਉਹ ਲਖੀਮਪੁਰ ਖੇੜੀ ਹਿੰਸਾ ਦੀ ਜਾਂਚ ਨੂੰ ਪ੍ਰਭਾਵਿਤ ਕਰਦੇ ਰਹਿਣਗੇ। ਅੱਜ ਵੀ ਲਖੀਮਪੁਰ ਦੇ ਲੋਕ ਦਹਿਸ਼ਤ ਵਿਚ ਹਨ। ਉਹਨਾਂ ਨੂੰ ਵੀ ਮੁਕਤੀ ਦੀ ਲੋੜ ਹੈ।