
ਮਾਹਿਰਾਂ ਨੇ ਕਈ ਮੁੱਦਿਆਂ ਬਾਰੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ
ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਫੇਸਬੁੱਕ ਲਾਈਵ ਪ੍ਰੋਗਰਾਮ ਵਿਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਕਈ ਮੁੱਦਿਆਂ ਬਾਰੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਵਰਚੂਅਲ ਕਿਸਾਨ ਮੇਲੇ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਣ ਤੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ।
PAU Facebook live programme
ਉਹਨਾਂ ਕਿਹਾ ਕਿ ਇਸ ਮੇਲੇ ਨੂੰ ਪੰਜਾਬ ਅਤੇ ਆਸ ਪਾਸ ਦੇ ਸੂਬਿਆਂ ਦੇ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ । ਡਾ. ਰਿਆੜ ਨੇ ਕਿਹਾ ਕਿ ਸਾਬਕਾ ਵਿਦਿਆਰਥੀਆਂ ਨੇ ਵੀ ਪੂਰੀ ਦੁਨੀਆਂ ਵਿੱਚੋਂ ਵਰਚੂਅਲ ਮੇਲੇ ਲਈ ਕੀਤੇ ਯਤਨਾਂ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਕਿਸਾਨਾਂ ਨੂੰ ਸੰਬੋਧਿਤ ਹੁੰਦਿਆਂ ਯੂਨੀਵਰਸਿਟੀ ਦੇ ਪ੍ਰਕਾਸ਼ਿਤ ਖੇਤੀ ਸਾਹਿਤ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਿਸਾਨ 82880-57707 ਨੰਬਰ ਤੇ ਜਾਂ https://www.pau.edu/ ਰਾਹੀਂ ਜੁੜ ਸਕਦੇ ਹਨ।
PAU Facebook live programme
ਨਿਰਦੇਸ਼ਕ ਬੀਜ ਡਾ. ਟੀ ਐਸ ਢਿੱਲੋਂ ਨੇ ਵੱਖ-ਵੱਖ ਫ਼ਸਲਾਂ ਦੇ ਬੀਜਾਂ ਦੀ ਮੌਜੂਦਗੀ ਬਾਰੇ ਸੂਚਨਾ ਕਿਸਾਨਾਂ ਨਾਲ ਸਾਂਝੀ ਕੀਤੀ । ਉਹਨਾਂ ਕਿਹਾ ਪੀ.ਏ.ਯੂ. ਨੇ ਸਬਜ਼ੀਆਂ, ਤੇਲਬੀਜ ਅਤੇ ਰਸੋਈ ਬਗੀਚੀ ਦੇ ਬੀਜਾਂ ਦੀਆਂ ਕਿੱਟਾਂ ਤਿਆਰ ਕੀਤੀਆਂ ਹਨ । ਜੋ ਕਿਸਾਨ ਅਤੇ ਕਿਸਾਨ ਬੀਬੀਆਂ ਇਹ ਬੀਜ ਖਰੀਦਣਾ ਚਾਹੁਣ ਉਹ ਫਾਰਮ ਇਨਪੁੱਟਸ ਮੋਬਾਈਲ ਐਪ ਜਾਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ ।
PAU Facebook live programme
ਸੀਨੀਅਰ ਪਸਾਰ ਮਾਹਿਰ ਡਾ. ਅਮਰਜੀਤ ਸਿੰਘ ਨੇ ਝੋਨੇ ਵਿੱਚ ਸ਼ੀਥ ਬਲਾਈਟ ਬਾਰੇ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ । ਉਹਨਾਂ ਨੇ ਮੇਲੇ ਦੌਰਾਨ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ । ਇਸੇ ਤਰ੍ਹਾਂ ਕੀਟ ਵਿਗਿਆਨੀ ਡਾ. ਕੇ ਐਸ ਸੂਰੀ ਨੇ ਮੱਕੀ ਦੀ ਫਾਲ ਆਰਮੀਵਰਮ ਕੀੜੇ ਅਤੇ ਝੋਨੇ ਦੇ ਤੇਲੇ ਦੀ ਰੋਕਥਾਮ ਲਈ ਵਿਕਸਿਤ ਛਿੜਕਾਅ ਤਕਨੀਕਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ।
PAU Facebook live programme
ਸੀਨੀਅਰ ਖੋਜ ਇੰਜਨੀਅਰ ਡਾ. ਮਹੇਸ਼ ਨਾਰੰਗ ਨੇ ਮਸ਼ੀਨਰੀ ਦੀ ਚੋਣ ਬਾਰੇ ਕਿਸਾਨਾਂ ਨਾਲ ਵਿਚਾਰ ਸਾਂਝੇ ਕਰਦਿਆਂ ਟਰੈਕਟਰ ਦੀ ਯੋਗ ਵਰਤੋਂ ਬਾਰੇ ਗੱਲ ਕੀਤੀ। ਉਹਨਾਂ ਨੇ ਕੰਬਾਈਨ ਦੇ ਰਖ-ਰਖਾਵ ਅਤੇ ਸਾਂਭ ਸੰਭਾਲ ਬਾਰੇ ਵੀ ਵੱਡਮੁੱਲੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ।