
ਕਪਾਹ ਦੀ ਫਸਲ 'ਤੇ ਕੀਟਾਂ ਦੇ ਪੈਰੇ ਦੁਰਪ੍ਰਭਾਵ ਨੂੰ ਰੋਕਣ ਦੇ ਮਕਸਦ ਨਾਲ ਖੇਤਾਂ ਦੌਰਾ ਕੀਤਾ
ਫ਼ਰੀਦਕੋਟ, 25 ਜੂਨ - (ਬੀ.ਐੱਸ.ਢਿੱਲੋਂ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ, ਫਰੀਦਕੋਟ ਦੇ ਮੌਸਮ ਵਿਗਿਆਨੀ ਡਾ. ਸੁਧੀਰ ਕੁਮਾਰ ਮਿਸ਼ਰਾ ਅਤੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਸਿੰਘ ਨੇ ਨਰਮੇ ਤੇ ਕਪਾਹ ਦੀ ਫਸਲ 'ਤੇ ਕੀਟਾਂ ਦੇ ਪੈਰੇ ਦੁਰਪ੍ਰਭਾਵ ਨੂੰ ਰੋਕਣ ਦੇ ਮਕਸਦ ਨਾਲ ਖੇਤਾਂ ਦੌਰਾ ਕੀਤਾ ਅਤੇ ਫਸਲ ਦੇ ਬਚਾਓ ਲਈ ਕਿਸਾਨਾਂ ਨੂੰ ਸੁਝਾਅ ਦਿੱਤੇ।
cotton crop
ਡਾ. ਸੁਧੀਰ ਕੁਮਾਰ ਮਿਸ਼ਰਾ ਨੇ ਕਿਹਾ ਕਿ ਕਿਸਾਨ ਕਪਾਹ ਤੇ ਨਰਮੇ ਦੇ ਸ਼ੁਰੁਆਤੀ ਵਿਕਾਸ ਵੇਲੇ ਖੇਤਾਂ ਵਿੱਚ ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਨਸ਼ਟ ਕਰਨ। ਉਹਨਾਂ ਦੱਸਿਆ ਕਿ ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾਂ ਜਿਵੇਂ ਕਿ ਬੈਂਗਣ, ਟਮਾਟਰ, ਮਿਰਚਾਂ, ਮੂੰਗੀ, ਮਾਂਹ ਆਦਿ 'ਤੇ ਵੀ ਹੋ ਜਾਂਦਾ ਹੈ, ਇਸ ਵਾਸਤੇ ਇਹਨਾਂ ਫਸਲਾਂ ਦਾ ਲਗਾਤਾਰ ਸਰਵੇਖਣ ਕਰਨਾ ਚਾਹੀਦਾ ਹੈ ਅਤੇ ਲੋੜ ਮੁਤਾਬਿਕ ਇਸ ਦੀ ਰੋਕਥਾਮ ਵੀ ਕਰਨੀ ਚਾਹੀਦੀ ਹੈ।
cotton crop
ਉਨਾਂ ਆਖਿਆ ਕਿ ਖੇਤਾਂ ਦੇ ਆਲੇ-ਦੁਆਲੇ ਨਦੀਨਾਂ ਦੀ ਰੋਕਥਾਮ ਕਰਨੀ ਚਾਹੀਦੀ ਹੈ, ਤਾਂ ਜੋ ਮਿਲੀਬੱਗ ਇਹਨਾਂ ਨਦੀਨਾਂ 'ਤੇ ਆਪਣਾ ਵਾਧਾ ਨਾ ਕਰ ਸਕੇ ਅਤੇ ਫ਼ਸਲ ਇਸ ਦੇ ਹਮਲੇ ਤੋਂ ਬਚੀ ਰਹੇ। ਡਾ. ਮਿਸ਼ਰਾ ਨੇ ਦਸਿਆ ਕਿ ਪਿਛਲੇ ਹਫਤੇ ਬਾਰਿਸ਼ ਪੈਣ ਦੇ ਬਾਅਦ ਕਪਾਹ ਦੀ ਫਸਲ ਵਿੱਚ ਪੈਰਾ ਵਲਿਟ ਦਾ ਹਮਲਾ ਸ਼ੁਰੂ ਹੋਣ ਦੇ ਕਾਰਨ ਨਰਮੇ ਦੇ ਬੂਟਿਆਂ ਵਿੱਚ ਨੁਕਸਾਨ ਦੇਖਿਆ ਗਿਆ ਹੈ । ਇਸ ਦੀ ਰੋਕਥਾਮ ਲਈ ਕੋਬਾਲਟ ਕਲੋਰਾਈਡ 10 ਮਿਲੀਗ੍ਰਾਮ/ਲੀਟਰ ਪਾਣੀ ਦੇ ਘੋਲ ਦਾ ਛਿੜਕਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸਾਨ ਵੀਰ ਇਹ ਛਿੜਕਾਅ ਬੂਟਾ ਮੁਰਝਾਉਣਾ ਸ਼ੁਰੂ ਹੋਣ ਵੇਲੇ ਕਰਨ।
cotton crop
ਜ਼ਿਲਾ ਖੇਤੀਬਾੜੀ ਅਫਸਰ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ 'ਚ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਸਮੇਤ ਹੋਰ ਕੀਟਾਂ ਦੇ ਹਮਲੇ ਸਬੰਧੀ ਚੌਕਸੀ ਰੱਖੀ ਜਾ ਰਹੀ ਹੈ ਅਤੇ ਹਾਲੇ ਤੱਕ ਜ਼ਿਲੇ ਵਿਚ ਕਿਤੇ ਵੀ ਨਰਮੇ ਦੀ ਫਸਲ ਤੇ ਕਿਸੇ ਕੀਟਨਾਸ਼ਕ ਦੇ ਛਿੜਕਾਅ ਦੀ ਕੋਈ ਜਰੂਰਤ ਨਹੀਂ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਜਹਿਰਾਂ ਦੀ ਬੇਲੋੜੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਵਿਭਾਗ ਦੀਆਂ ਟੀਮਾਂ ਲਗਾਤਾਰ ਖੇਤਾਂ ਦਾ ਨੀਰਿਖਣ ਕਰ ਰਹੀਆਂ ਹਨ ਅਤੇ ਹਾਲੇ ਕਿਤੇ ਵੀ ਚਿੱਟੀ ਮੱਖੀ ਦਾ ਹਮਲਾ ਵੇਖਣ ਨੂੰ ਨਹੀਂ ਮਿਲਿਆ ਹੈ।
cotton crop
ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਅਮਨਦੀਪ ਕੇਸ਼ਵ ਨੇ ਦੱਸਿਆ ਕਿ ਕਿਸਾਨ ਨਰਮੇ ਦੇ ਖੇਤਾਂ ਵਿਚ ਲੱਗੀਆਂ ਵੱਲਾਂ ਨੂੰ ਪੁੱਟ ਦੇਣ ਕਿਉਂਕਿ ਇਹਨਾਂ 'ਤੇ ਚਿੱਟੀ ਮੱਖੀ ਦਾ ਹਮਲਾ ਪਹਿਲਾਂ ਸ਼ੁਰੂ ਹੁੰਦਾ ਹੈ। ਇਸੇ ਤਰਾਂ ਖੇਤਾਂ ਦੁਆਲਿਓਂ ਨਦੀਨ ਵੀ ਨਸ਼ਟ ਕਰ ਦਿਓ ਕਿਉਂਕਿ ਇਹ ਚਿੱਟੀ ਮੱਖੀ ਦੇ ਵਾਧੇ ਲਈ ਸਹਾਇਕ ਸਿੱਧ ਹੁੰਦੇ ਹਨ। ਖੇਤਾਂ ਦੇ ਦੌਰੇ ਦੌਰਾਨ ਕਿਸਾਨਾਂ ਨੂੰ ਕਿਹਾ ਕਿ ਜੇਕਰ ਚਿੱਟੀ ਮੱਖੀ ਦਾ ਹਮਲਾ ਖਤਰੇ ਦੀ ਹੱਦ ਨੂੰ ਪਾਰ ਕਰਨ ਲੱਗੇ ਤਾਂ ਪਹਿਲੀ ਸਪਰੇਅ ਨਿੰਮ ਅਧਾਰਤ ਕੀਟਨਾਸ਼ਕਾਂ ਦੀ ਕੀਤੀ ਜਾਵੇ ਜੋ ਕਿ ਵਾਤਾਵਰਨ 'ਤੇ ਮਾੜਾ ਅਸਰ ਨਹੀਂ ਪਾਉਂਦੇ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੀਟਨਾਸ਼ਕਾਂ ਦੀ ਜਦੋਂ ਵੀ ਵਰਤੋਂ ਕਰਨੀ ਪਵੇ ਤਾਂ ਉਹ ਹਰੀ ਤਿਕੋਣੀ ਦੇ ਨਿਸ਼ਾਨ ਵਾਲੇ ਕੀਟਨਾਸ਼ਕ ਵਰਤਣ ਕਿਉਂਕਿ ਅਜਿਹੇ ਕੀਟਨਾਸ਼ਕ ਵਾਤਾਵਰਨ ਲਈ ਘੱਟ ਨੁਕਸਾਨਦਾਇਕ ਹੁੰਦੇ ਹਨ।