ਨਰਮੇ ਦੀ ਭਰਪੂਰ ਫ਼ਸਲ ਪੱਕ ਰਹੀ ਸੀ ਪਰ ਲੋੜ ਤੋਂ ਬਾਅਦ ਆਈ ਬਾਰਸ਼ ਅਤੇ ਝੱਖੜ ਨੇ ਫ਼ਸਲ ਬੁਰੀ ਤਰ੍ਹਾਂ ਡੇਗ ਦਿਤੀ
ਸ੍ਰੀ ਮੁਕਤਸਰ ਸਾਹਿਬ,: ਦਸ ਦਿਨ ਪਹਿਲਾਂ ਪੰਜਾਬ ਵਿਚ ਨਰਮੇ ਦੀ ਇਕ ਨੰਬਰ ਫੁੱਲਾਂ ਨਾਲ ਭਰੀ ਮਹਿਕਦੀ ਫ਼ਸਲ ਬੇਮੌਸਮੀ ਬਾਰਸ਼ ਨੇ ਇਕ ਵਾਰ ਬੁਰੀ ਹਾਲਤ ਵਿਚ ਕਰ ਦਿਤੀ ਹੈ।
ਜ਼ਿਕਰਯੋਗ ਹੈ ਕਿ ਇਸ ਵਾਰ ਪੰਜਾਬ ਵਿਚ ਮਾਨਸੂਨ ਦੀਆਂ ਬਾਰਸ਼ਾਂ ਨਾ ਹੋਣ ਕਰ ਕੇ ਨਰਮੇ ਦੀ ਭਰਪੂਰ ਫ਼ਸਲ ਪੱਕ ਰਹੀ ਸੀ ਪਰ ਲੋੜ ਤੋਂ ਬਾਅਦ ਆਈ ਬਾਰਸ਼ ਅਤੇ ਝੱਖੜ ਨੇ ਫ਼ਸਲ ਬੁਰੀ ਤਰ੍ਹਾਂ ਡੇਗ ਦਿਤੀ ਅਤੇ ਬਾਰਸ਼ ਨੇ ਜਿਹੜਾ ਫਲ ਪੱਕ ਕੇ ਇਸੇ ਨਰਮੇ ਨੇ ਕਿਸਾਨਾਂ ਦੀਆਂ ਆਸਾਂ ਮੁਤਾਬਕ 30 ਤੋਂ 40 ਮਣ ਤਕ ਨਿਕਲਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ, ਇਕ ਹਫ਼ਤੇ ਵਿਚ ਹੀ ਸਾਰੀ ਕਹਾਣੀ ਉਲਟੀ ਕਰ ਦਿਤੀ।
ਜਿਹੜਾ ਨਰਮਾ ਟਿੱਡੀਆਂ ਅਤੇ ਫੁੱਲਾਂ ਨਾਲ ਭਰਿਆ ਪਿਆ ਸੀ, ਇਕ ਹਫ਼ਤੇ ਵਿਚ ਹੀ ਸਾਰੇ ਫੁਲ ਖ਼ਤਮ ਅਤੇ ਜਿਵੇਂ ਹਵਾ ਨਹੀਂ ਅੱਗ ਵੱਗ ਗਈ ਹੋਵੇ, ਪੱਤੇ ਵੀ ਝੁਲਸ ਗਏ ਜਿਸ ਕਰ ਕੇ ਉਪਰਲੇ ਫਲ ਪੂਰੀ ਤਰ੍ਹਾਂ ਨਹੀਂ ਪੱਕੇਗਾ ਤੇ ਜਿਥੇ ਕਿਸਾਨ 12 ਤੋਂ 16 ਕੁਇੰਟਲ ਦੇ ਝਾੜ ਦੀ ਉਮੀਦ ਲਾਈ ਬੈਠਾ ਸੀ ਉਹ ਹੁਣ ਅੱਧਾ, ਭਾਵ 6 ਤੋਂ 8 ਕੁਇੰਟਲ ਨਿਕਲਣ ਦੀ ਹੀ ਉਮੀਦ ਬਚੀ ਹੈ।
ਪਿਛਲੇ ਸਾਲ ਨਰਮੇ ਦੇ ਭਾਅ ਨੇ ਵੀ ਕਿਸਾਨਾਂ ਦਾ ਹੌਂਸਲਾ ਪਸਤ ਕਰ ਦਿਤਾ ਸੀ। ਇਸ ਵਾਰ ਨਰਮੇ ਦਾ ਰੇਟ ਜੇਕਰ 10 ਹਜ਼ਾਰ ਦੇ ਕਰੀਬ ਮਿਲਦਾ ਹੈ, ਤਾਂ ਅਗਲੇ ਸਾਲ ਕਿਸਾਨ ਨਰਮੇ ਦੀ ਬਿਜਾਈ ਬਾਰੇ ਸੋਚੇਗਾ, ਨਹੀਂ ਤਾਂ ਆਉਣ ਵਾਲੇ ਸਾਲ ਨਰਮੇ ਦੀ ਬਿਜਾਈ ਹੋਰ ਘਟਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਸਾਨ ਕਬੀਰ ਸਿੰਘ, ਨਾਮਧਾਰ ਸਿੰਘ ਗੰਧੜ ਨੇ ਕਿਹਾ ਕਿ ਸਰਕਾਰਾਂ ਵਾਅਦੇ ਤਾਂ ਵਧੇਰੇ ਕਰਦੀਆਂ ਹਨ, ਪਰ ਸਿਰੇ ਨਹੀਂ ਲਾਉਂਦੀਆਂ। ਪਹਿਲਾਂ ਬਾਰਸ਼ਾਂ ਨ ਹੋਣ ਕਰ ਕੇ ਝੋਨਾ ਚੰਗੀ ਤਰ੍ਹਾਂ ਵਧਿਆ ਫੁਲਿਆ ਨਹੀਂ, ਨਰਮਾ ਬਹੁਤ ਵਧੀਆ ਹੋਣ ਦੀ ਉਮੀਦ ਸੀ,ਉਹ ਤਬਾਹ ਕਰ ਦਿਤਾ। ਹੁਣ ਤਾਂ ਨਰਮੇ ਦੇ ਰੇਟ ’ਤੇ ਉਮੀਦਾਂ ਹਨ, ਨਹੀਂ ਤਾਂ ਨਰਮੇ ਤੋਂ ਜੱਟ ਉਕਾ ਹੀ ਕਿਨਾਰਾ ਕਰ ਜਾਣਗੇ।