
NDA ਗਠਜੋੜ ਵਿਚੋਂ ਬਾਹਰ ਆਉਣ ਤੋਂ ਬਾਅਦ ਬਾਦਲਾਂ ਕੋਲ ਵੀ ਅਪਣੇ ਸਿਆਸੀ ਵਿਰੋਧੀਆਂ ਵਾਂਗ ਇਨ੍ਹਾਂ ਖੇਤੀ ਬਿਲਾਂ ਦਾ ਵਿਰੋਧ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਸੀ ਬਚਿਆ।
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ਲਗਭਗ ਇਕ ਮਹੀਨੇ ਤੋਂ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇਦਿਆਂ ਦੀ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ 14 ਅਕਤੂਬਰ ਨੂੰ ਦਿੱਲੀ ਵਿਚ ਮੀਟਿੰਗ ਬੇਸਿੱਟਾ ਰਹੀ। ਇਸ ਮੀਟਿੰਗ ਨੇ ਇਨ੍ਹਾਂ ਬਿਲਾਂ ਵਿਰੁਧ ਸੰਘਰਸ਼ ਕਰ ਰਹੀਆਂ ਧਿਰਾਂ ਨੂੰ ਤਾਂ ਨਿਰਾਸ਼ ਕੀਤਾ ਹੀ ਹੈ, ਇਨ੍ਹਾਂ ਬਿਲਾਂ ਆਸਰੇ ਪੰਜਾਬ ਅੰਦਰ ਸਿਆਸੀ ਉਭਾਰ ਭਾਲ ਰਹੀ ਭਾਜਪਾ ਦੀ ਪੰਜਾਬ ਇਕਾਈ ਨੂੰ ਵੀ ਅਪਣੀ ਰਣਨੀਤੀ ਮੁੜ ਉਲੀਕਣ ਲਈ ਮਜਬੂਰ ਕਰ ਦਿਤਾ ਹੈ।
Farmers Protest
ਦਰਅਸਲ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਬਾਵਜੂਦ ਪੰਜਾਬ ਭਾਜਪਾ ਅਕਾਲੀ ਦਲ ਦੀ ਗਲਵਕੜੀ ਸਦਕਾ ਕਾਫ਼ੀ ਹੱਦ ਤਕ ਅਪਣੇ ਵੋਟ ਬੈਂਕ ਨੂੰ ਸੁਰੱਖਿਅਤ ਸਮਝਦੀ ਰਹੀ ਸੀ। ਇਸ ਲਈ ਖੇਤੀ ਬਿਲਾਂ ਕਾਰਨ ਉਪਜੇ ਹਾਲਾਤ ਦੇ ਚਲਦਿਆਂ, ਕੇਂਦਰ ਦੀ ਮੁਖ਼ਾਲਫ਼ਤ ਤੇ ਭਾਜਪਾ ਦੇ ਕੁੱਝ ਸੂਬਾਈ ਆਗੂਆਂ ਦੀ ਕਿਸਾਨਾਂ ਵਲੋਂ ਕੀਤੀ ਘੇਰਾਬੰਦੀ ਵੀ ਪੰਜਾਬ ਭਾਜਪਾ ਦੇ ਹੌਸਲੇ ਪਸਤ ਨਹੀਂ ਕਰ ਸਕੀ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਖੌਤੀ ਕ੍ਰਿਸ਼ਮਈ ਸ਼ਖ਼ਸੀਅਤ ਆਸਰੇ ਦੇਰ ਸਵੇਰ ਕਿਸਾਨਾਂ ਦੀ ਕੁੜਿੱਕੀ ਵਿਚੋਂ ਬਾਹਰ ਨਿਕਲ ਜਾਣ ਲਈ ਆਸਵੰਦ ਸੀ।
PM Modi
ਦੂਜੇ ਪਾਸੇ ਅਪਣੇ ਕਾਰਜਕਾਲ ਦੌਰਾਨ ਵਾਪਰੀਆਂ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਦੀਆਂ ਦਿਲ ਚੀਰਵੀਆਂ ਘਟਨਾਵਾਂ ਅਕਾਲੀ ਦਲ ਦੇ ਗਲੇ ਦੀ ਹੱਡੀ ਬਣੀਆਂ ਹੋਣ ਕਾਰਨ ਅਪਣੇ ਵੋਟ ਬੈਂਕ ਨੂੰ ਸੰਭਾਲੀ ਰਖਣ ਲਈ ਲੋਚਦਾ ਅਕਾਲੀ ਦਲ ਵੀ ਭਾਜਪਾ ਨਾਲ ਅਪਣਾ ਸਾਥ ਬਰਕਰਾਰ ਰੱਖਣ ਦੇ ਰੌਂਅ ਵਿਚ ਸੀ।
ਪਰ ਕਿਸਾਨਾਂ ਵਲੋਂ ਖੇਤੀ ਬਿਲਾਂ ਦੇ ਕੀਤੇ ਭਾਰੀ ਵਿਰੋਧ ਨੂੰ ਵੇਖਦਿਆਂ ਤੇ ਅਪਣੀ ਗੁਆਚੀ ਸਿਆਸੀ ਜ਼ਮੀਨ ਹਾਸਲ ਕਰਨ ਦੀ ਮਨਸ਼ਾ ਨਾਲ, ਅਕਾਲੀ ਦਲ ਨੇ ਪਹਿਲਾਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਵਜ਼ਾਰਤ ਵਿਚੋਂ ਅਸਤੀਫ਼ਾ ਦਿਵਾ ਕੇ ਬੁੱਤਾ ਸਾਰਨਾ ਚਾਹਿਆ ਪਰ ਬੀਬਾ ਹਰਸਿਮਰਤ ਦੇ ਅਸਤੀਫ਼ੇ ਦੇ ਬਾਵਜੂਦ ਅਪਣੀ ਗੱਲ ਬਣਦੀ ਨਾ ਵੇਖ, ਅੱਕ ਚਬਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਭਾਜਪਾ ਨਾਲ ਅਕਾਲੀ ਦਲ ਦੀ ਤਕਰੀਬਨ ਤਿੰਨ ਦਹਾਕੇ ਪੁਰਾਣੀ ਸਾਂਝ ਨੂੰ ਵਿਸਾਰਦਿਆਂ ਐਨ.ਡੀ.ਏ ਵਿਚੋਂ ਬਾਹਰ ਆਉਣ ਦਾ ਕੌੜਾ ਘੁੱਟ ਭਰਨਾ ਪਿਆ।
Harsimrat Kaur Badal
ਬਾਵਜੂਦ ਇਸ ਦੇ ਕਿ ਪਾਰਟੀ ਪ੍ਰਮੁੱਖ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ਚੁੱਪੀ ਧਾਰ ਕੇ ਅਤੇ ਅਪਣੇ ਪੁਰਾਣੇ ਭਾਈਵਾਲ ਭਾਜਪਾ ਪ੍ਰਤੀ ਕੁਸੈਲੇ ਬੋਲ ਨਾ ਬੋਲ ਕੇ ਭਵਿੱਖ ਵਿਚ ਮੁੜ ਗਠਜੋੜ ਕਰ ਸਕਣ ਦਾ ਰਾਹ ਖੁੱਲ੍ਹਾ ਰਖਿਆ ਹੋਇਆ ਹੈ। ਪਰ ਅਪਣੀ ਸਿਆਸੀ ਮਜਬੂਰੀ ਤੇ ਲੋਕ ਰੋਹ ਨੂੰ ਵੇਖਦਿਆਂ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨਾਲੋਂ ਪਤੀ-ਪਤਨੀ ਦਾ ਰਿਸ਼ਤਾ ਤੋੜ ਦਿਤਾ।
Sukhbir Badal And Parkash Badal
ਹਾਲਾਂਕਿ ਪੰਜਾਬ ਦੀ ਵਸੋਂ ਦਾ ਇਕ ਵੱਡਾ ਤਬਕਾ ਅਕਾਲੀ ਬਾਦਲ ਤੇ ਸੁਖਬੀਰ ਬਾਦਲ ਦੇ ਐਨ.ਡੀ.ਏ. ਵਿਚੋਂ ਬਾਹਰ ਆਉਣ ਦੇ ਇਸ ਕਦਮ ਨੂੰ ਸਿਆਸੀ ਸਟੰਟ ਤੇ ਮੌਕੇ ਦੀ ਸਿਆਸਤ ਗਰਦਾਨ ਰਿਹਾ ਹੈ। ਪਰ ਕਿਸਾਨੀ ਸੰਘਰਸ਼ ਦੇ ਚਲਦਿਆਂ ਅਪਣੇ ਵੋਟ ਬੈਂਕ ਨੂੰ ਹੱਥਾਂ ਵਿਚ ਰੱਖਣ ਲਈ ਸੁਖਬੀਰ ਬਾਦਲ ਕੋਲ ਸ਼ਾਇਦ ਹੋਰ ਕੋਈ ਚਾਰਾ ਵੀ ਨਹੀਂ ਸੀ। ਐਨ.ਡੀ.ਏ. ਗਠਜੋੜ ਵਿਚੋਂ ਬਾਹਰ ਆਉਣ ਤੋਂ ਬਾਅਦ ਸੁਖਬੀਰ ਬਾਦਲ ਕੋਲ ਵੀ ਅਪਣੇ ਸਿਆਸੀ ਵਿਰੋਧੀਆਂ ਕਾਂਗਰਸ ਤੇ ਆਪ ਵਾਂਗ ਇਨ੍ਹਾਂ ਖੇਤੀ ਬਿਲਾਂ ਦਾ ਵਿਰੋਧ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਸੀ ਬਚਿਆ।
Capt Amrinder Singh-Sukhbir Badal
ਲਿਹਾਜ਼ਾ ਛੋਟੇ ਬਾਦਲ ਸਾਹਬ ਨੇ ਉਹੀ ਕੀਤਾ ਜੋ ਇਸ ਵਕਤ ਸਿਆਸਤ ਨੂੰ ਦਰਕਾਰ ਸੀ ਪਰ ਅਕਾਲੀ ਦਲ ਲਈ ਪ੍ਰੇਸ਼ਾਨੀ ਵਾਲੀ ਗੱਲ ਇਹ ਰਹੀ ਕਿ ਖੇਤੀ ਬਿਲਾਂ ਵਿਰੁਧ ਭੁਗਤਣ ਤੇ ਅਪਣੀ ਪਾਰਟੀ ਨੂੰ ਕਿਸਾਨ ਹਿਤੈਸ਼ੀ ਦਰਸਾਉਣ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨ ਅਕਾਲੀ ਦਲ ਉਤੇ ਪੂਰੀ ਤਰ੍ਹਾਂ ਇਤਬਾਰ ਨਹੀਂ ਕਰ ਪਾ ਰਹੇ ਤੇ ਆਪੋ ਅਪਣੇ ਧੜਿਆਂ ਵਿਚ ਵੰਡੇ ਕਿਸਾਨਾਂ ਨੇ ਅਪਣੇ ਪੱਧਰ ਤੇ ਹੀ ਖੇਤੀ ਬਿਲਾਂ ਵਿਰੋਧੀ ਸੰਘਰਸ਼ ਨੂੰ ਬਰਕਰਾਰ ਰਖਿਆ ਹੋਇਆ ਹੈ। ਕਿਸਾਨਾਂ ਨੇ ਇਕ ਗੱਲ ਸਾਫ਼ ਤੌਰ ਉਤੇ ਆਖੀ ਹੈ ਕਿ ਉਨ੍ਹਾਂ ਨੂੰ ਅੱਜ ਕਿਸੇ ਵੀ ਸਿਆਸੀ ਪਾਰਟੀ ਉਤੇ ਇਤਬਾਰ ਨਹੀਂ ਹੈ।
Shiromani Akali Dal
ਬੇਸ਼ਕ ਕਾਂਗਰਸ ਤੇ ਆਪ ਪਾਰਟੀਆਂ ਨੇ ਵੀ ਅਪਣੇ ਕਾਰਕੁਨਾਂ ਰਾਹੀਂ ਪਿਛਲੇ ਦਰਵਾਜ਼ੇ ਰਾਹੀਂ ਇਸ ਸੰਘਰਸ਼ ਵਿਚ ਸ਼ਾਮਲ ਹੋ, ਅਪਣੀਆਂ ਪਾਰਟੀਆਂ ਨੂੰ ਅਕਾਲੀ ਦਲ ਬਾਦਲ ਵਾਂਗ ਕਿਸਾਨ ਹਿਤੈਸ਼ ਹੋਣ ਦਾ ਭਰਮ ਦੇਣਾ ਚਾਹਿਆ ਪਰ ਅਸਲੀਅਤ ਇਹੀ ਰਹੀ ਕਿ ਪੰਜਾਬ ਦਾ ਵਰਤਮਾਨ ਕਿਸਾਨ ਸੰਘਰਸ਼ ਨਿਰੌਲ ਕਿਸਾਨੀ ਦੀ ਪ੍ਰਾਪਤੀ ਹੋ ਨਿਬੜਿਆ ਹੈ। ਇਸ ਸੰਘਰਸ਼ ਵਿਚ ਕਿਸਾਨਾਂ ਤੋਂ ਇਲਾਵਾ ਪੰਜਾਬ ਦੇ ਹੋਰ ਵਰਗਾਂ ਜਿਵੇਂ ਆੜ੍ਹਤੀ, ਡਾਕਟਰ, ਲੇਖਕ, ਕਲਾਕਾਰ ਤੇ ਆਮ ਦੁਕਾਨਦਾਰ ਸ਼ਮੂਲੀਅਤ ਕਰ ਰਹੇ ਹਨ।
Aam Aadmi Party Punjab
ਹਾਲਾਂਕਿ ਵਰਤਮਾਨ ਦੌਰ ਦਾ ਕਿਸਾਨ ਸੰਘਰਸ਼ ਨਿਰੋਲ ਕਿਸਾਨਾਂ ਦੀ ਪ੍ਰਾਪਤੀ ਹੋ ਨਿਬੜਿਆ ਹੈ। ਪਰ ਦੂਜੇ ਪਾਸੇ ਸੱਚਾਈ ਇਹ ਵੀ ਹੈ ਕਿ ਇਹ ਕਿਸਾਨੀ ਸੰਘਰਸ਼ ਕਿਸੇ ਇਕ ਝੰਡੇ ਹੇਠ ਸਿਮਟਿਆ ਹੋਇਆ ਨਾ ਹੋ ਕੇ ਵੱਖੋ-ਵੱਖ ਧੜਿਆਂ ਵਿਚ ਵੰਡਿਆ ਹੋਇਆ ਹੈ। ਉਨ੍ਹਾਂ ਧੜਿਆਂ ਵਿਚੋਂ ਵੀ ਬਹੁ ਗਿਣਤੀ ਧੜੇ ਖੇਤੀ ਕਾਨੂੰਨ ਵਾਪਸ ਹੋਣ ਤਕ ਸੰਘਰਸ਼ ਨੂੰ ਜਾਰੀ ਰੱਖਣ ਲਈ ਬਜ਼ਿੱਦ ਹਨ ਜਦਕਿ ਕੁੱਝ ਧੜੇ ਕਾਨੂੰਨਾਂ ਵਿਚ ਜ਼ਰੂਰੀ ਸੋਧ ਲਈ ਸਰਕਾਰ ਨਾਲ ਗੱਲਬਾਤ ਕਰਨ ਦੇ ਹੱਕ ਵਿਚ ਹਨ ਤੇ ਬਸ ਕਿਸਾਨਾਂ ਦੇ ਸਾਂਝੇ ਸੰਘਰਸ਼ ਦੀ ਇਸੇ ਧੜੇਬੰਦੀ ਦਾ ਫ਼ਾਇਦਾ ਕੇਂਦਰ ਚੁੱਕ ਰਿਹਾ ਹੈ। ਕਿਸੇ ਇਕ ਠੋਸ ਨੇਤਾ, ਕਿਸੇ ਇਕ ਝੰਡੇ ਦੀ ਗ਼ੈਰਹਾਜ਼ਰੀ ਨੂੰ ਸਮਝਦੇ ਹੋਏ ਕੇਂਦਰ ਵੀ ਇਸ ਸੰਘਰਸ਼ ਨੂੰ ਤਦ ਤਕ ਲਮਕਾਉਣ ਦੇ ਰੌਂਅ ਵਿਚ ਜਾਪਦਾ ਹੈ ਜਦ ਤਕ ਇਹ ਸੰਘਰਸ਼ ਕਿਸੇ ਇਕ ਝੰਡੇ ਦਾ ਝੰਡਾਬਰਦਾਰ ਨਹੀਂ ਬਣ ਜਾਂਦਾ।
Farmers Protest
ਕੇਂਦਰ ਦਾ ਭਗਵਾਂ ਬ੍ਰਿਗੇਡ ਜਾਣਦਾ ਸਮਝਦਾ ਹੈ ਕਿ ਪੰਜਾਬ ਵਿਚ ਵਿਰੋਧੀ ਪਾਰਟੀ ਕਾਂਗਰਸ ਦੀ ਸਰਕਾਰ ਹੋਣ ਦੇ ਚਲਦਿਆਂ ਸੰਘਰਸ਼ ਵਿਰਾਮ ਦਾ ਸਿਹਰਾ ਕਾਂਗਰਸ ਸਿਰ ਬੰਨ੍ਹਣਾ ਸਿਆਸੀ ਤੌਰ ਉਤੇ ਉਸ ਦੇ ਹੱਕ ਵਿਚ ਨਹੀਂ ਭੁਗਤਦਾ। ਉਹ ਇਹ ਵੀ ਜਾਣਦਾ ਹੈ ਕਿ ਆਪ ਨੂੰ ਸਿਹਰਾ ਬਣਵਾ ਕੇ ਕੇਜਰੀਵਾਲ ਤੇ ਆਪ ਦੀ ਪੰਜਾਬ ਇਕਾਈ ਦਾ ਕੱਦ ਵੱਡਾ ਕਰਨਾ ਸਿਆਸੀ ਤੌਰ ਉਤੇ ਉਸ ਲਈ ਭਵਿੱਖ ਵਿਚ ਘਾਟੇ ਵਾਲਾ ਸੌਦਾ ਸਾਬਤ ਹੋਣਾ ਹੈ।
BJP
ਅਪਣੀਆਂ ਮਜਬੂਰੀਆਂ ਕਾਰਨ ਇਸ ਦੇ ਪੁਰਾÎਣੇ ਭਾਈਵਾਲ ਅਕਾਲੀ ਦਲ ਬਾਦਲ ਦਾ ਹੁਣ ਇਸ ਦੇ ਗਠਜੋੜ ਦਾ ਹਿੱਸਾ ਨਾ ਰਹਿਣਾ ਵੀ ਇਸ ਨੂੰ ਨਵੀਂ ਰਣਨੀਤੀ ਘੜਨ ਲਈ ਮਜਬੂਰ ਕਰ ਰਿਹਾ ਹੈ। ਉਂਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਖੌਤੀ ਤਲਿਸਮ ਨਾਲ ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਅਪਣੇ ਦਮ ਤੇ ਲੜਨਾ ਲੋਚਦੀ ਪੰਜਾਬ ਭਾਜਪਾ ਇਕਾਈ, ਅਕਾਲੀ ਦਲ ਬਾਦਲ ਤੋਂ ਵੱਖ ਹੋਣ ਤੋਂ ਬਾਅਦ ਅਕਾਲੀ ਦਲ ਬਾਦਲ ਨੂੰ ਸਿਹਰਾ ਦੇਣ ਦੇ ਹੱਕ ਵਿਚ ਨਹੀਂ ਜਾਪਦੀ।
SAD-BJP alliance
ਪਰ ਕਿਸੇ ਕ੍ਰਿਸ਼ਮਈ ਲੀਡਰ ਦੀ ਘਾਟ ਤੇ ਖੇਤੀ ਬਿੱਲਾਂ ਕਾਰਨ ਪੰਜਾਬ ਅੰਦਰ ਭਾਜਪਾ ਦੇ ਵਿਰੋਧ ਦੇ ਚਲਦਿਆਂ ਖ਼ੁਦ ਪੰਜਾਬ ਭਾਜਪਾ ਇਸ ਹਾਲਤ ਵਿਚ ਨਹੀਂ ਕਿ ਕਿਸਾਨੀ ਸੰਘਰਸ਼ ਨੂੰ ਖ਼ਤਮ ਕਰਵਾ ਕੇ ਜਿੱਤ ਦਾ ਸਿਹਰਾ ਅਪਣੇ ਸਿਰ ਸਜਾ ਲਵੇ। ਅਕਾਲੀ ਦਲ ਤੋਂ ਵੱਖ ਹੋ ਕੇ ਅਪਣੀ ਰਾਜਨੀਤਕ ਜ਼ਮੀਨ ਤਲਾਸ਼ ਰਿਹਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਧੜਾ ਅਪਣੇ ਸੀਮਤ ਦਾਇਰੇ ਕਾਰਨ ਹਾਲੇ ਖ਼ੁਦ ਇਸ ਹਾਲਤ ਵਿਚ ਨਹੀਂ ਕਿ ਕੇਂਦਰ ਨੂੰ ਕਿਸਾਨਾਂ ਦੇ ਹੱਕ ਵਿਚ ਭੁਗਤਾ ਸਕੇ। ਸੋ ਕੁੱਲ ਮਿਲਾ ਕੇ ਕਿਸਾਨੀ ਸੰਘਰਸ਼ ਦੀਆਂ ਇਨ੍ਹਾਂ ਅੰਦਰੂਨੀ ਪਰਤਾਂ ਕਾਰਨ, ਦਿੱਲੀ ਸ਼ਹਿ ਤੇ ਮਾਤ ਦੀ ਇਸ ਸ਼ਤਰੰਜ ਦੀ ਖੇਡ ਵਿਚ ਹਰ ਕਦਮ ਫੂਕ-ਫੂਕ ਕੇ ਰੱਖ ਰਿਹਾ ਹੈ।
Sukhdev singh dhindsa
ਹੁਣ ਜਦੋਂ ਕਿਸਾਨੀ ਮਸਲਾ ਪੂਰੀ ਤਰ੍ਹਾਂ ਭੱਖ ਚੁਕਿਆ ਹੈ ਤਾਂ ਯਕੀਨਨ ਕੇਂਦਰ ਦੀ ਹਕੂਮਤ ਇਸੇ ਕੋਸ਼ਿਸ਼ ਵਿਚ ਹੋਵੇਗੀ ਕਿ ਕੋਈ ਇਹੋ ਜਿਹਾ ਲੀਡਰ, ਕੋਈ ਇਹੋ ਜਿਹਾ ਲੋਕ ਨੁਮਾਇੰਦਾ ਅੱਗੇ ਲਿਆਂਦਾ ਜਾਵੇ ਜਿਹੜਾ ਪੰਜਾਬ ਦੀ ਕਿਸਾਨੀ ਦੇ ਹੱਕ ਵਿਚ ਭੁਗਤਾਉਣ ਜਾਂ ਕੇਂਦਰ ਤੇ ਕਿਸਾਨਾਂ ਵਿਚ ਆਪਸੀ ਤਾਲਮੇਲ ਬਿਠਾਉਣ ਦੇ ਨਾਲ-ਨਾਲ, ਸੰਘਰਸ਼ ਕਰ ਰਹੀਆਂ ਧਿਰਾਂ ਨੂੰ ਇਕ ਪਲੇਟਫ਼ਾਰਮ ਉੱਤੇ ਇਕਠਿਆਂ ਕਰੇ ਤੇ ਪੰਜਾਬ ਵਿਚ ਭਾਜਪਾ ਲਈ ਸਿਆਸੀ ਜ਼ਮੀਨ ਮੁਹਈਆ ਕਰਵਾ ਸਕੇ।
Captain Amarinder Singh
ਉਹ ਨੁਮਾਇੰਦਾ ਜਿਹੜਾ ਕਿਸਾਨੀ ਵਿਚ ਪੈਂਠ ਵੀ ਰਖਦਾ ਹੋਵੇ, ਖੇਤੀ ਬਿਲਾਂ ਨੂੰ ਲੈ ਕੇ ਕਿਸਾਨੀ ਖ਼ਦਸ਼ਿਆਂ ਨੂੰ ਦੂਰ ਕਰ ਸਕਣ ਦੇ ਸਮਰੱਥ ਵੀ ਹੋਵੇ ਤੇ ਦੇਰ ਸਵੇਰ ਭਾਜਪਾ ਦੇ ਏਜੰਡੇ ਨੂੰ ਵੀ ਅੱਗੇ ਤੋਰਨ ਦੇ ਕਾਬਲ ਹੋਵੇ। ਕੋਈ ਅਜਿਹਾ ਲੀਡਰ ਜਿਸ ਨੂੰ ਮੂਹਰੇ ਲਗਾ ਕੇ ਪੰਜਾਬ ਭਾਜਪਾ ਇਕੱਲਿਆਂ ਵਿਧਾਨ ਸਭਾ ਚੋਣ ਲੜਨ ਦੇ ਅਪਣੇ ਮਨਸੂਬੇ ਨੂੰ ਹਕੀਕਤ ਵਿਚ ਤਬਦੀਲ ਹੁੰਦਿਆਂ ਵੇਖ ਸਕੇ।
Rahul Gandhi And Harish Rawat Punjab Rally
ਬਿਨਾਂ ਸ਼ੱਕ ਕਿਸਾਨੀ ਤੇ ਕਿਸਾਨਾਂ ਦੇ ਇਸ ਉਲਝੇ ਮਸਲੇ ਨੂੰ ਸੁਲਝਾਉਣ ਲਈ ਜਿਹੜਾ ਵੀ ਕੋਈ ਆਗੂ ਕੋਈ ਪਹਿਲ ਕਦਮੀ ਕਰਦਾ ਹੈ ਤਾਂ ਇਹ ਪੇਸ਼ਕਦਮੀ ਯਕੀਨਨ ਉਸ ਅਖੌਤੀ ਲੀਡਰ ਦੇ ਸਿਆਸੀ ਜੀਵਨ ਲਈ ਤਾਂ ਮੀਲ ਦਾ ਪੱਥਰ ਸਾਬਤ ਹੋਵੇਗੀ ਹੀ, ਪੰਜਾਬ ਤੇ ਪੰਜਾਬੀਅਤ ਲਈ ਵੀ ਸ਼ੁਭ ਸੰਕੇਤ ਬਣ ਕੇ ਬਹੁੜੇਗੀ। ਭਵਿੱਖ ਵਿਚ ਕਾਂਗਰਸ ਵਿਚ ਹੁੰਦਿਆਂ ਕਾਂਗਰਸ ਦੀ ਪੰਜਾਬ ਇਕਾਈ ਨਾਲ ਦੂਰੀ ਬਣਾਈ ਬੈਠੇ ਤੇ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਕੁੱਝ ਦਿਨ ਪਹਿਲਾਂ ਹੋਈ ਟਰੈਕਟਰ ਰੈਲੀ ਵਿਚ ਅਪਣੇ ਬਾਗੀ ਤੇਵਰ ਵਿਖਾਉਣ ਵਾਲੇ ਸਾਬਕਾ ਭਾਜਪਾਈ ਆਗੂ ਨਵਜੋਤ ਸਿੰਘ ਸਿੱਧੂ ਤੋਂ ਪੰਜਾਬੀ ਜਨਮਾਨਸ ਦਾ ਇਕ ਧੜਾ ਕੁੱਝ ਇਸ ਤਰ੍ਹਾਂ ਦੀ ਹੀ ਤਵੱਕੋਂ ਕਰੀ ਬੈਠਾ ਹੈ।
ਸੰਪਰਕ : 94173-58393
ਡਾ. ਸਤੀਸ਼ ਠੁਕਰਾਲ