
ਉਨ੍ਹਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਮੱਕੀ ਬੀਜਣ ਲਈ ਪ੍ਰੇਰਿਤ ਕੀਤਾ
ਸ਼ੁਤਰਾਣਾ/ਘੱਗਾ (ਬਲਬੀਰ ਸ਼ੁਤਰਾਣਾ/ਰਮਨ ਜੋਸ਼ੀ) : ਪੰਜਾਬ ਸਰਕਾਰ ਵੱਲੋਂ ਪਾਣੀ ਦੇ ਲਗਾਤਾਰ ਡਿਗਦੇ ਪੱਧਰ ਨੂੰ ਉੱਚਾ ਚੁੱਕਣ ਲਈ ਝੋਨੇ ਦੀ ਥਾਂ ਮੱਕੀ ਬੀਜਣ ਲਈ ਪ੍ਰੇਰਿਤ ਕਰਨ ਦੇ ਮਨਸੂਬੇ ਨਾਲ ਕਿਸਾਨਾਂ ਨੂੰ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਸੁਤਰਾਣਾ ਵਿਖੇ ਵੀ ਕਿਸਾਨ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।
ਇਸ ਮੌਕੇ ਖੇਤੀਬਾੜੀ ਵਿਭਾਗ ਸਮਾਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਇੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਬਹੁਤ ਵੱਡਾ ਹਿੱਸਾ ਖਤਮ ਕਰ ਦਿੱਤਾ ਹੈ ਪਰ ਹੁਣ ਸਾਨੂੰ ਪਾਣੀ ਸੰਭਾਲਣ ਲਈ ਬਹੁਤ ਜ਼ਰੂਰੀ ਕਦਮ ਚੁੱਕਣੇ ਪੈਣਗੇ ਝੋਨੇ ਦੀ ਫ਼ਸਲ ਲਗਾਤਾਰ ਬੀਜਕੇ ਹੁੰਦੀ ਪਾਣੀ ਦੀ ਬਰਬਾਦੀ ਰੋਕਣ ਲਈ ਸਾਨੂੰ ਬਦਲਵੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਮੱਕੀ ਦੀ ਪ੍ਰਮੁੱਖ ਫ਼ਸਲ ਹੈ।
ਇਸ ਫ਼ਸਲ ਤੋਂ ਅਸੀਂ ਚਾਰਾ, ਪਸ਼ੂਆਂ ਲਈ ਆਚਾਰ ਅਤੇ ਮੱਕੀ ਪਕਾ ਕੇ ਫ਼ਸਲ ਵੇਚ ਵੀ ਸਕਦੇ ਹਾਂ। ਮੱਕੀ ਦੀ ਫਸਲ ਨੂੰ ਜਿਆਦਾ ਰੇਹ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਨਾ ਹੀ ਇਸਨੂੰ ਕੋਈ ਜਿਆਦਾ ਕੀੜੇ ਮਕੌੜੇ ਹੀ ਲਗਦੇ ਹਨ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਲੋੜ ਨਹੀਂ ਪੈਂਦੀ ਜਿਸ ਨਾਲ ਸਾਡੇ ਵਾਤਾਵਰਣ ਤੇ ਕੋਈ ਅਸਰ ਨਹੀਂ ਹੁੰਦਾ। ਉਨ੍ਹਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਮੱਕੀ ਬੀਜਣ ਲਈ ਪ੍ਰੇਰਿਤ ਕੀਤਾ।
ਡਾਕਟਰ ਜਸਪ੍ਰੀਤ ਕੌਰ ਨੇ ਕਿਸਾਨਾਂ ਨੂੰ ਮੱਕੀ ਦੀ ਫਸਲ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਸਕੀਮ ਤਹਿਤ ਦਸਿਆ ਕਿ ਜੇਕਰ ਕਿਸਾਨ ਆਪਣੇ ਖੇਤਾਂ ਵਿਚ ਢਾਈ ਕਿਲੇ ਭਾਵ ਇਕ ਹੈਕਟੇਅਰ ਰਕਬੇ ਵਿੱਚ ਮੱਕੀ ਬੀਜਦੇ ਹਨ ਤਾਂ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਤੇਈ ਹਜ਼ਾਰ ਰੁਪਏ ਦਿਤੇ ਜਾਣਗੇ।ਜੋ ਸਿਧੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਜਾਣਗੇ। ਜਿਸ ਨਾਲ ਕਿਸਾਨਾਂ ਨੂੰ ਫਸਲ ਆਉਣ ਤੋਂ ਪਹਿਲਾਂ ਹੀ ਆਮਦਨ ਹੋ ਜਾਂਦੀ ਹੈ।
ਇਸ ਮੌਕੇ ਹੋਰਨਾਂ ਅਧਿਕਾਰੀਆਂ ਵਿੱਚ ਡਾਕਟਰ ਹਰਮਨ ਸਿੰਘ, ਡਾਕਟਰ ਗੁਰਮੇਲ ਸਿੰਘ, ਰਾਜ ਸਿੰਗਲਾ, ਕਾਬਲ ਸਿੰਘ, ਸੀਤਾ ਰਾਮ ਆਦਿ ਹਾਜ਼ਰ ਸਨ।