
ਦਿੱਲੀ ਪਹੁੰਚੀਆਂ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਰੋਜ਼ਾਨਾ ਬੈਠਕਾਂ ਕਰ ਰਹੇ ਹਨ
ਸੰਗਰੂਰ (ਬਲਵਿੰਦਰ ਸਿੰਘ ਭੁੱਲਰ) : ਕਿਸਾਨ ਅਤੇ ਕਿਸਾਨੀ ਦੇ ਹੱਕਾਂ ਲਈ ਪੰਜਾਬ ਅੰਦਰ ਪਿਛਲੇ ਲੰਮੇਂ ਸਮੇਂ ਤੋਂ ਸਰਗਰਮ ਅਤੇ ਤਤਕਾਲੀ ਹਕੂਮਤਾਂ ਨਾਲ ਹੱਕ ਸੱਚ ਦੀ ਲੜਾਈ ਲੜਦੀਆਂ ਆ ਰਹੀਆਂ ਪੰਜਾਬ ਦੀਆਂ ਤਕਰੀਬਨ 30 ਕਿਸਾਨ ਜਥੇਬੰਦੀਆਂ ਵਲੋਂ 'ਦਿੱਲੀ ਚਲੋ' ਨਾਹਰੇ ਅਧੀਨ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵਲੋਂ ਸਟੇਟ ਹਾਈਵੇ ਅਤੇ ਕੌਮੀ ਸ਼ਾਹਰਾਹ ਤੇ ਲਗਾਈਆਂ ਰੋਕਾਂ ਅਤੇ ਪਾਣੀ ਦੀਆਂ ਬੌਛਾਰਾਂ ਝਲਦੇ ਹੋਏ ਆਖ਼ਰ ਦਿੱਲੀ ਦੀ ਫਿਰਨੀ ਉਤੇ ਪਹੁੰਚਣ ਵਿਚ ਸਫ਼ਲ ਹੋ ਹੀ ਗਏ
Farmers
ਜਿਸ ਨਾਲ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਲੋਂ ਲਾਮਬੰਦ ਹੋ ਕੇ ਸੱਭ ਤੋਂ ਪਹਿਲਾਂ ਹਰਿਆਣਾ ਦੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਨੱਕ ਵਢਿਆ ਅਤੇ ਉਸ ਦੀ ਸਮੁੱਚੀ ਹਰਿਆਣਾ ਸਰਕਾਰ ਅਤੇ ਹਰਿਆਣਾ ਪੁਲਿਸ ਦੇ ਦੰਦ ਖੱਟੇ ਕੀਤੇ ਗਏ ਜਿਹੜਾ ਭਾਰਤ ਵਿਚੋਂ ਦਿੱਲੀ ਵਿਚ ਰਾਜ ਕਰਦੀ ਮੋਦੀ ਦੀ ਭਾਜਪਾ ਸਰਕਾਰ ਦਾ ਸੱਭ ਤੋਂ ਵੱਡਾ ਸਮਰਥਕ ਅਤੇ ਕੱਟੜ ਹਮਾਇਤੀ ਮੰਨਿਆ ਜਾਂਦਾ ਹੈ।
Farmers Protest
ਪੰਜਾਬ ਦੇ ਕਿਸਾਨਾਂ ਨੇ ਸ਼ੰਭੁ ਬੈਰੀਅਰ ਪਾਰ ਕਰਕੇ ਦਿੱਲੀ ਜਾਣ ਲਈ ਤਕਰੀਬਨ 200 ਕਿਲੋਮੀਟਰ ਦਾ ਹੋਰ ਰੁਕਾਵਟਾਂ ਭਰਿਆ ਸਫ਼ਰ ਤਹਿ ਕੀਤਾ ਹੈ ਅਤੇ ਮੁਰਥਲ ਤੋਂ ਕੁੱਝ ਕਿਲੋਮੀਟਰ ਅੱਗੇ ਦਾ ਬਹਾਲਗੜ੍ਹ ਬਾਰਡਰ ਪਾਰ ਕਰਨ ਤੋਂ ਬਾਅਦ ਦਿੱਲੀ ਦੇ ਅੰਦਰੂਨੀ ਇਲਾਕੇ ਦਾ 20 ਕਿਲੋਮੀਟਰ ਹੋਰ ਸਫ਼ਰ ਕਰ ਕੇ ਰਾਈ ਅਤੇ ਪ੍ਰੀਤਮਪੁਰਾ ਲੰਘਣ ਤੋਂ ਬਾਅਦ ਨਰੇਲਾ ਇਲਾਕੇ ਦੇ ਅੰਦਰ ਕੁੰਡਲੀ ਬੈਰੀਅਰ ਅਤੇ ਸਿੰਘੂ ਬਾਰਡਰ ਉਤੇ ਡੇਰੇ ਜਮਾ ਲਏ ਹਨ।
Farmers Protest
ਇਕੱਲੇ ਪੰਜਾਬ ਤੋਂ ਤਕਰੀਬਨ ਦੋ ਲੱਖ ਦੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਦਾ ਇਕੱਠ ਵੇਖ ਕੇ ਜਿੱਥੇ ਕੇਂਦਰ ਵਿਚ ਰਾਜ ਕਰਦੀ ਭਾਜਪਾ ਸਰਕਾਰ ਦੇ ਦੰਦਲਾਂ ਪੈ ਰਹੀਆ ਹਨ, ਉੱਥੇ ਦਿੱਲੀ ਵਾਸੀ, ਅੰਤਰਰਾਸ਼ਟਰੀ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੌਨਿਕ ਚੈੱਨਲਾਂ ਦੇ ਦੇਸ਼ੀ ਵਿਦੇਸ਼ੀ ਪੱਤਰਕਾਰ ਅਪਣੀ ਜ਼ਿੰਦਗੀ ਦਾ ਸੱਭ ਤੋਂ ਵਿਸ਼ਾਲ ਇਕੱਠ ਵੇਖ ਕੇ ਹੈਰਾਨ ਹੋਏ ਪਏ ਹਨ।
Farmers Protest
ਦਿੱਲੀ ਪਹੁੰਚੀਆਂ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਰੋਜ਼ਾਨਾ ਬੈਠਕਾਂ ਕਰ ਰਹੇ ਹਨ ਅਤੇ ਦਿੱਲੀ ਦੀ ਕੇਂਦਰੀ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸ਼ਰਤਾਂ ਸਹਿਤ ਮੀਟਿੰਗ ਦੇ ਮਿਲੇ ਸੱਦੇ ਦੀ ਸਮੀਖਿਆ ਵੀ ਕਰ ਰਹੇ ਹਨ। ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸਮੁੱਚੇ ਪੰਜਾਬ ਵਾਸੀਆਂ ਦੀ ਪੂਰੀ ਹਮਾਇਤ ਅਤੇ ਆਸ਼ੀਰਵਾਦ ਦਿੱਲੀ ਪਹੁੰਚੇ ਕਿਸਾਨਾਂ ਦੇ ਨਾਲ ਹੈ।
MSP
ਦਿੱਲੀ ਸਰਕਾਰ ਨਾਲ ਗੱਲਬਾਤ ਕਰਦਿਆਂ ਉਹ ਕਣਕ ਅਤੇ ਝੋਨੇ ਦੀ ਐਮ.ਐਸ.ਪੀ. ਤੋਂ ਇਲਾਵਾ ਬਿਜਲੀ ਸੋਧ ਬਿੱਲ, ਰਾਜਸਥਾਨ ਅਤੇ ਹਰਿਆਣਾ ਨੂੰ ਕੇਂਦਰ ਦੀਆਂ ਤਤਕਾਲੀ ਸਰਕਾਰਾਂ ਦੀ ਸ਼ਹਿ ਤੇ ਪਿਛਲੇ 72 ਸਾਲਾਂ ਤੋਂ ਪੰਜਾਬ ਦੇ ਦਰਿਆਵਾਂ ਦੇ ਮੁਫ਼ਤ ਲੁੱਟੇ ਜਾਂਦੇ ਪਾਣੀਆਂ ਸਮੇਤ ਸਤਲੁਜ ਯਮੁਨਾ ਲਿੰਕ ਨਹਿਰ ਅਤੇ ਆਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਪੰਜਾਬ ਸੂਬੇ ਨੂੰ ਵਧੇਰੇ ਖ਼ੁਦ ਮੁਖਤਿਆਰੀ ਦੀ ਗੱਲ ਵੀ ਕਰਨ ਤਾਂ ਕਿ ਇਨ੍ਹਾਂ ਕੌਮੀਂ ਮੁੱਦਿਆਂ ਤੇ ਰਾਜਨੀਤੀ ਕਰਨ ਵਾਲੀਆਂ ਪੰਜਾਬ ਦੀਆਂ ਤਤਕਾਲੀ ਹਕੂਮਤਾਂ ਵਲੋਂ ਹਮੇਸ਼ਾ ਦੋਗਲੀ ਰਾਜਨੀਤੀ ਕਰਨ ਬਦਲੇ ਉਨ੍ਹਾਂ ਦੇ ਮੂੰਹ ਉਤੇ ਜ਼ਬਰਦਸਤ ਚਪੇੜ ਮਾਰੀ ਜਾ ਸਕੇ। ਦਿੱਲੀ ਪਹੁੰਚੇ ਕਿਸਾਨਾਂ ਦੀ ਜਿੱਤ ਨਿਸ਼ਚਿਤ ਹੈ।
Farmers Protest
ਉਹ ਨਵਾਂ ਇਤਿਹਾਸ ਸਿਰਜਣ ਅਤੇ ਲਿਖਣ ਵਿਚ ਜ਼ਰੂਰ ਕਾਮਯਾਬੀ ਹਾਸਲ ਕਰਨਗੇ ਕਿਉਂਕਿ ਅਪਣੀ ਹਿੰਮਤ, ਹੌਸਲੇ ਅਤੇ ਦੀਦਾ ਦਲੇਰੀ ਤੇ ਬਲ ਤੇ ਉਨ੍ਹਾਂ ਅੱਧੀ ਤੋਂ ਵੱਧ ਲੜਾਈ ਤਾਂ ਪਹਿਲਾਂ ਹੀ ਫ਼ਤਿਹ ਕਰ ਲਈ ਹੈ। ਬਾਕੀ ਜਿੱਤਣ ਲਈ ਤਾਂ ਹੁਣ ਕੇਂਦਰੀ ਹਕੂਮਤ ਦੀ ਸਿਰਫ਼ ਉਹ ਕੱਚੀ ਪਿੱਲੀ ਅੜ੍ਹੀ ਹੀ ਬਾਕੀ ਹੈ ਜਿਸ ਨੂੰ ਬਾਬਾ ਬਘੇਲ ਸਿੰਘ ਵਰਗੇ ਸਿਰੜ੍ਹੀ ਸਿੱਖ ਜਰਨੈਲਾਂ ਨੇ ਕਈ ਵਾਰ ਭੰਨਿਆ ਸੀ ਅਤੇ ਕਿਹਾ ਵੀ ਸੀ ਕਿ ਦਿੱਲੀ ਅਤੇ ਬਿੱਲੀ ਮਾਰਨੀ ਇਕ ਸਮਾਨ ਹੈ।