
ਕਿਸਾਨ ਛੋਲੀਏ ਤੋਂ ਇੱਕ ਏਕੜ 'ਚੋਂ ਤਕਰੀਬਨ 70,000 ਰੁਪਏ ਕਮਾ ਰਹੇ ਹਨ
ਚੰਡੀਗੜ੍ਹ: ਮਾਲਵਾ ਪੱਟੀ ਦੇ ਕਿਸਾਨਾਂ ਨੂੰ ਇਸ ਵਾਰ ਛੋਲੀਆ ਚੋਖੀ ਕਮਾਈ ਕਰਵਾ ਰਿਹਾ ਹੈ। ਛੋਲੀਏ ਨੇ ਮੋਗਾ, ਬਰਨਾਲਾ, ਮਾਨਸਾ, ਬਠਿੰਡਾ, ਫਰੀਦਕੋਟ ਤੇ ਫ਼ਾਜ਼ਿਲਕਾ ਦੇ ਸੈਂਕੜੇ ਕਿਸਾਨਾਂ ਨੇ ਵਾਰੇ ਨਿਆਰੇ ਕਰ ਦਿੱਤੇ ਹਨ। ਹਰੇ ਚਣਿਆਂ ਦੀ ਸਬਜ਼ੀ ਬਣਾਈ ਜਾਂਦੀ ਹੈ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਹੋਣ ਕਾਰਨ ਗਰਮੀਆਂ ਦੀ ਸ਼ੁਰੂਆਤ ਵਿਚ ਇਸ ਦੀ ਖਾਸੀ ਮੰਗ ਰਹਿੰਦੀ ਹੈ। ਛੋਲੀਆ ਘੱਟ ਲਾਗਤ ਵਾਲੀ ਫ਼ਸਲ ਹੈ।
ਛੋਲੀਏ ਦੀ ਸਭ ਤੋਂ ਖ਼ਾਸ ਗੱਲ ਹੈ ਕਿ ਇਹ ਨਾ ਸਿਰਫ ਮੌਸਮ ਦੀ ਮਾਰ ਝੱਲ ਸਕਦਾ ਹੈ ਬਲਕਿ ਇਸ 'ਤੇ ਖਾਦ, ਰੇਹ ਤੇ ਸਿੰਜਾਈ ਦੀ ਲੋੜ ਵੀ ਘੱਟ ਹੀ ਪੈਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਛੋਲੀਏ ਤੋਂ ਉਹ ਇੱਕ ਏਕੜ 'ਚੋਂ ਤਕਰੀਬਨ 70,000 ਰੁਪਏ ਕਮਾ ਰਹੇ ਹਨ। ਕਿਸਾਨ ਛੋਲੀਏ ਨੂੰ ਸੱਤ ਰੁਪਏ ਫ਼ੀ ਕਿੱਲੋ ਦੇ ਹਿਸਾਬ ਨਾਲ ਵੇਚ ਰਹੇ ਹਨ ਅਤੇ ਇੱਕ ਏਕੜ 'ਚੋਂ 100 ਕੁਇੰਟਲ ਦਾ ਝਾੜ ਲੈ ਰਹੇ ਹਨ।
The fortress of the peasantry shine forth
ਖ਼ਾਸ ਗੱਲ ਇਹ ਹੈ ਕਿ ਛੋਲੀਏ ਨੂੰ ਮੰਡੀ ਵਿਚ ਲਿਜਾਣ ਦੀ ਥਾਂ ਕਿਸਾਨ ਖੜ੍ਹੀ ਫ਼ਸਲ ਦਾ ਹੀ ਸੌਦਾ ਕਰ ਰਹੇ ਹਨ ਤੇ ਵਪਾਰੀ ਆਪਣੇ ਖਰਚੇ 'ਤੇ ਫ਼ਸਲ ਵੱਢ ਕੇ ਲਿਜਾਂਦਾ ਹੈ। ਕਈ ਕਿਸਾਨ ਆਪਣੇ ਖ਼ਰਚੇ 'ਤੇ ਛੋਲੀਆ ਵੱਢ ਕੇ ਮੰਡੀ ਵਿਚ ਵੇਚਦੇ ਹਨ। ਕੋਟਕਪੂਰਾ ਦੇ ਕਿਸਾਨ ਦਾ ਕਹਿਣਾ ਹੈ ਕਿ ਉਸ ਨੇ 10 ਰੁਪਏ ਫ਼ੀ ਕਿੱਲੋ ਦੇ ਹਿਸਾਬ ਨਾਲ ਛੋਲੀਆ ਵੇਚਿਆ ਅਤੇ ਇੱਕ ਲੱਖ ਰੁਪਏ ਦੀ ਕਮਾਈ ਕੀਤੀ।
ਖੇਤੀ ਅਫ਼ਸਰ ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿਚ 3,000 ਹੈਕਟੇਅਰ ਰਕਬੇ ਵਿਚ ਛੋਲੀਆ ਬੀਜਿਆ ਗਿਆ ਹੈ, ਜਿਸ ਵਿਚੋਂ 500 ਹੈਕਟੇਅਰ ਮਾਨਸਾ ਜ਼ਿਲ੍ਹੇ ਵਿਚ ਹੀ ਬੀਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦਾ ਛੋਲੀਏ ਵੱਲ ਵਧਦਾ ਝੁਕਾਅ ਦੇਖ ਸਰਕਾਰ ਛੋਲੀਏ ਦੀਆਂ ਫ਼ਸਲਾਂ ਨੂੰ ਵਧੇਰੇ ਉਤਸ਼ਾਹਿਤ ਕਰਨ ਲਈ ਸਬਸਿਡੀਜ਼ ਦੇਣ ਦੀ ਯੋਜਨਾ ਵੀ ਬਣਾਏਗੀ।