Agricultural News: ਸਹਾਇਕ ਧੰਦਿਆਂ ਲਈ ਚੰਗਾ ਮੰਡੀਕਰਨ ਹੋਣਾ ਬਹੁਤ ਮਹੱਤਵਪੂਰਨ ਹੁੰਦਾ ਹੈ।
Adopting some agricultural support businesses is also the main demand of today : ਪੰਜਾਬ ਦਾ ਕਿਸਾਨ ਸ਼ੁਰੂ ਤੋਂ ਹੀ ਕਣਕ- ਝੋਨੇ ਦੇ ਫ਼ਸਲੀ ਚੱਕਰ ਵਿਚ ਉਲਝਿਆ ਹੋਇਆ ਹੈ। ਜ਼ਮੀਨ ਘਟਣ ਕਰ ਕੇ ਹੁਣ ਕਿਸਾਨ ਲਈ ਇਸ ਦੋ-ਫ਼ਸਲੀ ਚੱਕਰ ਵਿਚ ਅਪਣਾ ਗੁਜ਼ਾਰਾ ਔਖਾ ਹੋ ਗਿਆ ਹੈ। ਇਸ ਲਈ ਹੁਣ ਲੋੜ ਹੈ ਘੱਟ ਜ਼ਮੀਨ ਉਤੇ ਵੱਧ ਮੁਨਾਫ਼ਾ ਦੇਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰ ਕੇ ਵਧੀਆ ਆਮਦਨ ਪ੍ਰਾਪਤ ਕਰਨ ਦੀ। ਇਸ ਲਈ ਕੁੱਝ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਜਿਵੇਂ ਦਾਲਾਂ, ਸਬਜ਼ੀਆਂ, ਸੂਰਜਮੁਖੀ, ਫੁੱਲਾਂ, ਫਲਾਂ, ਦਵਾਈਆਂ ਵਾਲੀਆਂ ਫ਼ਸਲਾਂ, ਮਸਾਲੇ ਵਾਲੀਆਂ ਫ਼ਸਲਾਂ, ਮੱਕੀ, ਹਲਦੀ, ਲੱਸਣ, ਪਿਆਜ਼ ਆਦਿ। ਇਨ੍ਹਾਂ ਫ਼ਸਲਾਂ ਵਿਚ ਭਾਵੇਂ ਕਿਸਾਨ ਨੂੰ ਵੱਧ ਧਿਆਨ ਦੇਣ ਦੀ ਲੋੜ ਹੁੰਦੀ ਹੈ ਪਰ ਚੰਗਾ ਝਾੜ ਪੈਦਾ ਕਰ ਕੇ ਉਹ ਚੰਗੀ ਆਮਦਨ ਵੀ ਪ੍ਰਾਪਤ ਕਰ ਲੈਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਉਹ ਖੇਤੀਬਾੜੀ ਮਾਹਰਾਂ ਨਾਲ ਰਾਬਤੇ ਵਿਚ ਰਹੇ ਅਤੇ ਬੀਜੀ ਜਾਣ ਵਾਲੀ ਫ਼ਸਲ ਦੇ ਬੀਜਾਂ ਦੀ ਮਿਆਰੀ ਚੋਣ ਕਰੇ ਅਤੇ ਵਧੀਆ ਫ਼ਸਲ ਲਵੇ।
ਸਹਾਇਕ ਧੰਦਿਆਂ ਲਈ ਚੰਗਾ ਮੰਡੀਕਰਨ ਹੋਣਾ ਬਹੁਤ ਮਹੱਤਵਪੂਰਨ ਹੁੰਦਾ ਹੈ। ਵਧੇਰੇ ਕਰ ਕੇ ਸ਼ਹਿਰਾਂ ਵਿਚ ਚੰਗਾ ਮੰਡੀਕਰਨ ਹੋ ਜਾਂਦਾ ਹੈ ਅਤੇ ਵਸਤੂਆਂ ਦੇ ਮਿਆਰ ਮੁਤਾਬਕ ਭਾਅ ਵੀ ਚੰਗਾ ਮਿਲ ਜਾਂਦਾ ਹੈ। ਮੰਡੀਕਰਨ ਦੀ ਸ਼ੁਰੂ ਵਿਚ ਤਾਂ ਕੱੁਝ ਸਮੱਸਿਆ ਆ ਸਕਦੀ ਹੈ ਪਰ ਬਾਅਦ ’ਚ ਵਧੇਰੇ ਲੋਕਾਂ ਤਕ ਉਤਪਾਦ ਪਹੁੰਚਣ ਦੀ ਹਾਲਤ ਵਿਚ ਮੰਡੀਕਰਨ ਘਰ ਬੈਠੇ ਵੀ ਹੋਣ ਲਗਦਾ ਹੈ। ਇਸ ਲਈ ਲੋੜ ਹੁੰਦੀ ਹੈ ਕਿ ਅਪਣੇ ਉਤਪਾਦ ਨੂੰ ਕਿਵੇਂ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਇਆ ਜਾਵੇ। ਵਧੇਰੇ ਲੋਕਾਂ ਦੇ ਇਕੱਠ ਵਾਲੀਆਂ ਥਾਵਾਂ ’ਤੇ ਜਾ ਕੇ ਅਪਣੇ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਲਾਈਆਂ ਜਾ ਸਕਦੀਆਂ ਹਨ ਤੇ ਘਰ- ਘਰ ਜਾ ਕੇ ਅਪਣੇ ਉਤਪਾਦ ਬਾਰੇ ਲੋਕਾਂ ਨੂੰ ਦਸਿਆ ਜਾ ਸਕਦਾ ਹੈ ਪਰ ਇਹ ਸੱਭ ਕੱੁਝ ਦਿਨ ਹੀ ਕਰਨ ਦੀ ਲੋੜ ਪੈਂਦੀ ਹੈ। ਸਮਾਂ ਬੀਤਣ ਮਗਰੋਂ ਤੇ ਕੰਮ ਦਾ ਅਭਿਆਸ ਹੋਣ ’ਤੇ ਇਹ ਸੱਭ ਕਰਨ ਦੀ ਲੋੜ ਘਟਦੀ ਜਾਂਦੀ ਹੈ।
ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਖੇਤੀ ਸਹਾਇਕ ਧੰਦਿਆਂ ਤੋਂ ਪੈਦਾ ਕੀਤੇ ਗਏ ਉਤਪਾਦਾਂ ਦੇ ਮੰਡੀਕਰਨ ਲਈ ਕੁੱਝ ਯੋਗ ਨੀਤੀਆਂ ਵਿਕਸਤ ਕਰੇ ਤੇ ਖ਼ਾਸ ਮੰਡੀਆਂ ਬਣਾਏ ਜਿਨ੍ਹਾਂ ’ਚ ਜਾ ਕੇ ਅਜਿਹੇ ਖੇਤੀ ਸਹਾਇਕ ਧੰਦੇ ਕਰਨ ਵਾਲੇ ਵਿਕਰੇਤਾ ਤੇ ਖ਼ਰੀਦਦਾਰ ਇਕੱਠੇ ਹੋ ਸਕਣ ਅਤੇ ਵਸਤੂਆਂ ਦੀ ਵਧੀਆ ਵੇਚ-ਖ਼ਰੀਦ ਹੋ ਸਕੇ। ਇਸ ਤੋਂ ਇਲਾਵਾ ਕੁੱਝ ਖੇਤੀ ਸਹਾਇਕ ਧੰਦੇ ਅਪਣਾਉਣਾ ਵੀ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ। ਘੱਟ ਰਹੀਆਂ ਜ਼ਮੀਨਾਂ ਦੀ ਸਥਿਤੀ ਨੂੰ ਦੇਖਦਿਆਂ ਕੱੁਝ ਖੇਤੀ ਸਹਾਇਕ ਧੰਦਿਆਂ ਦੀ ਚੋਣ ਕਰ ਲੈਣੀ ਚਾਹੀਦੀ ਹੈ। ਇਨ੍ਹਾਂ ਧੰਦਿਆਂ ਨੂੰ ਅਪਣਾ ਕੇ ਖੇਤੀ ਦੇ ਨਾਲ- ਨਾਲ ਵਾਧੂ ਆਮਦਨ ਲਈ ਜਾ ਸਕਦੀ ਹੈ। ਖੇਤੀਬਾੜੀ ਦੇ ਨਾਲ-ਨਾਲ ਕੁੱਝ ਮੁੱਖ ਸਹਾਇਕ ਧੰਦੇ ਹਨ ਜਿਵੇਂ ਮੱਝਾਂ-ਗਾਵਾਂ ਪਾਲਣਾ, ਮੱਛੀ ਪਾਲਣ, ਸ਼ਹਿਦ ਦੀਆਂ ਮੱਖੀਆਂ ਪਾਲਣਾ, ਮੁਰਗੀ ਪਾਲਣ, ਸੂਰ ਪਾਲਣ, ਬਕਰੀ ਪਾਲਣ ਆਦਿ। ਇਨ੍ਹਾਂ ਧੰਦਿਆਂ ਨੂੰ ਥੋੜ੍ਹੀ ਕੁ ਜ਼ਮੀਨ ਉਤੇ ਬੜੇ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਹੈ। ਪੰਜਾਬ ਦੇ ਬਹੁਤੇ ਕਿਸਾਨਾਂ ਵਲੋਂ ਇਹ ਕੰਮ ਸਫ਼ਲਤਾ ਨਾਲ ਕੀਤਾ ਵੀ ਜਾ ਰਿਹਾ ਹੈ।
ਇਹ ਧੰਦੇ ਬਹੁਤ ਹੀ ਧਿਆਨ ਨਾਲ ਕਰਨ ਵਾਲੇ ਧੰਦੇ ਹਨ। ਇਸ ਲਈ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਸਹਾਇਕ ਧੰਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਬਾਰੇ ਸਿਖਲਾਈ ਜ਼ਰੂਰ ਲੈ ਲੈਣ। ਅਪਣੇ ਖੇਤੀ ਖ਼ਰਚਿਆਂ ਨੂੰ ਘਟਾਉਣ ਲਈ ਸਿੰਚਾਈ ਦੇ ਸਹੀ ਢੰਗ ਅਪਣਾਉਣ ਦੀ ਵੀ ਬਹੁਤ ਅਹਿਮੀਅਤ ਹੈ। ਤੁਪਕਾ ਸਿੰਚਾਈ ਅਤੇ ਫੁਹਾਰਾ ਸਿੰਚਾਈ ਨੂੰ ਤਰਜੀਹ ਦਿਤੀ ਜਾਣੀ ਚਾਹੀਦੀ ਹੈ। ਫ਼ਸਲਾਂ ਨੂੰ ਨੈੱਟ ਹਾਊਸ ਭਾਵ ਜਾਲੀਦਾਰ ਘਰਾਂ ਵਿਚ ਬੀਜ ਕੇ ਅਪਣੀ ਖੇਤੀ ਜਿਣਸ ਦੇ ਮਿਆਰ ਅਤੇ ਗੁਣਵੱਤਾ ਨੂੰ ਵਧਾਇਆ ਜਾ ਸਕਦਾ ਹੈ।