
ਮਿਹਨਤ ਦੀ ਜੋ ਪੜ੍ਹਦੇ ਕਿਤਾਬ-ਵਸਾ ਲੈਂਦੇ ਉਹ ਅਪਣਾ ਪੰਜਾਬ
ਆਕਲੈਂਡ : ਇਹ ਗੱਲ ਗੀਤਾਂ ਵਿਚ ਤਾਂ ਬਹੁਤ ਸੋਹਣੀ ਲਗਦੀ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਅਪਣਾ ਪੰਜਾਬ ਵਸਾ ਲੈਂਦੇ ਨੇ, ਪਰ ਇਸ ਨੂੰ ਹਕੀਕਤ ਦੇ ਵਿਚ ਬਦਲਣਾ ਹੋਵੇ ਤਾਂ ਪਜ਼ਾਮਿਆਂ ਦੇ ਪੌਂਹਚੇ ਚਕਣੇ ਪੈਂਦੇ ਹਨ, ਨੱਕੇ ਮੋੜਨੇ ਪੈਂਦੇ ਹਨ ਅਤੇ ਪੰਜਾਬ ਵਰਗੀ ਮਿੱਟੀ ਪੈਦਾ ਕਰਨੀ ਪੈਂਦੀ ਹੈ। ਅਜਿਹੀ ਹੀ ਉਦਾਹਰਣ ਪੇਸ਼ ਕਰ ਰਹੇ ਹਨ ਪਿੰਡ ਟਾਂਡੀ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਤ ਪਰ ਬਹੁਤਾ ਸਮਾਂ ਚੰਡੀਗੜ ਰਹੇ ਸ. ਮਲਕੀਅਤ ਸਿੰਘ ਸਪੁੱਤਰ ਸ. ਅਮਰੀਕ ਸਿੰਘ।
organic Punjabi vegetables
ਕਿੱਤੇ ਪੱਖੋਂ ਉਹ ਇਮੀਗ੍ਰੇਸ਼ਨ ਸਲਾਹਕਾਰ ਹਨ ਪਰ ਸ਼ਾਇਦ ਉਚ ਪੜ੍ਹਾਈ ਦੀਆਂ ਕਿਤਾਬਾਂ ਨਾਲ ਉਹ ਖੇਤੀਬਾੜੀ ਦੀ ਕਿਤਾਬ ਵੀ ਨਾਲ ਹੀ ਪੜ੍ਹ ਗਏ। ਉਨ੍ਹਾਂ ਉਤੇ ਬਹੁਤ ਵੱਡਾ ਲੇਖ ਲਿਖਿਆ ਜਾ ਸਕਦਾ ਹੈ ਪਰ ਅੱਜ ਗੱਲ ਕਰਨੀ ਹੈ ਉਨ੍ਹਾਂ ਦੇ ਫਾਰਮ ਵਿਚ ਉਗਾਈਆਂ ਜਾ ਰਹੀਆਂ ਪੰਜਾਬੀ ਸਬਜ਼ੀਆਂ ਦੀ। ਇਸ ਪਿਉ ਪੁੱਤ ਨੇ ਅਪਣੇ ਪ੍ਰਵਾਰ ਦੀ ਮਦਦ ਨਾਲ ਉਹ ਸਾਰਾ ਕੁਝ ਕਰਨ ਦੀ ਸੋਚੀ ਹੈ ਜੋ ਉਹ ਕਰ ਸਕਦੇ ਹਨ।
Farming
ਇਸ ਵੇਲੇ ਉਨ੍ਹਾਂ ਦੇ ਫਾਰਮ ਵਿਚ ਉਗਾਇਆ ਗਿਆ ਘੀਆ ਜਿਸ ਨੂੰ ਲੌਕੀ ਵੀ ਕਹਿੰਦੇ ਹਨ 10 ਡਾਲਰ ਨੂੰ ਕਿਲੋ ਹੈ ਜਿਸ ਦੀ ਕੀਮਤ ਭਾਰਤੀ ਬਾਜ਼ਾਰ ਵਿਚ 550 ਰੁਪਏ ਦੇ ਕਰੀਬ ਬਣਦੀ ਹੈ। ਇਨ੍ਹਾਂ ਦੇ ਫਾਰਮ ਵਿਚ ਪੰਜਾਬੀ ਮੂਲੀ, ਪੰਜਾਬੀ ਸ਼ਲਗਮ, ਸ਼ਿਮਲਾ ਮਿਰਚ, ਚਿੱਟਾ ਕੱਦੂ, ਫਲੀਆਂ, ਚੁੰਕਦਰ, ਕਰੇਲੇ, ਟਮਾਟਰ ਆਦਿ ਹਨ। ਇਨ੍ਹਾਂ ਦੇ ਫਾਰਮ ਵਿਚ ਰੰਗ ਬਿੰਰਗੇ ਦਾਣੇ ਵਾਲੀਆਂ ਛੱਲੀਆਂ ਵੀ ਹਨ। ਪ੍ਰਯੋਗ ਦੇ ਤੌਰ ’ਤੇ ਉਨ੍ਹਾਂ ਇਨ੍ਹਾਂ ਛੱਲੀਆਂ ਦੇ ਲਾਗੇ ਆਮ ਛੱਲੀ ਲਗਾ ਦਿਤੀ ਤਾਂ ਰੰਗ ਬਿਰੰਗੀਆਂ ਛੱਲੀਆਂ ਨੂੰ ਵੇਖ ਕੇ ਆਮ ਛੱਲੀ ਵੀ ਦੂਜੀ ਛੱਲੀ ਵਿਚ ਬਦਲ ਗਈ।
Radish
ਮਲਕੀਅਤ ਸਿੰਘ ਦੇ ਫਾਰਮ ਵਿਚ ਸਾਰੀ ਖੇਤੀ ਜੈਵਿਕ ਤਰੀਕੇ ਨਾਲ ਕੀਤੀ ਜਾਂਦੀ ਹੈ। ਕੋਈ ਖਾਦ ਅਤੇ ਦਵਾਈ ਨਹੀਂ ਵਰਤੀ ਜਾਂਦੀ ਸਗੋਂ ਇਸ ਦੇ ਲਈ ਗੋਹੇ ਤੋਂ ਤਿਆਰ ਖਾਦ ਵਰਤੀ ਜਾਂਦੀ ਹੈ। ਇਸ ਦੇ ਲਈ ਵੱਛੇ ਰੱਖੇ ਹੋਏ ਹਨ। ਨਿਊਜ਼ੀਲੈਂਡ ਵਿਚ ਬਹੁਤ ਘੱਟ ਮੱਝਾਂ ਹਨ।
ਸ਼ਾਇਦ ਹੀ ਕਿਸੇ ਪੰਜਾਬੀ ਨੇ ਇਹ ਰਖੀਆਂ ਹੋਣ, ਪਰ ਮਲਕੀਅਤ ਸਿੰਘ ਨੇ ਕੋਸ਼ਿਸ਼ ਕਰ ਕੇ ਕਿਸੇ ਕੋਲੋਂ ਡੇਢ ਸਾਲ ਦੀਆਂ ਦੋ ਕੱਟੀਆਂ ਲੈ ਰਖੀਆਂ ਹਨ, ਜੋ ਕਿ ਵੱਛਿਆਂ ਦੇ ਨਾਲ ਹੀ ਚਰਦੀਆਂ ਹਨ। ਸਿੰਚਾਈ ਵਾਸਤੇ ਮੀਂਹ ਦਾ ਪਾਣੀ ਇਕੱਠਾ ਕਰ ਕੇ ਵਰਤਿਆ ਜਾਂਦਾ ਹੈ। ਮਲਕੀਅਤ ਸਿੰਘ ਦੀ ਪਤਨੀ ਸ੍ਰੀਮਤੀ ਰਾਜਵਿੰਦਰ ਕੌਰ ਅਤੇ ਪੁੱਤਰ ਗੁਰਫ਼ਤਿਹ ਸਿੰਘ ਵੀ ਬੜੇ ਸ਼ੌਕ ਨਾਲ ਖੇਤੀਬਾੜੀ ਵਿਚ ਸਹਿਯੋਗ ਕਰਦੇ ਹਨ।