
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤਾਂ ’ਚ ਬੂਟੇ ਲਾਉਣ ਲਈ 50 ਫ਼ੀਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ...
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤਾਂ ’ਚ ਬੂਟੇ ਲਾਉਣ ਲਈ 50 ਫ਼ੀਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਜਿਹੜੇ ਕਿਸਾਨ ਆਪਣੇ ਖੇਤਾਂ ਵਿੱਚ ਬੂਟੇ ਲਗਾਉਣਗੇ, ਉਹ ਇਸ ਸਕੀਮ ਅਧੀਨ ਲਾਭ ਲੈਣ ਦੇ ਹੱਕਦਾਰ ਹੋਣਗੇ। ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ‘ਸਬਮਿਸ਼ਨ ਆਨ ਐਗਰੋਫਾਰੈਸਟਰੀ’ ਸਕੀਮ ਤਹਿਤ ਜੰਗਲਾਂ ਹੇਠ ਰਕਬਾ ਵਧਾਉਣ ਦੇ ਉਦੇਸ਼ ਨਾਲ ਸੂਬੇ ਦੇ ਕਿਸਾਨਾਂ ਨੂੰ 50 ਫ਼ੀਸਦੀ ਵਿੱਤੀ ਸਹਾਇਤਾ (ਸਬਸਿਡੀ) ਮੁਹੱਈਆ ਕਰਵਾਈ ਜਾ ਰਹੀ ਹੈ।
New Plant
ਉਨ੍ਹਾਂ ਦੱਸਿਆ ਕਿ ਚਾਹਵਾਨ ਕਿਸਾਨ ਆਪਣੇ ਖੇਤਾਂ ਵਿੱਚ ਪਹਿਲਾਂ ਤੋਂ ਨਿਰਧਾਰਤ ਲਾਗਤ ਖ਼ਰਚ ਅਨੁਸਾਰ ਬੂਟੇ ਲਗਾ ਕੇ 50 ਫ਼ੀਸਦੀ ਵਿੱਤੀ ਸਹਾਇਤਾ ਹਾਸਲ ਕਰ ਸਕਦੇ ਹਨ। ਸ. ਧਰਮਸੋਤ ਨੇ ਦੱਸਿਆ ਕਿ ਇਸ ਸਕੀਮ ਤਹਿਤ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਆਪਣੇ ਖੇਤਾਂ ’ਚ ਲਗਾਏ ਜੀਵਤ ਬੂਟਿਆਂ ਦੀ ਗਿਣਤੀ ਦੇ ਆਧਾਰ ’ਤੇ 50 ਫ਼ੀਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਜੋ ਕਿ ਉਨ੍ਹਾਂ ਦੇ ਆਧਾਰ ਨੰਬਰ ਨਾਲ ਲਿੰਕ ਹੋਏ ਬੈਂਕ ਖਾਤਿਆਂ ’ਚ ਆਨਲਾਈਨ ਟਰਾਂਸਫ਼ਰ ਕੀਤੀ ਜਾਵੇਗੀ।
Guava
ਇਹ ਵਿੱਤੀ ਸਹਾਇਤਾ ਚਾਰ ਸਾਲਾਂ ਦੇ ਸਮੇਂ ਦੌਰਾਨ 40:20:20:20 ਦੇ ਅਨੁਪਾਤ ਅਨੁਸਾਰ ਦਿੱਤੀ ਜਾਵੇਗੀ। ਇਹ ਸਕੀਮ ਸੂਬੇ ਦੇ 12581 ਪਿੰਡਾਂ ਵਿੱਚ ਲਾਗੂ ਕੀਤੀ ਗਈ ਹੈ। ਸ. ਧਰਮਸੋਤ ਨੇ ਦੱਸਿਆ ਕਿ ਪੰਜਾਬ ਸੂਬਾ ਐਗਰੋਫਾਰੈਸਟਰੀ ’ਚ ਦੇਸ਼ ਭਰ ’ਚੋਂ ਅੱਵਲ ਸੂਬਾ ਹੈ।
Kinnu Plant
ਜੰਗਲਾਤ ਵਿਭਾਗ ਵੱਲੋਂ 2018-2019 ਦੌਰਾਨ ‘ਸਬਮਿਸ਼ਨ ਆਨ ਐਗਰੋਫਾਰੈਸਟਰੀ’ ਸਕੀਮ ਤਹਿਤ ਸੂਬੇ ਦੇ 3389 ਕਿਸਾਨਾਂ ਨੂੰ 50 ਫ਼ੀਸਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ ਇਸ ਸਮੇਂ ਦੌਰਾਨ 5270.55 ਹੈਕਟੇਅਰ ਰਕਬੇ ਵਿੱਚ 3529520 ਬੂਟੇ ਲਗਾਉਣ ’ਤੇ 292.21 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।