
ਬਠਿੰਡਾ ਦੇ ਕਿੰਨੂ ਕਿਸਾਨਾਂ ਨੇ ਖੇਤੀ ਬਾਰੇ ਦਿਤੀ ਅਹਿਮ ਜਾਣਕਾਰੀ
ਠੰਢ ਵਧਣ ਅਤੇ ਧੁੰਦ ਕਾਰਨ ਜਿਥੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਉਥੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਦਰਅਸਲ ਧੁੰਦ ਦਾ ਫ਼ਸਲਾਂ ਅਤੇ ਮੌਸਮੀ ਫਲਾਂ ਨੂੰ ਬਹੁਤ ਲਾਭ ਮਿਲਦਾ ਹੈ। ਕਿੰਨੂ ਕਿਸਾਨਾਂ ਦਾ ਕਹਿਣਾ ਹੈ ਕਿ ਧੁੰਦ ਤੇ ਠੰਢ ਜਿੰਨੀ ਪਵੇਗੀ ਉਨੀ ਕਿੰਨੂਆਂ ਵਿਚ ਮਿਠਾਸ ਬਣਦੀ ਹੈ। ਇਸ ਤੋਂ ਪਹਿਲਾਂ ਠੰਢ ਘੱਟ ਪੈਣ ਕਾਰਨ ਕਿਸਾਨ ਬਹੁਤ ਚਿੰਤਤ ਸਨ। ਹੁਣ ਧੁੰਦ ਪੈਣ ਲੱਗੀ ਹੈ ਜਿਸ ਨਾਲ ਕਿਸਾਨਾਂ ਦੇ ਚਹਿਰੇ ’ਤੇ ਵੀ ਚਮਕ ਆਉਣ ਲੱਗੀ ਹੈ।
ਰੋਜ਼ਾਨਾ ਸਪੋਸਕਸਮੈਨ ਟੀ.ਵੀ. ਨੇ ਪਿੰਡ ਬੱਲੂਆਣਾ ’ਚ ਕਿੰਨੂ ਕਿਸਾਨ ਨਿਰਭੈਅ ਸਿੰਘ ਨਾਲ ਉਨ੍ਹਾਂ ਦੇ ਬਾਗ਼ ’ਚ ਕਿੰਨੂਆਂ ਬਾਰੇ ਗੱਲਬਾਤ ਕੀਤੀ। ਨਿਰਭੈਅ ਸਿੰਘ ਨੇ ਕਿਹਾ ਕਿ ਧੁੰਦ ਪੈਣ ਨਾਲ ਕਿੰਨੂ ਮਿਠਾਸ ਫੜ ਰਿਹਾ ਹੈ, ਇਸ ਤੋਂ ਪਹਿਲਾਂ ਕਿੰਨੂ ਕੁੜੱਤਣ ’ਤੇ ਸੀ। ਉਨ੍ਹਾਂ ਕਿਹਾ ਕਿ ਜਿੰਨੀ ਧੁੰਦ ਪਏਗੀ ਉਨ੍ਹੀ ਫ਼ਸਲਾਂ ਲਈ ਫਾਈਦੇਮੰਦ ਹੋਵੇਗੀ। ਉਨ੍ਹਾਂ ਕਿਹਾ, ‘‘ਪਹਿਲਾਂ ਕਿੰਨੂ ਦਾ ਰੰਗ ਪੀਲਾ ਸੀ ਪਰ ਧੁੰਦ ਪੈਣ ਨਾਲ ਕਿੰਨੂ ਦਾ ਰੰਗ ਸੰਗਤਰੀ ਹੋ ਗਿਆ ਹੈ, ਜੋ ਸਾਡੇ ਲਈ ਚੰਗੀ ਗੱਲ ਹੈ।
ਉਨ੍ਹਾਂ ਕਿਹਾ ਕਿ ਹੁਣ ਸਾਨੂੰ ਕਿੰਨੂ ਵੇਚਣ ’ਚ ਕੋਈ ਦਿੱਕਤ ਨਹੀਂ ਆਵੇਗੀ।’’ ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਾਗ਼ ’ਚ ਇਸ ਵਾਰ ਪਿਛਲੇ ਸਾਲ ਮੁਕਾਬਲੇ ਸਿਰਫ਼ 25 ਫ਼ੀ ਸਦੀ ਹੀ ਕਿੰਨੂਆਂ ਦੀ ਫ਼ਸਲ ਹੋਈ ਹੈ। ਇਸ ਦਾ ਕਾਰਨ ਇਹ ਹੈ ਕਿ ਕਿੰਨੂਆਂ ਦੇ ਬੂਟਿਆਂ ਨੂੰ ਇਕ ਸਾਲ ਘੱਟ ਅਤੇ ਇਕ ਸਾਲ ਵਧ ਫੱਲ ਲਗਦਾ ਹੈ। ਬੀਤੇ ਸਾਲ ਬੇਮੌਸਮੀ ਬਰਸਾਤ ਪੈਣ ਪੈਣ ਕਾਰਨ ਵੀ ਫ਼ਸਲਾਂ ਦਾ ਨੁਕਸਾਨ ਹੋਇਆ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜੇ ਬਰਸਾਤ ਹੁੰਦੀ ਹੈ ਤਾਂ ਕਿੰਨੂਆਂ ਦੀ ਫ਼ਸਲ ਨੂੰ ਹੋਰ ਫ਼ਾਇਦਾ ਹੋਵੇਗਾ ਕਿਉਂਕਿ ਮੀਂਹ ਪੈਣ ਨਾਲ ਕਿੰਨੂਆਂ ’ਤੇ ਜਿਹੜੇ ਕੀੜੇ ਜਾਂ ਮਿੱਟੀ ਜੰਮੀ ਹੁੰਦੀ ਹੈ ਉਹ ਝੜ ਜਾਂਦੀ ਹੈ।