
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਗੰਭੋਵਾਲ ਦੇ ਅਗਾਂਹਵਧੂ ਕਿਸਾਨ ਜੋੜੀ ਰਵਿੰਦਰ ਕੌਰ ਤੇ ਅਮਰੀਕ ਸਿੰਘ...
ਹੁਸ਼ਿਆਰਪੁਰ: ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਗੰਭੋਵਾਲ ਦੇ ਅਗਾਂਹਵਧੂ ਕਿਸਾਨ ਜੋੜੀ ਰਵਿੰਦਰ ਕੌਰ ਤੇ ਅਮਰੀਕ ਸਿੰਘ ਨੇ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾ ਕੇ ਨਾ ਸਿਰਫ ਆਪਣੀ ਆਮਦਨ ਵਿੱਚ ਵਾਧਾ ਕੀਤਾ ਹੈ, ਬਲਕਿ ਉਹ ਹੋਰ ਕਿਸਾਂਨਾਂ ਲਈ ਵੀ ਪ੍ਰੇਰਣਾ ਸਰੋਤ ਬਣੇ ਹਨ। ਆਪਣੇ ਹਲਕੇ ਵਿੱਚ ਮਿਸਾਲ ਕਾਇਮ ਕਰਦੇ ਹੋਏ ਇਸ ਜੋੜੀ ਨੇ ਕਿੰਨੂ ਦੀ ਖੇਤੀ ਦੇ ਨਾਲ-ਨਾਲ ਸੋਇਆਬੀਨ ਦੀ ਪ੍ਰੋਸੈਸਿੰਗ 'ਤੇ ਕੰਮ ਕੀਤਾ ਅਤੇ ਅੱਜ ਉਹ ਆਪਣੇ ਪਿੰਡ ਵਿੱਚ ਐਗਰੋ ਸੋਇਆ ਮਿਲਕ ਪਲਾਂਟ ਲਗਾ ਕੇ ਆਰਗੈਨਿਕ ਸੋਇਆਬੀਨ ਤੋਂ ਦੁੱਧ ਅਤੇ ਪਨੀਰ ਬਣਾਉਣ ਦਾ ਕੰਮ ਕਰ ਰਹੇ ਹਨ।
Soyabeen paneer
ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਸਾਨ ਜੋੜੀ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾ ਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ ਅਤੇ ਰਵਿੰਦਰ ਕੌਰ ਤੇ ਅਮਰੀਕ ਸਿੰਘ ਇਸ ਦੀ ਉਦਾਹਰਣ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਉਨਤ ਖੇਤੀ ਵਜੋਂ ਅੱਗੇ ਆਉਣ ਅਤੇ ਫ਼ਸਲੀ ਚੱਕਰ ਤੋਂ ਨਿਕਲਦੇ ਹੋਏ ਬਦਲਵੀਂ ਖੇਤੀ ਨੂੰ ਅਪਣਾਉਣ। ਉਨ੍ਹਾਂ ਕਿਹਾ ਕਿ ਅੱਜ ਜਿਲ੍ਹੇ ਦੇ ਕਈ ਕਿਸਾਨ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾ ਕੇ ਆਰਥਿਕ ਤੌਰ 'ਤੇ ਕਾਫ਼ੀ ਮਜ਼ਬੂਤ ਹੋ ਰਹੇ ਹਨ।
Soyabeen paneer
ਅਗਾਂਹਵਧੂ ਕਿਸਾਨ ਜੋੜੀ ਰਵਿੰਦਰ ਕੌਰ ਤੇ ਅਮਰੀਕ ਸਿੰਘ ਨੇ ਕਿਹਾ ਕਿ ਉਹ ਜੈਵਿਕ ਤਰੀਕੇ ਨਾਲ ਕਿੰਨੂ ਦੀ ਫ਼ਸਲ ਲਗਾਉਂਦੇ ਹਨ। ਇਕ ਵਾਰ ਉਨ੍ਹਾਂ ਦੇ ਪਿਤਾ ਘਰ ਵਿੱਚ ਸੋਇਆਬੀਨ ਦਾ ਪਨੀਰ ਲੈ ਕੇ ਆਏ ਤਾਂ ਉਨ੍ਹਾਂ ਦੇ ਮਨ ਵਿੱਚ ਵੀ ਖਿਆਲ ਆਇਆ ਕਿ ਕਿਉਂ ਨਾ ਉਹ ਖੇਤੀ ਦੇ ਨਾਲ ਇਸ ਸਹਾਇਕ ਧੰਦੇ ਨੂੰ ਅਪਣਾ ਕੇ ਆਪਣੇ ਹਲਕੇ ਵਿੱਚ ਵੀ ਇਸ ਕੰਮ ਨੂੰ ਸ਼ੁਰੂ ਕਰਨ। ਇਸ ਤੋਂ ਬਾਅਦ ਉਹ ਖੇਤੀ ਵਿਕਾਸ ਕੇਂਦਰ ਬਾਹੋਵਾਲ ਗਏ, ਜਿਥੇ ਉਨ੍ਹਾਂ ਨੂੰ ਸਹੀ ਦਿਸ਼ਾ ਮਿਲੀ।
ਸਾਲ 2015-16 ਵਿੱਚ ਸੋਇਆਬੀਨ ਦੀ ਪ੍ਰੋਸੈਸਿੰਗ ਲਈ ਉਹ ਸੈਂਟਰਲ ਇੰਸਟੀਚਿਊਟ ਆਫ਼ ਐਗਰੀਕਲਚਰ ਇੰਜੀਨੀਅਰਿੰਗ ਭੋਪਾਲ ਵਿੱਚ ਕਿੱਤਾ ਸਿਖਲਾਈ ਲਈ ਗਏ ਅਤੇ ਇਥੋਂ ਟਰੇਨਿੰਗ ਲੈ ਕੇ ਆਪਣਾ ਪਲਾਂਟ ਲਗਾਇਆ। ਪਲਾਂਟ ਲੱਗਣ ਉਪਰੰਤ ਉਨ੍ਹਾਂ ਵਲੋਂ ਤਿਆਰ ਕੀਤਾ ਗਿਆ ਦੁੱਧ ਤੇ ਪਨੀਰ ਦੀ ਹਲਕੇ ਵਿੱਚ ਕਾਫੀ ਮੰਗ ਵਧੀ, ਜਿਸ ਨਾਲ ਅੱਜ ਉਹ ਆਰਥਿਕ ਤੌਰ 'ਤੇ ਕਾਫ਼ੀ ਮਜ਼ਬੂਤ ਹੋਏ ਹਨ। ਅਮਰੀਕ ਸਿੰਘ ਨੇ ਕਿਹਾ ਕਿ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣਾ ਅੱਜ ਸਮੇਂ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਉਹ ਕਈ ਕਿਸਾਨਾਂ ਨੂੰ ਝੋਨੇ ਦੀ ਖੇਤੀ ਤੋਂ ਮੱਕੀ, ਕਵਾਰ ਤੇ ਸਬਜ਼ੀਆਂ ਲਗਾਉਣ ਲਈ ਪ੍ਰੇਰਿਤ ਕਰ ਚੁੱਕੇ ਹਨ ਅਤੇ ਕਈਆਂ ਨੇ ਇਸ ਨੂੰ ਅਪਣਾ ਕੇ ਫਾਇਦਾ ਵੀ ਲਿਆ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਖੇਤੀ ਕਰਕੇ ਕਿਸਾਨ ਘੱਟ ਲਾਗਤ ਨਾਲ ਜ਼ਿਆਦਾ ਮੁਨਾਫ਼ਾ ਕਮਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਰਵਨੀਤ ਕੌਰ ਐਮਐਸਸੀ (ਖੇਤੀਬਾੜੀ) ਕਰ ਰਹੀ ਹੈ ਅਤੇ ਉਹ ਵੀ ਛੁੱਟੀ ਵਾਲੇ ਦਿਨ ਉਨ੍ਹਾਂ ਨਾਲ ਪੂਰੀ ਮਦਦ ਕਰਦੀ ਹੈ। ਇਸ ਕੰਮ ਵਿੱਚ ਸਾਰਾ ਪਰਵਾਰ ਇਕਠਾ ਕੰਮ ਕਰਦਾ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕਤਾ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ.ਵਿਨੇ ਕੁਮਾਰ ਨੇ ਕਿਹਾ ਕਿ ਸੋਇਆਬੀਨ ਦੀ ਦਾਲ ਪ੍ਰੋਟੀਨ ਦਾ ਖ਼ਜ਼ਾਨਾ ਹੈ। ਇਸ ਵਿੱਚ 40 ਪ੍ਰਤੀਸ਼ਤ ਪ੍ਰੋਟੀਨ, 21 ਫ਼ੀਸਦੀ ਕਾਰਬੋਹਾਈਡਰੇਟਸ, 20 ਪ੍ਰਤੀਸ਼ਤ ਤੇਲ ਤੇ ਹੋਰ ਕਈ ਤੱਤ ਹੁੰਦੇ ਹਨ। ਪੰਜਾਬ ਵਿੱਚ ਛੋਟੇ ਬੱਚਿਆਂ ਦੀ ਕੁਪੋਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਸੋਇਆਬੀਨ ਪਦਾਰਥ ਦੀ ਦਿਨ-ਬ-ਦਿਨ ਮੰਗ ਵੱਧਦੀ ਜਾ ਰਹੀ ਹੈ। ਸੋਇਆਬੀਨ ਫ਼ਸਲੀ ਵਿਭਿੰਨਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਪੰਜਾਬ ਰਾਜ ਕਿਸਾਨ ਕਮਿਸ਼ਨ ਵਲੋਂ ਸੋਇਆਬੀਨ ਦੀ ਫ਼ਸਲ ਨੂੰ ਅਪਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਉਥੇ ਖੇਤੀਬਾੜੀ ਵਿਭਾਗ ਤੇ ਖੇਤੀ ਯੂਨੀਵਰਸਿਟੀ ਲੁਧਿਆਣਾ ਵਲੋਂ ਕਿਸਾਨਾਂ ਨੂੰ ਉਨਤ ਕਿਸਮਾਂ ਦੇ ਬੀਜ ਲਗਾਉਣ ਦੀ ਸਿਫਾਰਸ਼ ਕੀਤੀ ਗਈ ਹੈ।