ਕੁਦਰਤੀ ਤਰੀਕੇ ਨਾਲ ਇੰਝ ਕਰੋ ਝੋਨੇ ਦੀ ਕਾਸ਼ਤ
Published : Jan 8, 2023, 3:47 pm IST
Updated : Jan 8, 2023, 3:47 pm IST
SHARE ARTICLE
This is how to cultivate paddy in a natural way
This is how to cultivate paddy in a natural way

ਅੱਜਕੱਲ੍ਹ ਹਰ ਚੀਜ਼ ਵਿਚ ਜ਼ਹਿਰ ਭਰੀ ਪਈ ਹੈ। ਫ਼ਸਲਾਂ 'ਤੇ ਲਗਾਤਾਰ ਕੀੜੇਮਾਰ ਦਵਾਈਆਂ ਦਾ ਸਪਰੇਅ ਕੀਤਾ ਜਾਂਦਾ ਹੈ, ਜਿਸ ਕਾਰਨ ਜ਼ਹਿਰੀਲੀਆਂ ਦਵਾਈਆਂ...

 

ਅੱਜਕੱਲ੍ਹ ਹਰ ਚੀਜ਼ ਵਿਚ ਜ਼ਹਿਰ ਭਰੀ ਪਈ ਹੈ। ਫ਼ਸਲਾਂ 'ਤੇ ਲਗਾਤਾਰ ਕੀੜੇਮਾਰ ਦਵਾਈਆਂ ਦਾ ਸਪਰੇਅ ਕੀਤਾ ਜਾਂਦਾ ਹੈ, ਜਿਸ ਕਾਰਨ ਜ਼ਹਿਰੀਲੀਆਂ ਦਵਾਈਆਂ ਦਾ ਕੁੱਝ ਨਾ ਕੁੱਝ ਅਸਰ ਫ਼ਸਲਾਂ ਵਿਚ ਰਹਿ ਜਾਂਦਾ ਹੈ, ਜੋ ਮਨੁੱਖ ਨੂੰ ਲਗਾਤਾਰ ਪ੍ਰਭਾਵਤ ਕਰਦਾ ਹੈ ਪਰ ਹੁਣ ਇਸ ਜ਼ਹਿਰ ਤੋਂ ਬਚਣ ਲਈ ਬਹੁਤ ਸਾਰੇ ਲੋਕ ਕੁਦਰਤੀ ਖੇਤੀ ਵੱਲ ਉਤਸ਼ਾਹਿਤ ਹੋ ਰਹੇ ਹਨ। ਝੋਨੇ ਦੀ ਫ਼ਸਲ ਨੂੰ ਵੀ ਕੁਦਰਤੀ ਖੇਤੀ ਨਾਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਕਿ ਇਹ ਕਿਵੇਂ ਹੋ ਸਕਦੀ ਹੈ?

ਝੋਨੇ ਦੀ ਪਨੀਰੀ ਲਈ ਬੀਜ ਚੋਣ: ਕਿਸਾਨ ਵੀਰੋ ਬੀਜ ਕਿਸੇ ਵੀ ਫ਼ਸਲ ਦੀ ਬੁਨਿਆਦ ਹੁੰਦਾ ਹੈ। ਇਸ ਲਈ ਸਾਡੇ ਖੇਤ ਵਿਚ ਹਮੇਸ਼ਾ ਜਾਨਦਾਰ ਅਤੇ ਰੋਗ ਰਹਿਤ ਬੀਜ ਹੀ ਬੀਜੇ ਜਾਣ ਸਾਨੂੰ ਇਸ ਗੱਲ ਦਾ ਖਾਸ ਖ਼ਿਆਲ ਰੱਖਣਾ ਚਾਹੀਦਾ ਹੈ। ਕੁਦਰਤੀ ਖੇਤੀ ਤਹਿਤ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਹੇਠ ਲਿਖੇ ਅਨੁਸਾਰ ਜਾਨਦਾਰ ਬੀਜਾਂ ਦੀ ਚੋਣ ਕਰ ਸਕਦੇ ਹਨ। ਬੀਜ ਦੀ ਮਾਤਰਾ ਅਨੁਸਾਰ ਇਕ ਬਰਤਨ ਵਿਚ ਪਾਣੀ ਭਰ ਲਵੋ। ਹੁਣ ਇਸ ਪਾਣੀ ਵਿਚ ਇਕ ਆਲੂ ਪਾ ਦੇਵੋ, ਆਲੂ ਡੁੱਬ ਜਾਵੇਗਾ। ਹੁਣ ਇਸ ਪਾਣੀ ਵਿਚ ਉਦੋਂ ਤੱਕ ਨਮਕ (ਲੂਣ) ਮਿਲਾਉਂਦੇ ਜਾਓ ਜਦੋਂ ਤਕ ਆਲੂ ਪਾਣੀ 'ਤੇ ਤੈਰਨ ਨਹੀਂ ਲੱਗ ਜਾਂਦਾ।

ਹੁਣ ਪਾਣੀ ਵਿਚੋਂ ਆਲੂ ਕੱਢ ਦਿਓ ਅਤੇ ਝੋਨੇ ਦਾ ਬੀਜ ਪਾ ਦਿਓ, ਬਹੁਤ ਸਾਰਾ ਬੀਜ ਪਾਣੀ 'ਤੇ ਤੈਰ ਜਾਵੇਗਾ। ਪਾਣੀ ਉੱਤੇ ਤੈਰ ਜਾਣ ਵਾਲੇ ਬੀਜ ਨੂੰ ਬਾਹਰ ਕੱਢ ਦਿਓ, ਇਹ ਸਾਰਾ ਰੋਗੀ, ਕਮਜ਼ੋਰ ਅਤੇ ਫੋਕਾ ਬੀਜ ਹੈ। ਹੁਣ ਬਰਤਨ ਵਿਚ ਡੁੱਬੇ ਹੋਏ ਬੀਜ ਨੂੰ ਚੰਗੀ ਤਰ੍ਹਾਂ ਹਿਲਾਓ ਅਤੇ ਜਿੰਨਾਂ ਵੀ ਬੀਜ ਪਾਣੀ 'ਤੇ ਤੈਰ ਜਾਵੇ ਉਸਨੂੰ ਫਿਰ ਬਾਹਰ ਕੱਢ ਦਿਓ। ਇਹ ਕਿਰਿਆਂ ਘੱਟੋ-ਘੱਟ 3 ਵਾਰ ਦੁਹਰਾਓ। ਅੰਤ ਵਿਚ ਤੁਹਾਡੇ ਕੋਲੇ ਸਿਰਫ ਤੇ ਸਿਰਫ ਰੋਗ ਰਹਿਤ, ਸਿਹਤਮੰਦ ਅਤੇ ਜਾਨਦਾਰ ਬੀਜ ਬਚ ਜਾਵੇਗਾ। 

ਹੁਣ ਇਸ ਬਚੇ ਹੋਏ ਰੋਗ ਰਹਿਤ, ਤੰਦਰੁਸਤ ਅਤੇ ਜਾਨਦਾਰ ਬੀਜ ਨੂੰ ਘੱਟੋ-ਘੱਟ 3 ਵਾਰੀ ਸਾਦੇ ਪਾਣੀ ਨਾਲ ਧੋ ਕੇ ਲੂਣ ਰਹਿਤ ਕਰ ਲਵੋ ਅਤੇ ਛਾਂਵੇ ਸੁਕਾਉਣ ਉਪਰੰਤ ਬੀਜ ਅੰਮ੍ਰਿਤ ਲਾ ਕੇ ਪਨੀਰੀ ਬੀਜ ਦਿਓ। ਇਸ ਢੰਗ ਨਾਲ ਪ੍ਰਾਪਤ ਕੀਤੇ ਗਏ ਰੋਗ ਰਹਿਤ, ਤੰਦਰੁਸਤ ਅਤੇ ਜਾਨਦਾਰ ਬੀਜ ਤੁਹਾਡੇ ਖੇਤ ਵਿਚ ਰੋਗ ਰਹਿਤ, ਤਾਕਤਵਰ ਅਤੇ ਜਾਨਦਾਰ ਪੌਦਿਆਂ ਦੇ ਰੂਪ ਵਿਚ ਜਨਮ ਲੈਣਗੇ ਜਿਹਨਾਂ ਵਿੱਚ ਕਿਸੇ ਵੀ ਕੀਟ ਜਾਂ ਰੋਗ ਨਾਲ ਲੜਨ ਦੀ ਅਦਭੁਤ ਸ਼ਕਤੀ ਹੋਵੇਗੀ। ਸੋ ਸਮੂਹ ਕਿਸਾਨ ਵੀਰ ਪ੍ਰਯੋਗਸ਼ੀਲ ਕਿਸਾਨਾਂ ਦੇ ਇਸ ਤਜ਼ਰਬੇ ਦਾ ਲਾਭ ਜ਼ਰੂਰ ਉਠਾਉਣ 100 ਫੀਸਦੀ ਫਾਇਦਾ ਹੋਵੇਗਾ।

ਨੋਟ : ਉਪ੍ਰੋਕਤ ਵਿਧੀ ਨਾਲ ਝੋਨੇ ਦੇ 4 ਕਿੱਲੋ ਬੀਜ ਪਿੱਛੇ 300 ਤੋਂ 500 ਗ੍ਰਾਮ ਰੋਗੀ, ਕਮਜ਼ੋਰ ਅਤੇ ਫੋਕਾ ਬੀਜ ਅਲੱਗ ਹੋ ਜਾਂਦਾ ਹੈ। ਜਦੋਂ ਕਿ ਸਾਦੇ ਪਾਣੀ ਵਿੱਚ ਨਿਤਾਰਨ ਨਾਲ ਸਿਰਫ ਫੋਕ ਹੀ ਅਲੱਗ ਹੁੰਦੀ ਏ। 

ਪਨੀਰੀ ਬੀਜਣ ਦਾ ਸਹੀ ਤਰੀਕਾ : ਪੌਧ ਬੀਜਣ ਲਈ ਚੰਗੂ ਤਿਆਰ ਕਿਆਰੀ ਵਿਚ ਬੀਜ ਅੰਮ੍ਰਿਤ ਨਾਲ ਸ਼ੁੱਧ ਕੀਤੇ ਬੀਜਾਂ ਦਾ ਇਕਸਾਰ ਛੱਟਾ ਦੇ ਕੇ ਉਹਨਾਂ 'ਤੇ ਕੰਘੇ-ਤੰਗਲੀ ਨਾਲ ਮਿੱਟੀ ਚੜ੍ਹਾ ਦਿਉ। ਹੁਣ ਸਮੁੱਚੀ ਕਿਆਰੀ ਉੱਤੇ ਝੋਨੇ ਜਾਂ ਕਣਕ ਦੀ ਪਰਾਲੀ ਦੀ 2 ਇੰਚ ਮੋਟੀ ਅਤੇ ਪੂਰੀ ਸੰਘਣੀ ਪਰਤ ਵਿਛਾ ਕੇ ਕਿਆਰੀ ਵਿਚ ਪਾਣੀ ਛੱਡ ਦਿਉ ਪਾਣੀ ਨਾਲ ਪ੍ਰਤੀ ਮਰਲਾ 1 ਲੀਟਰ ਗੁੜਜਲ ਅੰਮ੍ਰਿਤ ਲਾਜ਼ਮੀ ਪਾਓ। ਛੇਵੇਂ ਦਿਨ ਸ਼ਾਮ ਨੂੰ ਪਰਾਲੀ ਚੁੱਕ ਕੇ ਦੂਜਾ ਪਾਣੀ ਲਾ ਦਿਉ। ਸੱਤਵੇ ਦਿਨ ਸਵੇਰ ਤੱਕ ਤੁਹਾਡੀ ਪੌਦ ਵਾਲੀ ਕਿਆਰੀ ਵਿੱਚ ਢਾਈ-ਤਿੰਨ ਇੰਚ ਦੀ ਤੇ ਇਕਸਾਰ ਪੌਧ ਖੜੀ ਮਿਲੇਗੀ।

ਪੌਧ ਲਈ ਕਿਆਰੀ ਤਿਆਰ ਕਰਦੇ ਸਮੇਂ ਕਦੇ ਵੀ ਕੱਚੀ ਰੂੜੀ ਨਾ ਪਾਓ। ਇਸ ਤਰ੍ਹਾਂ ਕਰਨ ਨਾਲ ਪੌਧ ਨਾਈਟ੍ਰੋਜ਼ਨ ਦੀ ਘਾਟ ਦਾ ਸ਼ਿਕਾਰ ਹੋ ਕੇ ਪੀਲੀ ਪੈ ਜਾਂਦੀ ਹੈ। ਇੱਥੇ ਅਸੀਂ ਇਹ ਗੱਲ ਜ਼ੋਰ ਦੇ ਕੇ ਕਹਿਣਾ ਚਾਹਾਂਗੇ ਕਿ ਸਾਰੀ ਦੀ ਸਾਰੀ ਪਨੀਰੀ ਇਕੋ ਹੀ ਦਿਨ ਨਹੀਂ ਬੀਜਣੀ ਸਗੋਂ ਆਪਣੀ ਕੁੱਲ ਜ਼ਮੀਨ ਅਨੁਸਾਰ ਕੁੱਝ ਦਿਨਾਂ ਦਾ ਵਕਫ਼ਾ ਪਾਉਂਦੇ ਹੋਏ ਟੁਕੜਿਆਂ ਵਿੱਚ ਪਨੀਰੀ ਦੀ ਬਿਜਾਈ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਾਰੀ ਜ਼ਮੀਨ ਵਿਚ ਇਕ ਹੀ ਉਮਰ ਦਾ ਝੋਨਾ ਅਤੇ ਸਮੇਂ ਸਿਰ ਲੱਗ ਸਕੇਗਾ।

ਖੇਤ ਵਿਚ ਲੁਆਈ ਸਮੇਂ ਪਨੀਰੀ ਦੀ ਉਮਰ : ਪ੍ਰਚਲਿਤ ਢੰਗ ਨਾਲ ਝੋਨਾ ਲਾਉਣ ਵਾਲੇ ਕਿਸਾਨ ਭਰਾਵਾਂ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਪਨੀਰੀ ਦੀ ਉਮਰ 20 ਤੋਂ 25 ਦਿਨਾਂ ਦੇ ਵਿਚਕਾਰ ਹੀ ਹੋਣੀ ਚਾਹੀਦੀ ਹੈ ਕਿਉਂਕਿ ਪਨੀਰੀ ਦੀ ਉਮਰ ਜਿੰਨੀ ਵੱਧ ਹੋਵੇਗੀ ਉਸ ਅਨੁਪਾਤ ਨਾਲ ਫਸਲ ਦਾ ਝਾੜ ਵੀ ਘਟ ਜਾਣ ਅਸਾਰ ਬਣ ਜਾਂਦੇ ਹਨ। ਐਸਆਰਆਈ (ਸਿਸਟਮ ਆਫ ਰੂਟ/ ਰਾਈਸ ਇੰਟੈਸੀਫਿਕੇਸ਼ਨ) ਤਕਨੀਕ ਅਨੁਸਾਰ ਝੋਨਾ ਲਾਉਣ ਲਈ ਪਨੀਰੀ ਦੀ ਉਮਰ 8 ਤੋਂ 12 ਦਿਨ ਤੇ ਜਾਂ ਫਿਰ ਵੱਧ ਤੋਂ ਵੱਧ 15 ਦਿਨ ਹੀ ਹੋਣੀ ਚਾਹੀਦੀ ਹੈ। ਪਰ ਆਮ ਤੌਰ 'ਤੇ ਇਹ ਦੇਖਿਆ ਜਾਂਦਾ ਹੈ ਕਿ 25 ਦਿਨਾਂ ਦੀ ਪਨੀਰੀ ਕੱਦ-ਕਾਠ ਪੱਖੋਂ ਖੇਤ ਵਿਚ ਟਰਾਂਸਪਲਾਂਟ ਕਰਨ ਯੋਗ ਨਹੀਂ ਮੰਨੀ ਜਾਂਦੀ ਪਰ ਉਗੀ ਹੋਈ ਪਨੀਰੀ ਉੱਤੇ ਉੱਗਣ ਉਪਰੰਤ 7 ਤੋਂ 25 ਦਿਨਾਂ ਵਿਚਕਾਰ ਪਾਥੀਆਂ ਦੇ ਪਾਣੀ ਦੀਆਂ 2 ਸਪ੍ਰੇਆਂ ਕਰਕੇ ਬੂਟਿਆਂ ਦਾ ਲੋੜੀਂਦਾ ਵਿਕਾਸ ਹਾਸਿਲ ਕੀਤਾ ਜਾ ਸਕਦਾ ਹੈ।

ਪਨੀਰੀ ਕਿਵੇਂ ਪੁੱਟੀਏ :  ਪਨੀਰੀ ਪੁੱਟਦੇ ਸਮੇਂ ਹਮੇਸ਼ਾ ਨਰਮੀ ਅਤੇ ਪਿਆਰ ਤੋਂ ਕੰਮ ਲਓ। ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਪੌਦਿਆਂ ਦੀਆਂ ਜੜ੍ਹਾਂ ਨਾ ਟੁੱਟਣ ਅਤੇ ਉਹਨਾਂ ਨੂੰ ਕਿਸੇ ਕਿਸਮ ਨੁਕਸਾਨ ਨਾ ਹੋਵੇ। ਇਹ ਸੁਨਿਸ਼ਚਿਤ ਕਰ ਲਵੋ ਕਿ ਪਨੀਰੀ ਦੀਆਂ ਗੁੱਟੀਆਂ ਨੂੰ ਕਿਸੇ ਵੀ ਹਾਲ 'ਚ ਕੋਈ ਝਟਕਾ ਨਾ ਲੱਗੇ ਭਾਵ ਕਿ ਲੇਬਰ ਪਨੀਰੀ ਨੂੰ ਚਲਾ-ਚਲਾ ਕੇ ਨਾ ਮਾਰੇ ਅਤੇ ਨਾ ਹੀ ਪੌਦਿਆਂ ਤੋੜ-ਤੋੜ ਕੇ ਇਕ ਤੋਂ ਦੋ ਜਾਂ ਤਿੰਨ ਬਣਾਵੇ।

ਖੇਤ ਤਿਆਰ ਕਰਦੇ ਸਮੇਂ : ਖੇਤ ਵਾਹ ਕੇ ਉਸਨੂੰ ਸੁਹਾਗਣ ਤੋਂ ਪਹਿਲਾਂ ਪ੍ਰਤੀ ਏਕੜ 2 ਕੁਇੰਟਲ ਗਾੜਾ ਜੀਵ ਅੰਮ੍ਰਿਤ ਅਤੇ 2 ਕੁਇੰਟਲ ਰੂੜੀ ਦੀ ਖਾਦ ਵਿੱਚ ਮਿਲਾ ਕੇ 20 ਕਿੱਲੋ ਨਿੰਮ ਦੀ ਖਲ ਦਾ ਛਿੱਟਾ ਦਿਓ। ਇਹ ਮਿਸ਼ਰਣ ਜਿੱਥੇ ਫਸਲ ਲਈ ਡੀ. ਏ. ਪੀ. ਦਾ ਕੰਮ ਕਰੇਗਾ ਓਥੇ ਹੀ ਫਸਲ ਨੂੰ ਜੜ ਦੇ ਰੋਗਾਂ ਤੋਂ ਗ੍ਰਸਤ ਕਰਨ ਵਾਲੇ ਕੀੜਿਆਂ ਅਤੇ ਜੀਵਾਣੂਆਂ ਦੀ ਵੀ ਰੋਕਥਾਮ ਕਰੇਗਾ। 

ਖੇਤ ਵਿਚ ਰੋਪਾਈ ਕਰਦੇ ਸਮੇਂ : ਖੇਤ ਵਿਚ ਪੁੱਟੀ ਹੋਈ ਪਨੀਰੀ ਦੀ ਰੋਪਾਈ ਕਰਦੇ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਪੌਦੇ ਦੀ ਜੜ ਨੂੰ ਜ਼ਮੀਨ 'ਚ ਲਾਉਂਦੇ ਸਮੇਂ ਕਿਸੇ ਵੀ ਹਾਲ ਵਿਚ ਦਬਾਇਆ ਨਾ ਜਾਵੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪੌਦੇ ਦੀ ਜੜ ਉਤਾਂਹ ਵੱਲ ਹੋ ਜਾਂਦੀ ਏ ਤੇ ਇਸ ਨੂੰ ਮੁੜ ਜ਼ਮੀਨ ਵਿਚ ਥੱਲੇ ਨੂੰ ਡੂੰਘਾਈ ਵਿਚ ਜਾਣ ਵਾਸਤੇ ਕਈ ਦਿਨ ਲੱਗ ਜਾਂਦੇ ਹਨ। ਸਿੱਟੇ ਵਜੋਂ ਝੋਨੇ ਦੇ ਖੇਤ 3-4 ਦਿਨਾਂ ਤਕ ਮੁਰਝਾਇਆ ਹੋਇਆ ਈ ਨਜ਼ਰੀਂ ਪੈਂਦਾ ਹੈ। ਇਸਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਖੇਤ ਵਿਚਲੇ ਸਾਰੇ ਪੌਦੇ ਮਿੱਟੀ ਦੇ ਸੰਪਰਕ ਵਿਚ ਨਹੀਂ ਹੁੰਦੇ ਅਤੇ ਜਦੋਂ ਤਕ ਉਹ ਮਿੱਟੀ ਨਾਲ ਆਪਣਾ ਰਿਸ਼ਤਾ ਬਣਾਉਣ 'ਚ ਸਫ਼ਲ ਹੋ ਪਾਉਂਦੇ ਹਨ ਉਦੋਂ ਤੱਕ ਉਹਨਾਂ ਦੁਆਰਾ ਨਵੀਆਂ ਸ਼ਾਖਾਵਾਂ ਕੱਢਣ ਦਾ ਇਕ ਹੋਰ ਚੱਕਰ ਵੀ ਅੱਧੇ ਦੇ ਕਰੀਬ ਪੂਰਾ ਹੋ ਚੁੱਕਾ ਹੁੰਦਾ ਹੈ। 

ਇਹੀ ਕਾਰਨ ਹੈ ਕਿ ਪ੍ਰਚਲਿਤ ਢੰਗ ਨਾਲ ਲਾਇਆ ਝੋਨਾ ਬੂਟਾ ਮਾਰਨ ਪੱਖੋਂ ਔਸਤ 18 ਤੋਂ 25 ਸਖਾਵਾਂ ਤੱਕ ਹੀ ਸੀਮਤ ਰਹਿ ਜਾਂਦਾ ਹੈ। ਜਦੋਂ ਕਿ ਐੱਸ. ਆਰ. ਆਈ. ਵਿਧੀ ਨਾਲ ਲਾਇਆ ਝੋਨਾ ਔਸਤ 25 ਤੋਂ 40 ਤਕ ਸਖਾਵਾਂ ਕੱਢਦਾ ਹੈ। ਸਿੱਟੇ ਵਜੋਂ ਪ੍ਰਚਲਿਤ ਢੰਗ ਨਾਲ ਲਾਏ ਗਏ ਝੋਨੇ ਦਾ ਔਸਤ ਝਾੜ ਵੀ ਆਸ ਤੋਂ ਘੱਟ ਰਹਿ ਜਾਂਦਾ ਹੈ। ਇਸ ਲਈ ਸਾਰੇ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਝੋਨਾ ਲਾਉਂਦੇ ਸਮੇਂ ਉਪ੍ਰੋਕਤ ਗੱਲਾਂ ਦਾ ਖਾਸ ਖਿਆਲ ਰੱਖਣ ਅਤੇ ਪਨੀਰੀ ਨੂੰ ਰੋਗ ਰਹਿਤ ਕਰਨ ਲਈ ਉਸਦੀਆਂ ਜੜ੍ਹਾਂ ਨੂੰ ਬੀਜ ਅੰਮ੍ਰਿਤ ਲਗਾ ਕੇ ਹੀ ਖੇਤ ਵਿਚ ਲਾਉਣ। ਇਸ ਤਰ੍ਹਾਂ ਕਰਨ ਨਾਲ ਜਿੱਥੇ ਖੇਤ ਵਿਚ ਖੇਤ ਵਿੱਚ ਸਿਹਤਮੰਦ ਪੌਦਿਆਂ ਦੀ ਲਵਾਈ ਹੁੰਦੀ ਹੈ ਓਥੇ ਹੀ ਪ੍ਰਤੀ ਏਕੜ ਝਾੜ ਵਿਚ ਵੀ ਵਾਧਾ ਹੁੰਦਾ ਹੈ।

ਨਦੀਨਾਂ ਦੀ ਰੋਕਥਾਮ : ਪਹਿਲੀ ਗੱਲ ਤਾਂ ਇਹ ਕਿ ਜਿਹਨਾਂ ਪੌਦਿਆਂ ਨੂੰ ਅਸੀਂ ਨਦੀਨ ਆਖਦੇ ਹਾਂ ਉਹ ਹੀ ਧਰਤੀ ਦੇ ਸਕੇ ਪੁੱਤ-ਧੀਆਂ ਹਨ ਤੇ ਉਹਨਾਂ ਦਾ ਪੋਸ਼ਣ ਧਰਤੀ ਆਪ ਕਰਦੀ ਹੈ। ਕੁਦਰਤੀ ਖੇਤੀ ਵਾਲੇ ਖੇਤਾਂ ਵਿਚ ਇਹ ਕਦੇ ਵੀ ਫਸਲ ਦੇ ਉੱਤੋਂ ਦੀ ਨਹੀਂ ਪੈਂਦੇ। ਪਰ ਖੁਰਾਕ ਲਈ ਫ਼ਸਲ ਅਤੇ ਇਹਨਾਂ ਦੀ ਆਪਸੀ ਮੁਕਾਬਲੇਬਾਜ਼ੀ ਕਰਕੇ ਅਕਸਰ ਫ਼ਸਲ ਕਮਜ਼ੋਰ ਰਹਿ ਜਾਂਦੀ ਹੈ। ਇਸ ਸਥਿਤੀ ਤੋਂ ਬਚਣ ਲਈ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਹੇਠ ਲਿਖੇ ਅਨੁਸਾਰ ਕੁੱਝ ਰਵਾਇਤੀ ਪ੍ਰਬੰਧ ਕਰਨ। ਕਣਕ ਦੀ ਕਟਾਈ ਤੋਂ ਤੁਰੰਤ ਬਾਅਦ ਖੇਤ ਨੂੰ ਸੁੱਕਾ ਤੇ ਡੂੰਘਾ ਵਾਹ ਕੇ 2 ਦਿਨ ਤਕ ਓਸੇ ਤਰ੍ਹਾਂ ਛੱਡੀ ਰੱਖੋ।

ਇਸ ਤਰ੍ਹਾਂ ਕਰਨ ਨਾਲ ਨਦੀਨਾਂ ਦੇ ਬੀਜ ਜ਼ਮੀਨ ਦੀ ਉਤਲੀ ਸਤ੍ਹਾ 'ਤੇ ਆ ਜਾਂਦੇ ਹਨ। ਹੁਣ ਖੇਤ ਦੀ ਰੌਣੀ ਕਰਕੇ ਉਸ ਵਿਚ ਜੰਤਰ ਜਾਂ ਮੂੰਗੀ ਜਾਂ ਮਿਸ਼ਰਤ ਹਰੀ ਖਾਦ ਬੀਜ ਦਿਓ। ਬਹੁਤ ਸਾਰੇ ਨਦੀਨ ਇਹਨਾਂ ਦੇ ਨਾਲ ਹੀ ਖੇਤ ਵਿੱਚ ਉੱਗ ਆਉਣਗੇ ਜਿਹੜੇ ਕਿ ਹਰੀ ਖਾਦ ਵਾਹੁੰਦੇ ਸਮੇਂ ਆਪਣੇ-ਆਪ ਹੀ ਖਤਮ ਹੋ ਕੇ ਝੋਨੇ ਦੀ ਫਸਲ ਲਈ ਹਰੀ ਖਾਦ ਦਾ ਹੀ ਕੰਮ ਕਰਨਗੇ।ਖੇਤ ਵਿੱਚ ਪਹਿਲੇ ਹਫ਼ਤੇ ਤੱਕ ਲਗਾਤਾਰ ਪਾਣੀ ਖੜਾ ਰੱਖਣਾ ਵੀ ਇਕ ਤਰੀਕਾ ਹੋ ਸਕਦਾ ਹੈ ਪਰ ਇਹ ਵੀ ਨਦੀਨ ਨਾਸ਼ਕ ਦੇ ਛਿੜਕਾਅ ਵਾਂਗ ਆਉਣ ਵਾਲੀਆਂ ਨਸਲਾਂ ਪ੍ਰਤੀ ਪਾਪ ਕਰਨ ਦੇ ਤੁੱਲ ਹੈ। ਜੇ ਥੋੜ੍ਹੇ ਬਹੁਤੇ ਨਦੀਨ ਹੋ ਵੀ ਜਾਂਦੇ ਹਨ ਤਾਂ ਉਹਨਾਂ ਨੂੰ ਹੱਥੀਂ ਪੁੱਟ ਦੇਣਾ ਹੀ ਬੇਹਤਰ ਹੈ।

ਸਿੰਜਾਈ: ਪਿਆਰੇ ਕਿਸਾਨ ਵੀਰੋ ਜਿਵੇਂ ਕਿ ਹੁਣ ਤੱਕ ਪ੍ਰਚਾਰਿਤ ਕੀਤਾ ਗਿਆ ਹੈ ਉਸਦੇ ਉਲਟ ਝੋਨਾ ਆਪਣੇ ਆਪ ਵਿੱਚ ਕਦੇ ਵੀ ਪਾਣੀ ਦਾ ਪੌਦਾ ਨਹੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਵਹਿਮ ਚੋਂ ਹੁਣੇ ਤੋਂ ਹੀ ਬਾਹਰ ਆ ਜਾਣਾ ਚਾਹੀਦਾ ਹੈ। ਇਸ ਲਈ ਹਰ 8ਵੇਂ 10ਵੇਂ ਦਿਨ ਹੀ ਝੋਨੇ ਨੂੰ ਪਾਣੀ ਦੇਣਾ ਚਾਹੀਦਾ ਹੈ। ਪਰ ਹਾਂ ਜਦੋਂ ਫਸਲ ਦੋਧੇ 'ਤੇ ਹੋਵੇ ਉਦੋਂ ਖੇਤ ਪਾਣੀ ਖੁਣੋਂ ਸੁੱਕਾ ਨਹੀਂ ਹੋਣਾ ਚਾਹੀਦਾ। ਹਰੇਕ ਪਾਣੀ ਨਾਲ ਪ੍ਰਤੀ ਏਕੜ 200 ਲਿਟਰ ਗੁੜਜਲ ਅੰਮ੍ਰਿਤ ਫਸਲ ਨੂੰ ਦੇਣਾ ਲਾਜ਼ਮੀ ਹੈ ਤੇ ਨਾਲ ਹੀ ਪਾਣੀ ਲਾਉਂਦੇ ਸਮੇਂ, ਹਰ ਵਾਰ ਫ਼ਸਲ 'ਤੇ ਪਾਥੀਆਂ ਦੇ ਪਾਣੀ ਦੇ ਛਿੜਕਾਅ ਤੋਂ ਵੀ ਟਾਲਾ ਨਹੀਂ ਵੱਟਣਾ।

ਕੀਟ ਪ੍ਰਬੰਧਨ: ਝੋਨੇ ਦੀ ਫਸਲ ਨੂੰ ਵਧੇਰੇ ਨੁਕਸਾਨ ਪਹੁੰਚਾਉਣ ਵਾਲੇ ਮੁੱਖ ਕੀੜੇ ਹਨ- ਗੋਭ ਦੀ ਸੁੰਡੀ, ਪੱਤਾ ਲਪੇਟ ਸੁੰਡੀ, ਪੱਤੇ ਖਾਣ ਵਾਲੀ ਸੁੰਡੀ, ਗਰੀਨ ਲੀਫ ਹੌਪਰ(ਹਰਾ ਟਿੱਡਾ), ਬਰਾਊਨ ਪਲਾਂਟ ਹੌਪਰ ( ਭੂਰਾ ਟਿੱਡਾ) ਅਤੇ ਰਾਈਸ ਹਿਸਪਾ।ਪਹਿਲੇ ਤਿੰਨਾਂ ਨੂੰ ਛੱਡ ਕੇ ਬਾਕੀ ਦੇ ਤਿੰਨੋ ਕੀੜੇ ਰਸ ਚੂਸਣ ਵਾਲੇ ਕੀੜੇ ਹਨ। ਇਹਨਾਂ ਦੀ ਰੋਕਥਾਮ ਕ੍ਰਮਵਾਰ ਹੇਠ ਲਿਖੇ ਢੰਗ ਅਪਣਾ ਕੇ ਕੀਤੀ ਜਾ ਸਕਦੀ ਹੈ।ਸੁੱਕੀ ਤੇ ਡੂੰਘੀ ਵਹਾਈ: ਇਸ ਤਰ੍ਹਾਂ ਕਰਨ ਨਾਲ ਬਹੁਤ ਵੱਡੀ ਮਾਤਰਾ ਵਿਚ ਪਿਊਪੇ ਜ਼ਮੀਨ ਦੇ ਉੱਪਰ ਆ ਜਾਂਦੇ ਹਨ। ਜਿਹੜੇ ਕਿ ਸਖਤ ਧੁੱਪ ਦੇ ਸ਼ਿਕਾਰ ਹੋਣ ਦੇ ਨਾਲ-ਨਾਲ ਪੰਛੀਆਂ ਦਾ ਵੀ ਭੋਜਨ ਬਣ ਜਾਂਦੇ ਹਨ।

ਖੇਤਾਂ ਵਿਚ ਰਾਤ ਸਮੇਂ ਅੱਗ ਬਾਲਣਾ: ਜੇਕਰ ਖੇਤਾਂ ਵਿੱਚ ਰਾਤੀ 8 ਵਜੇ ਤੋਂ 9 ਵਜੇ ਤੱਕ ਵੱਖ-ਵੱਖ ਥਾਂਵਾਂ 'ਤੇ ਅੱਗ ਬਾਲੀ ਜਾਵੇ ਤਾਂ ਸੁੰਡੀਆਂ ਦੇ ਬਹੁਤ ਸਾਰੇ ਪਤੰਗੇ ਅੱਗ ਦੀ ਭੇਟ ਚੜ ਜਾਂਦੇ ਹਨ ਕਿਉਂਕਿ ਉਹ ਰੌਸ਼ਨੀ ਵੱਲ ਭੱਜੇ ਰਹਿੰਦੇ ਨੇ। ਇਕ ਨਰ ਪਤੰਗੇ ਦੇ ਅੰਤ ਦਾ ਅਰਥ ਏ 500 ਮਾਦਾ ਪਤੰਗਿਆਂ ਦਾ ਅੰਡੇ ਨਾ ਦੇਣਾ।

ਲਾਈਟ ਟਰੈਪ: ਹਰ ਕਿਸਾਨ ਦੇ ਖੇਤ ਮੋਟਰ ਤੇ ਬਲਬ ਲੱਗਾ ਹੁੰਦਾ ਹੈ। ਬਸ ਓਸੇ ਦਾ ਇਸਤੇਮਾਲ ਕਰਨ ਲਾਈਟ ਟਰੈਪ ਦੇ ਤੌਰ 'ਤੇ। ਬੱਲਬ 'ਤੇ ਇਕ ਛਤਰੀ ਜਿਹੀ ਬਣਾ ਕੇ ਉਹਦੇ ਹੇਠ ਇੱਕ ਚੌੜੇ ਭਾਂਡੇ ਵਿਚ ਪਾਣੀ ਰੱਖ ਕੇ ਥੋੜ੍ਹਾ ਜਿਹਾ ਮਿੱਟੀ ਜਾਂ ਸਰ੍ਹੋਂ ਦਾ ਤੇਲ ਪਾ ਦਿਓ। ਪਤੰਗੇ ਬਲਬ ਨਾਲ ਟਕਰਾ-ਟਕਰਾ ਪਾਣੀ ਵਿਚ ਡਿੱਗ-ਡਿੱਗ ਕੇ ਮਰ ਜਾਣਗੇ।

ਫੈਰੋਮਿਨ ਟਰੈਪ: ਇਸਦਾ ਇਸਤੇਮਾਲ ਵੀ ਪਤੰਗਿਆਂ ਨੂੰ ਹੀ ਕਾਬੂ ਕਰਨ ਲਈ ਕੀਤਾ ਜਾਂਦਾ ਹੈ। ਪ੍ਰਤੀ ਏਕੜ ਘੱਟੋ ਘੱਟ 4 ਫੈਰੋਮਿਨ ਟਰੈਪ ਜਿਹੜੇ ਕਿ ਫਸਲ ਦੇ ਕੱਦ ਤੋਂ 1 ਜਾਂ ਡੇਢ ਫੁੱਟ ਉਚੇ ਹੋਣ ਲੱਗੇ ਹੋਣੇ ਚਾਹੀਦੇ ਹਨ। ਜਿਵੇਂ 2 ਗੋਭ ਦੀ ਸੁੰਡੀ ਤੋਂ ਤੇ 1-1 ਪੱਤਾ ਲਪੇਟ ਅਤੇ ਪੱਤੇ ਖਾਣ ਵਾਲੀ ਤੋਂ।

ਬਰਡ ਪਰਚਰ: ਖੇਤ ਵਿਚ ਥਾਂ-ਥਾਂ ਪੰਛੀਆਂ ਦੇ ਬੈਠਣ ਲਈ ਫ਼ਸਲ ਦੇ ਕੱਦ ਤੋਂ ਇੱਕ ਜਾਂ ਡੇਢ ਫੁੱਟ ਦੀ ਉੱਚਾਈ ਦੇ ਹਿਸਾਬ ਨਾਲ ਖੇਤ ਵਿੱਚ ਬਰਡ ਪਰਚਰ ਲਗਾਓ ( ਇਹੋ ਜਿਹੀਆਂ ਸੋਟੀਆਂ ਗੱਡੋ) ਜਹਨਾਂ ਤੇ ਕਈ ਕਈ ਪੰਛੀ ਆ ਕੇ ਬੈਠ ਸਕਣ। ਪੰਛੀਆਂ ਦੀ ਨਿਗ੍ਹਾ ਸਾਡੇ ਨਾਲੋਂ 6 ਗੁਣਾਂ ਤੇਜ਼ ਹੁੰਦੀ ਹੈ ਤੇ ਸੁੰਡੀਆਂ ਉਹਨਾਂ ਦਾ ਪਸੰਦੀਦਾ ਭੋਜਨ। ਰਸ ਚੂਸਣ ਵਾਲੇ ਕੀੜਿਆਂ ਲਈ ਪ੍ਰਤੀ ਏਕੜ 4 ਪੀਲੇ ਰੰਗ ਦੇ ਤੇ 4 ਹੀ ਚਿੱਟੇ ਰੰਗ ਦੇ ਸਰੋਂ ਦਾ ਤੇਲ ਜਾਂ ਸਾਫ ਗਰੀਸ ਲੱਗੇ ਹੋਏ ਬੋਰਡ ਫਸਲ ਦੇ ਕੱਦ ਤੋਂ ਇੱਕ ਜਾਂ ਡੇਢ ਫੁੱਟ ਦੀ ਉੱਚਾਈ ਦੇ ਹਿਸਾਬ ਨਾਲ ਖੇਤ ਵਿਚ ਸੋਟੀ ਤੇ ਟੰਗ ਕੇ ਗੱਡ ਦਿਓ।

ਇਸ ਤਰ੍ਹਾਂ ਕਰਨ ਨਾਲ ਸੁਭਾਵਿਕ ਪੱਖੋਂ ਹੀ ਪੀਲੇ ਅਤੇ ਚਿੱਟੇ ਰੰਗ ਵੱਲ ਆਕ੍ਰਸ਼ਿਤ ਹੋਣ ਵਾਲੇ ਇਹਨਾਂ ਕੀਟਾਂ ਦੇ ਪਤੰਗੇ ਇਹਨਾਂ ਬੋਰਡਾਂ ਉੱਪਰ ਆ- ਆ ਕੇ ਚਿਪਕ ਜਾਂਦੇ ਹਨ। ਸਿੱਟੇ ਵਜੋਂ ਰਸ ਚੁਸਕਾਂ ਦੇ ਹਮਲੇ ਦੀ ਸੰਭਾਵਨਾ ਅਤਿ ਮੱਧਮ ਪੈ ਜਾਂਦੀ ਹੈ। ਜੇ ਫਿਰ ਵੀ ਏਦਾਂ ਦੀ ਕੋਈ ਸਮੱਸਿਆ ਆ ਜਾਵੇ ਤਾਂ ਫਸਲ ਉੱਤੇ ਨਿੰਮ ਅਸਤਰ ਦਾ ਛਿੜਕਾਅ ਕਰਕੇ ਰਸ ਚੂਸਣ ਵਾਲੇ ਕੀੜਿਆਂ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement