
ਬਾਗ਼ਬਾਨੀ ਫ਼ਸਲਾਂ ’ਚ ਤੁੜਾਈ ਉਪਰੰਤ ਤੇ ਸਾਂਭ-ਸੰਭਾਲ ਦੌਰਾਨ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ।
ਮੁਹਾਲੀ: ਸੂਬੇ ’ਚ ਵੱਖ-ਵੱਖ ਫਲਦਾਰ ਫ਼ਸਲਾਂ ਵਿਚੋਂ ਰਕਬੇ ਤੇ ਪੈਦਾਵਾਰ ਪੱਖੋਂ ਕਿੰਨੂ ਸੱਭ ਤੋਂ ਮਹੱਤਵਪੂਰਨ ਫਲਦਾਰ ਫ਼ਸਲ ਹੈ। ਸਾਲ 2020-21 ’ਚ ਪੰਜਾਬ ’ਚ ਫਲਾਂ ਅਧੀਨ ਕੁਲ ਰਕਬਾ 93.6 ਹਜ਼ਾਰ ਹੈਕਟੇਅਰ ਤੇ ਪੈਦਾਵਾਰ 2027 ਹਜ਼ਾਰ ਟਨ ਸੀ ਜਿਸ ਵਿਚੋਂ 44.8 ਹਜ਼ਾਰ ਹੈਕਟੇਅਰ ਰਕਬਾ ਕਿੰਨੂ ਅਧੀਨ ਸੀ ਜਿਸ ਦੀ ਪੈਦਾਵਾਰ 1177.5 ਲੱਖ ਟਨ ਸੀ। ਇਸ ਪ੍ਰਕਾਰ ਕੁਲ ਫਲਾਂ ’ਚੋਂ ਕਿੰਨੂ ਤਕਰੀਬਨ 48 ਫ਼ੀ ਸਦੀ ਰਕਬੇ ਤੇ 58 ਫ਼ੀ ਸਦੀ ਪੈਦਾਵਾਰ ਨਾਲ ਬਾਦਸ਼ਾਹ ਸੀ। ਬਾਗ਼ਬਾਨੀ ਫ਼ਸਲਾਂ ’ਚ ਤੁੜਾਈ ਉਪਰੰਤ ਤੇ ਸਾਂਭ-ਸੰਭਾਲ ਦੌਰਾਨ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ।
ਕਿੰਨੂ ਵੀ ਬੂਟੇ ਨਾਲੋਂ ਤੋੜਨ ਤੋਂ ਬਾਅਦ ਜ਼ਿਆਦਾ ਸਮਾਂ ਰਖਿਆ ਨਹੀਂ ਜਾ ਸਕਦਾ। ਜੇ ਜਲਦੀ ਖਪਤ ਨਾ ਕੀਤੀ ਜਾ ਸਕੇ ਤਾਂ ਇਸ ਦੀ ਕੀਮਤ ਘਟਣੀ ਸ਼ੁਰੂ ਹੋ ਜਾਂਦੀ ਹੈ। ਮੌਜੂਦਾ ਸਮੇਂ ’ਚ ਕੋਲਡ ਸਟੋਰ ਕੇਵਲ ਆਲੂਆਂ ਲਈ ਹੀ ਹਨ। ਕਿੰਨੂ ਤੋਂ ਲਾਹੇਵੰਦ ਭਾਅ ਲੈਣ ਲਈ ਇਸ ਦੀ ਸਟੋਰ ਕਰਨ ਦੀ ਸਮੱਸਿਆ ਹੈ। ਕਿੰਨੂ ਤੋਂ ਲਾਹੇਵੰਦ ਪਦਾਰਥ ਬਣਾਉਣ ਲਈ ਪ੍ਰੋਸੈਸਿੰਗ ਪਲਾਂਟਾਂ ਦੀ ਘਾਟ ਹੈ। ਇਸ ਤੋਂ ਇਲਾਵਾ ਕਿੰਨੂ ਦੇ ਮੌਸਮੀ ਹੋਣ ਕਾਰਨ ਇਹ ਕਾਰਖ਼ਾਨੇ ਵਧੀਆ ਤਰੀਕੇ ਨਾਲ ਜ਼ਿਆਦਾ ਸਮਾਂ ਵਰਤੇ ਵੀ ਨਹੀਂ ਜਾ ਸਕਦੇ।
ਕਿੰਨੂ ਦੇ ਮੰਡੀਕਰਨ ਦੌਰਾਨ ਵਿਚੋਲਿਆਂ ਦੀ ਬਹੁਤਾਤ ਨਾਲ ਕਿਸਾਨਾਂ ਨਾਲ ਧੋਖਾ ਤੇ ਠੱਗੀ ਦੇ ਆਸਾਰ ਕਈ ਗੁਣਾਂ ਵਧ ਜਾਂਦੇ ਹਨ, ਜਿਹੜੇ ਕਿਸਾਨੀ ਮੁਨਾਫ਼ੇ ਨੂੰ ਖੋਰਾ ਲਾਉਂਦੇ ਹਨ। ਪੈਦਾਵਾਰ ਤੇ ਪੈਦਾਵਾਰ ਤੋਂ ਬਾਅਦ ਹੋਣ ਵਾਲੇ ਕੰਮਾਂ ਬਾਰੇ ਗਿਆਨ ਦੀ ਘਾਟ ਨਾਲ ਵੀ ਕਿੰਨੂ ਦੀ ਬਾਹਰੀ ਦਿੱਖ ਤੇ ਕੁਆਲਟੀ ’ਚ ਬਹੁਤ ਗਿਰਾਵਟ ਆ ਜਾਂਦੀ ਹੈ, ਜੋ ਕਿ ਮੰਡੀ ’ਚ ਪੁੂਰਾ ਮੁਲ ਨਹੀਂ ਲੈਣ ਦਿੰਦੀ। ਇਸ ਤੋਂ ਇਲਾਵਾ ਸਹੀ ਡੱਬਾਬੰਦੀ ਦੀ ਘਾਟ ਨਾਲ ਮੰਡੀ ਤਕ ਪਹੁੰਚਦੇ-ਪਹੁੰਚਦੇ ਫਲਾਂ ਦਾ ਨੁਕਸਾਨ ਬਹੁਤ ਹੋ ਜਾਂਦਾ ਹੈ, ਜੋ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਕਿੰਨੂ ਦੀ ਪੈਦਾਵਾਰ ਦੌਰਾਨ ਸਮੇਂ ਸਿਰ ਕਾਂਟ-ਛਾਂਟ ਕਰ ਕੇ, ਘੱਟ ਤੋਂ ਘੱਟ ਜ਼ਮੀਨ ਨੂੰ ਵਾਹ ਕੇ, ਹਲਕੀ ਸਿੰਚਾਈ ਜਾਂ ਜੇ ਹੋ ਸਕੇ ਤਾਂ ਤੁਪਕਾ ਪ੍ਰਣਾਲੀ ਰਾਹੀਂ ਸਿੰਚਾਈ ਦੇ ਕੇ, ਆਮ ਤਰੀਕੇ ਨਾਲ ਜਾਂ ਤੁਪਕਾ ਪ੍ਰਣਾਲੀ ਰਾਹੀਂ ਖਾਦਾਂ ਦੇ ਕੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਕੀੜੇ-ਮਕੌੜੇ ਤੇ ਬਿਮਾਰੀਆਂ ਦੀ ਰੋਕਥਾਮ ਕਰ ਕੇ ਅਸੀਂ ਕਿੰਨੂ ਦੀ ਗੁਣਵੱਤਾ ਬਰਕਰਾਰ ਰੱਖ ਸਕਦੇ ਹਾਂ।
ਕਿੰਨੂ ਦੀ ਤੁੜਾਈ ਤੇ ਇਸ ਤੋਂ ਬਾਅਦ ਇਸ ਦੀ ਗੁਣਵੱਤਾ ’ਚ ਵਾਧੇ ਤੇ ਸੰਭਾਲ ਲਈ ਨਰਮ ਤੁੜਾਈ ਕਰਨੀ ਤਾਂ ਜੋ ਫਲ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ, ਸਫ਼ਾਈ ਕਰਨੀ, ਫਲ ਨੂੰ ਧੋਣਾ, ਸੁਕਾਉਣਾ, ਮੋਮ ਚੜ੍ਹਾਉਣੀ, ਦਰਜਾਬੰਦੀ ਕਰਨੀ ਤੇ ਬਾਅਦ ’ਚ ਗੱਤੇ ਦੇ ਡੱਬਿਆਂ ’ਚ ਬੰਦ ਕਰ ਕੇ ਵੇਚਣਾ ਆਦਿ ਬਹੁਤ ਜ਼ਰੂਰੀ ਕੰਮ ਹਨ ਜੋ ਕਿਸਾਨ ਦਾ ਧਿਆਨ ਮੰਗਦੇ ਹਨ। ਕਿੰਨੂ ਉਗਾਉਣ ਵਾਲੇ ਖੇਤਰਾਂ ’ਚ ਵੱਡੇ ਪੱਧਰ ’ਤੇ ਕਿੰਨੂ ਪ੍ਰੋਸੈਸਿੰਗ ਪਲਾਂਟ ਲਾ ਕੇ ਸਰਕਾਰ ਨੂੰ ਕਿਸਾਨਾਂ ਦੇ ਮੁਨਾਫ਼ੇ ’ਚ ਸਥਿਰਤਾ ਲਿਆਉਣ ਦੇ ਨਾਲ-ਨਾਲ ਇਸ ’ਚ ਵਾਧਾ ਵੀ ਕਰਨਾ ਚਾਹੀਦਾ ਹੈ। ਦੂਰ-ਦੁਰਾਡੇ ਦੀਆਂ ਮੰਡੀਆਂ ’ਚ ਫਲਾਂ ਦੀ ਵਿਕਰੀ ਲਈ ਕਿਸਾਨ ਛੋਟੇ-ਛੋਟੇ ਸਵੈ-ਸਹਾਇਤਾ ਗਰੁਪ ਜਾਂ ਸਹਿਕਾਰੀ ਮੰਡੀਕਰਨ ਸੰਸਥਾਵਾਂ ਬਣਾ ਕੇ ਸਰਕਾਰ ਵਲੋਂ ਇਸ ਕੰਮ ’ਚ ਦਿਤੀ ਜਾਣ ਵਾਲੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਸ ਮੁਲਕ ਦੇ 10 ਲੱਖ ਤੋਂ ਉਪਰ ਦੀ ਆਬਾਦੀ ਵਾਲੇ 53 ਦੇ ਕਰੀਬ ਵੱਖ-ਵੱਖ ਸ਼ਹਿਰਾਂ ਨੂੰ ਕਿੰਨੂ ਦੇ ਮੰਡੀਕਰਨ ਲਈ ਵਰਤਿਆ ਜਾ ਸਕਦਾ ਹੈ।
ਕਿੰਨੂ ਦਾ ਮੰਡੀਕਰਨ, ਇਸ ਦੀ ਤੁੜਾਈ ਉਪਰੰਤ ਘੱਟ ਉਮਰ, ਮੌਸਮੀ ਤੇ ਇਕਦਮ ਬਹੁਤ ਜ਼ਿਆਦਾ ਮਾਤਰਾ ’ਚ ਪੈਦਾਵਾਰ ਹੋਣ ਕਰ ਕੇ ਬਹੁਤ ਗੁੰਝਲਦਾਰ ਸਮੱਸਿਆ ਹੈ। ਜੇ ਕਿਸਾਨ ਅਪਣੇ ਖੇਤਾਂ ’ਚ ਕਿੰਨੂ ਦੀ ਗੁਣਵੱਤਾ ਵਧਾਉਣ ਲਈ ਉਪਰਾਲੇ ਕਰਨ ਤੇ ਅਪਣਾ ਫਲ ਆਪ ਘਰੇਲੂ ਜਾਂ ਦੂਰ-ਦੁਰਾਡੇ ਦੀਆਂ ਮੰਡੀਆਂ ਵਿਚ ਵੇਚਣ ਤਾਂ ਕੋਈ ਕਾਰਨ ਨਹੀਂ ਕਿ ਉਹ ਅਪਣੇ ਮੁਨਾਫ਼ੇ ਮੌਜੂਦਾ ਤੋਂ ਦੁਗਣੇ ਨਹੀਂ ਕਰ ਸਕਦੇ।