1500 ਲੜਕੀਆਂ ਨੂੰ ਸਿਲਾਈ, ਕੰਪਿਊਟਰ ਅਤੇ ਬਿਊਟੀ ਪਾਰਲਰ ਦਾ ਕੋਰਸ ਕਰਵਾ ਕੇ ਬਣਾਇਆ ਆਤਮ ਨਿਰਭਰ
ਕਰਨਾਲ : ਕਰਨਾਲ ਦੀ ਬੈਂਕ ਕਲੋਨੀ ਦੀ ਨਿਵਾਸੀ ਡਾ. ਸੁਜਾਤਾ ਸ਼ਰਮਾ ਨੇ 1500 ਨੌਜਵਾਨ ਔਰਤਾਂ ਨੂੰ ਮੁਫਤ ਸਿਖਲਾਈ ਦੇ ਕੇ ਆਤਮ ਨਿਰਭਰ ਬਣਾਇਆ ਹੈ। ਡਾ. ਸੁਜਾਤਾ ਵੱਲੋਂ ਜ਼ਰੂਰਤਮੰਦ ਬੱਚਿਆਂ ਨੂੰ ਸਮਾਜ ’ਚ ਜੀਣ ਅਤੇ ਆਤਮ ਨਿਰਭਰ ਬਣਾਉਣ ਲਈ ਹੁਨਰ ਸਿਖਾ ਰਹੀ ਹੈ। ਪੰਜਾਬ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿਸ਼ੇ ਵਿੱਚ ਪੀ.ਐਚ.ਡੀ. ਕਰਨ ਵਾਲੀ ਡਾ. ਸੁਜਾਤਾ ਨੇ ਨੋਇਡਾ ਵਿੱਚ ਨੌਕਰੀ ਛੱਡ ਕੇ 31 ਸਾਲ ਪਹਿਲਾਂ ਤਪਨ ਰੀਹੈਬਲੀਟੇਸ਼ਨ ਸੋਸਾਇਟੀ ਦੀ ਸਥਾਪਨਾ ਕਰਕੇ ਸਮਾਜ ਸੇਵਾ ਕਰਨ ਦਾ ਫੈਸਲਾ ਕੀਤਾ। 2015 ਵਿੱਚ ਇਨ੍ਹਾਂ ਨੂੰ ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗਰਾਮ ਲਈ ਬ੍ਰਾਂਡ ਅੰਬੈਸਡਰ ਵੀ ਨਿਯੁਕਤ ਕੀਤਾ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਡਾ. ਸੁਜਾਤਾ ਨੂੰ 2015 ਵਿੱਚ ਹੀ ਇੱਕ ਰੋਲ ਮਾਡਲ ਵੀ ਬਣਾਇਆ।
ਹੁਣ ਡਾ. ਸੁਜਾਤਾ ਨੌਜਵਾਨ ਔਰਤਾਂ ਨੂੰ ਸਵੈ-ਰੁਜ਼ਗਾਰ ਨਾਲ ਜੁੜੇ ਕੋਰਸ ਕਰਵਾਉਂਦੀ ਹੈ, ਜਿਸ ਵਿੱਚ ਸਿਲਾਈ-ਕਢਾਈ ਅਤੇ ਬਿਊਟੀ ਪਾਰਲਰ, ਸੈਨੇਟਰੀ ਪੈਡ ਨੈਪਕਿਨ, ਪੁਰਾਣੇ ਕਾਗਜ਼ ਨੂੰ ਰੀਸਾਈਕਲ ਕਰਕੇ ਨਵੇਂ ਕਾਗਜ਼ ਬਣਾਉਣ ਦੀ ਸਿਖਲਾਈ ਲੜਕੀਆਂ ਨੂੰ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਉਨ੍ਹਾਂ ਵੱਲੋਂ ਸਕੂਲਾਂ ਵਿੱਚ 350 ਲੋੜਵੰਦ ਬੱਚਿਆਂ ਨੂੰ ਵੀ ਸਿੱਖਿਆ ਦਿੱਤੀ ਜਾ ਰਹੀ ਹੈ। ਡਾ. ਸੁਜਾਤਾ ਵੱਲੋਂ ਆਰਟ ਐਂਡ ਲਿਵਿੰਗ ਦੀ ਸਿੱਖਿਆ ਵੀ ਦਿੱਤੀ ਜਾ ਰਹੀ ਹੈ, ਉਹ ਪੁਲਿਸ ਕੰਪਲੈਕਸ ’ਚ ਪੁਲਿਸ ਅਧਿਕਾਰੀਆਂ ਨੂੰ ਵੀ ਆਰਟ ਐਂਡ ਲਿਵਿੰਗ ਦਾ ਪਾਠ ਪੜ੍ਹਾ ਚੁੱਕੇ ਹਨ।
ਇਸ ਤੋਂ ਇਲਾਵਾ ਤਪਨ ਸਕੂਲ ਦੇ ਵਿਦਿਆਰਥੀ ਖੇਡਾਂ ਵਿਚ ਵੀ ਨਾਮ ਰੋਸ਼ਨ ਕਰ ਰਹੇ ਹਨ। 2013 ’ਚ ਆਸਟਰੇਲੀਆ ਦੇ ਮੈਲਬਰਨ ’ਚ ਆਯੋਜਿਤ ਸਪੈਸ਼ਲ ਉਲਪਿੰਕ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲੇ ’ਚ ਖਿਡਾਰੀ ਅਰੁਣ ਨੇ ਗੋਲਡ ਮੈਡਲ ਜਿੱਤਿਆ ਸੀ। ਉਹ ਅਪਾਹਜਪਣ ਨੂੰ ਬੌਣਾ ਸਾਬਤ ਕਰ ਚੁੱਕੇ ਹਨ। ਅਰੁਣ ਹੁਣ ਖੇਡ ਵਿਭਾਗ ’ਚ ਬਤੌਰ ਕੋਚ ਕੰਮ ਕਰਦੇ ਹਨ।
