
ਪਿੰਡ ਡੰਗਰ ਖੇੜਾ ਦੇ ਕਿਸਾਨ ਰਮੇਸ਼ ਕੁਮਾਰ ਨੂੰ ਨਰਮਾ ਆਇਆ ਰਾਸ
ਅਬੋਹਰ: ਪਿੰਡ ਡੰਗਰ ਖੇੜਾ ਵਿਖੇ ਜਿਥੇ ਨਵੀਂ ਪੀੜ੍ਹੀ ਮਿਹਨਤ ਨਾਲ ਪੜ੍ਹਾਈ ਕਰ ਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਵਿਚ ਮੋਹਰੀ ਹੈ ਉਥੇ ਹੀ ਇਸ ਪਿੰਡ ਦੇ ਕਿਸਾਨ ਵੀ ਅਪਣੀ ਮਿਹਨਤ ਲਈ ਜਾਣੇ ਜਾਂਦੇ ਹਨ। ਪਿੰਡ ਦਾ ਕਿਸਾਨ ਰਮੇਸ਼ ਕੁਮਾਰ ਜੋ ਪਿਛਲੇ ਕਈ ਸਾਲਾਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਵਿਚ ਖੇਤੀ ਗਿਆਨ ਦੀ ਰੋਸ਼ਨੀ ਲੈਣ ਜਾਂਦਾ ਹੈ ਅਤੇ ਸਦਾ ਖੇਤੀਬਾੜੀ ਵਿਭਾਗ ਨਾਲ ਜੁੜਿਆ ਰਹਿੰਦਾ ਹੈ ਦਾ ਇਸ ਵਾਰ ਨਰਮਾ ਚੰਗਾ ਹੋਣ ਜਾ ਰਿਹਾ ਹੈ। ਰਮੇਸ਼ ਕੁਮਾਰ ਦਸਦਾ ਹੈ ਕਿ ਉਸ ਦੇ ਕੋਲ ਸਵਾ ਤਿੰਨ ਏਕੜ ਜ਼ਮੀਨ ਹੈ ਅਤੇ ਉਸ ਨੇ ਪੌਣੇ ਤਿੰਨ ਏਕੜ ਨਰਮਾ ਬੀਜਿਆ ਸੀ। ਉਹ ਆਖਦਾ ਹੈ ਕਿ ਸਰਕਾਰ ਵਲੋਂ ਮੁਹਈਆ ਕਰਵਾਏ ਸਮੇਂ ਸਿਰ ਨਹਿਰੀ ਪਾਣੀ ਦਾ ਹੀ ਨਤੀਜਾ ਸੀ ਕਿ ਨਰਮੇ ਦੀ ਬਿਜਾਈ ਸਮੇਂ ਸਿਰ ਹੋ ਸਕੀ ਅਤੇ ਨਰਮੇ ਨੂੰ ਪੈਣ ਵਾਲੀਆਂ ਆਫ਼ਤਾਂ ਤੋਂ ਪਹਿਲਾਂ ਹੀ ਫ਼ਸਲ ਪੂਰਾ ਵਾਧਾ ਕਰ ਗਈ ਅਤੇ ਭਰਪੂਰ ਫਲ ਲੱਗਿਆ।
ਜ਼ਿਕਰਯੋਗ ਹੈ ਕਿ ਇਸ ਸਾਲ ਕਿਸਾਨਾਂ ਦੀ ਮੰਗ ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕਿਸਾਨਾਂ ਨੂੰ ਨਰਮੇ ਦੀ ਕਾਸ਼ਤ ਲਈ ਭਰਪੂਰ ਪਾਣੀ ਦਿਤਾ ਸੀ ਜਿਸ ਨਾਲ ਨਰਮੇ ਦੀ ਅਗੇਤੀ ਬਿਜਾਈ ਹੋ ਗਈ ਸੀ। ਨਰਮੇ ਦੀ ਪੂਰੀ ਫ਼ਸਲ ਦੌਰਾਨ ਉਹ ਲਗਾਤਾਰ ਖੇਤੀਬਾੜੀ ਵਿਭਾਗ ਨਾਲ ਜੁੜਿਆ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਅਬੋਹਰ ਅਤੇ ਫ਼ਰੀਦਕੋਟ ਦੇ ਮਾਹਰ ਜਿਵੇਂ ਡਾ. ਜਗਦੀਸ਼ ਅਰੋੜਾ, ਡਾ. ਮਨਪ੍ਰੀਤ ਸਿੰਘ, ਡਾ. ਸਤਨਾਮ ਸਿੰਘ ਆਦਿ ਦੀ ਲਗਾਤਾਰ ਸਲਾਹ ਲੈਂਦਾ ਰਿਹਾ ਜਿਸ ਨਾਲ ਉਹ ਚੰਗੀ ਫ਼ਸਲ ਲੈਣ ਵਿਚ ਸਫ਼ਲ ਹੋਇਆ ਹੈ।
ਉਹ ਆਖਦਾ ਹੈ ਕਿ ਖੇਤੀਬਾੜੀ ਵਿਭਾਗ ਦੀ ਸਲਾਹ ਵੀ ਤਾਂਹੀ ਕੰਮ ਕਰ ਸਕਦੀ ਸੀ ਜੇਕਰ ਨਹਿਰੀ ਪਾਣੀ ਹੋਵੇ। ਰਮੇਸ਼ ਕੁਮਾਰ ਦਸਦਾ ਹੈ ਕਿ ਹੁਣ ਤਕ ਉਹ 18 ਕੁਇੰਟਲ ਨਰਮਾ ਚੁਗ ਚੁੱਕਾ ਹੈ ਅਤੇ ਦੂਜੀ ਚੁਗਾਈ ਚਲ ਰਹੀ ਹੈ। ਉਸ ਨੂੰ 10 ਤੋਂ 11 ਕੁਇੰਟਲ ਪ੍ਰਤੀ ਏਕੜ ਦਾ ਝਾੜ ਰਹਿਣ ਦੀ ਆਸ ਹੈ। ਉਹ ਹੋਰਨਾਂ ਕਿਸਾਨਾਂ ਨੂੰ ਸੰਦੇਸ਼ ਦਿੰਦਿਆਂ ਆਖਦਾ ਹੈ ਕਿ ਜੇਕਰ ਖੇਤੀਬਾੜੀ ਵਿਭਾਗ ਅਤੇ ਪੀਏਯੂ ਦੀ ਮਾਹਰਾਂ ਦੀ ਮੰਨੀ ਜਾਵੇ ਤਾਂ ਪੰਜਾਬ ਦਾ ਕਿਸਾਨ ਕੋਈ ਵੀ ਫ਼ਸਲ ਪੈਦਾ ਕਰ ਸਕਦਾ ਹੈ।
ਉਸ ਨੇ ਕਿਹਾ ਕਿ ਕੀੜਿਆਂ ਦੀ ਰੋਕਥਾਮ ਹੁਣ ਇਕ ਵਿਗਿਆਨ ਹੈ ਅਤੇ ਸਪ੍ਰੇਅ ਦੇ ਨਾਲ ਨਾਲ ਸਪ੍ਰੇਅ ਤਕਨੀਕ ਨੂੰ ਸਮਝਣਾ ਅਤੇ ਕੀਟਨਾਸ਼ਕਾਂ ਦੀ ਸਹੀ ਚੋਣ ਆਦਿ ਸਾਰੇ ਪੱਖ ਮਹੱਤਵਪੂਰਨ ਹਨ। ਉਹ ਆਖਦਾ ਹੈ ਕਿ ਨਰਮਾ ਹੀ ਇਸ ਇਲਾਕੇ ਲਈ ਇਕੋ-ਇਕ ਬਦਲ ਹੈ ਅਤੇ ਇਸ ਦੀ ਕਾਸ਼ਤ ਵਿਚ ਸਫ਼ਲਤਾ ਯਕੀਨੀ ਹੈ ਜ਼ੇਕਰ ਵਿਭਾਗ ਦੀ ਰਾਏ ਅਨੁਸਾਰ ਚੱਲਿਆ ਜਾਵੇ।