
ਬੇਟੇ ਕੋਲ ਗਿਆ ਸੀ ਘੁੰਮਣ ਕੈਨੇਡਾ, ਉਥੋਂ ਲੈ ਕੇ ਆਇਆ ਚੰਗੀ ਤਕਨੀਕ ਵਾਲੀ ਖੇਤੀ...
ਤਲਵੰਡੀ ਸਾਬੋ : ਆਰਥਿਕ ਘਾਟੇ ਦੇ ਚਲਦੇ ਜਿੱਥੇ ਕਈ ਕਿਸਾਨਾਂ ਵੱਲੋਂ ਮੌਤ ਨੂੰ ਗਲੇ ਲਾਇਆ ਜਾ ਰਿਹਾ ਹੈ। ਉਥੇ ਹੀ ਕੁਝ ਕਿਸਾਨ ਅਜਿਹੇ ਹਨ ਜੋ ਸਹੀ ਸਮਝ ਕੇ ਖੇਤੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਚੰਗਾ ਮੁਨਾਫ਼ਾ ਕਮਾ ਰਹੇ ਹਨ, ਜਿਸ ਦੀ ਮਿਸਾਲ ਹੈ ਸੰਗਤ ਮੰਡੀ ਦੇ ਪਿੰਡ ਮਛਾਣਾ ਦਾ ਅਗਾਂਹ ਵਧੂ ਕਿਸਾਨ ਗੁਰਤੇਜ ਸਿੰਘ। ਦੱਸ ਦਈਏ ਕਿ ਗੁਰਤੇਜ ਸਿੰਘ ਨੇ ਖੇਤੀ ਕਰਨ ਲਈ ਆਧੁਨਿਕ ਢੰਗ ਅਪਣਾ ਕੇ ਖੇਤੀ ਨੂੰ ਘਾਟੇ ਦਾ ਸੌਦਾ ਨਹੀਂ ਸਗੋਂ ਮੋਟੀ ਕਮਾਈ ਦਾ ਸਾਧਨ ਬਣਾ ਲਿਆ ਹੈ।
Farming
ਦਰਅਸਲ ਗੁਰਤੇਜ ਸਿੰਘ ਕੁਝ ਸਮਾਂ ਪਹਿਲਾਂ ਆਪਣੇ ਪੁੱਤਰ ਕੋਲ ਕੈਨੇਡਾ ਗਿਆ ਸੀ, ਜਿੱਥੇ ਉਸ ਨੇ ਆਧੁਨਿਕ ਢੰਗ ਨਾਲ ਖੇਤੀ ਹੁੰਦਿਆਂ ਦੇਖੀ ਤੇ ਵਾਪਿਸ ਪਿੰਡ ਆ ਕੇ ਉਸ ਢੰਗ ਨਾਲ ਖੇਤੀ ਕਰਨੀ ਸ਼ੁਰੂ ਕੀਤੀ, ਜਿਸ ਤੋਂ ਬਾਅਦ ਉਸ ਨੇ ਫਲਾਂ ਦੇ ਬਾਗ ਅਤੇ ਸਬਜ਼ੀਆਂ ਵਿਚੋਂ ਚੰਗਾ ਮੁਨਾਫ਼ਾ ਕਮਾਇਆ ਹੈ। ਇਨ੍ਹਾਂ ਹੀ ਨਹੀਂ ਉਸ ਨੇ ਪੋਲੀ ਹਾਊਸ ਲਗਾ ਕੇ ਘੱਟ ਪਾਣੀ ਨਾਲ ਫ਼ਸਲ ਉਗਾਉਣ ਨੂੰ ਤਰਜੀਹ ਦਿੱਤੀ।
Farmer Gurtej Singh
ਕਿਸਾਨ ਪੰਜਾਬ ਨੂੰ ਕੈਨੇਡਾ ਬਣਾਉਣ ਦਾ ਸੁਪਨਾ ਰੱਖਦਾ ਹੈ। ਦੱਸ ਦਈਏ ਕਿ ਗੁਰਤੇਜ ਸਿੰਘ ਨੇ ਪੰਜ ਏਕੜ ਜ਼ਮੀਨ ਵਿਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਉਗਾਈਆਂ ਹਨ ਅਤੇ 10 ਏਕੜ ਜ਼ਮੀਨ ਵਿਚ ਕਿੰਨੂਆਂ ਦਾ ਬਾਗ ਲਗਾਇਆ ਹੋਇਆ ਹੈ। ਗੁਰਤੇਜ ਸਿੰਘ ਵੱਲੋਂ ਕੀਤੀ ਜਾ ਰਹੀ ਅਜਿਹੀ ਸਫ਼ਲ ਕਿਸਾਨੀ ਤੋਂ ਜਿਥੇ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਹੋਣ ਦੀ ਲੋੜ ਹੈ ਉਥੇ ਹੀ ਕਿਸਾਨ ਅਪਣੇ ਆਰਥਿਕ ਹਾਲਾਤਾਂ ਨੂੰ ਵੀ ਸੁਧਾਰ ਸਕਦੇ ਹਨ।