ਇਹ ਆਮ ਤੌਰ ਤੇ ਬਰਸਾਤ ਰੁੱਤ ਤੋਂ ਬਾਅਦ ਜੁਲਾਈ ਤੋਂ ਅਕਤੂਬਰ ਸਰਦੀਆਂ ਦੀ ਆਮਦ ਤਕ ਹੁੰਦਾ ਹੈ
ਕੁਦਰਤ ਨੇ ਸਾਨੂੰ ਵੇਲਾਂ ਦੇ ਰੂਪ ਵਿਚ ਵੱਖਰੀ ਵੱਖਰੀ ਕਿਸਮ ਦੇ ਅਨੇਕਾਂ ਕੀਮਤੀ ਅਤੇ ਲਾਹੇਵੰਦ ਤੋਹਫ਼ੇ ਪ੍ਰਦਾਨ ਕੀਤੇ ਹਨ, ਜਿਨ੍ਹਾਂ ਵਿਚੋਂ ਦੇਸ਼ੀ ਚਿੱਬੜ, ਜੋ ਕਿ ਰੇਤਲੇ ਇਲਾਕਿਆਂ, ਟਿੱਬਿਆਂ ਸੂਏ ਕੱਸੀਆਂ ਤੋਂ ਇਲਾਵਾ ਦੇਸੀ ਕਪਾਹਾਂ, ਗੁਆਰੇ, ਚਰੀਆਂ ਆਮ ਤੌਰ ਤੇ ਪਾਇਆ ਜਾਣ ਵਾਲਾ ਖੱਟਮਿਠਾ ਤੇ ਬਹੁਤ ਹੀ ਸੁਆਦਲਾ, ਮਹਿਕਦਾਰ, ਬੇਤਹਾਸਾ ਕੀਮਤੀ ਖ਼ਜ਼ਾਨਾ ਹੈ। ਇਸ ਨੂੰ ਵਰਤੋਂ ਅਨੁਸਾਰ ਸਬਜ਼ੀਆਂ ਵਿਚੋਂ ਸਬਜ਼ੀ ਜਾਂ ਫਲ ਰੂਪ ਦੋਵੇ ਪੱਖ ਤੋਂ ਖਾਇਆ ਜਾਂਦਾ ਹੈ। ਇਹ ਆਮ ਤੌਰ ਤੇ ਬਰਸਾਤ ਰੁੱਤ ਤੋਂ ਬਾਅਦ ਜੁਲਾਈ ਤੋਂ ਅਕਤੂਬਰ ਸਰਦੀਆਂ ਦੀ ਆਮਦ ਤਕ ਹੁੰਦਾ ਹੈ ਇਸ ਦੀਆਂ ਵੇਲਾਂ ਫਲਾਂ ਨਾਲ ਲੱਦੀਆਂ ਹੋਈਆਂ ਜਾਪਦੀਆਂ ਹਨ।
ਚਿੱਬੜ ਆਮ ਤੌਰ ਤੇ ਦੋ ਕਿਸਮਾਂ ਵਿਚ ਪਾਇਆ ਜਾਂਦਾ ਹੈ। ਇਕ ਦੇਸੀ ਅਤੇ ਦੂਜਾ ਮੋਟੀ ਕਿਸਮ ਜਿਵੇਂ ਕਿ ਖੱਖੜੀਆਂ ਰੂਪਕ, ਜਿਸ ਨੂੰ ਰਾੜ ਚਿੱਬੜ ਜਾਂ ਕੱਚਰੀਆਂ ਵੀ ਕਿਹਾ ਜਾਂਦਾ ਹੈ। ਜੇਕਰ ਵਰਤੋਂ ਪੱਖੋਂ ਮੰਨੀਏ ਤਾਂ ਚਿੱਬੜਾਂ ਦੀ ਚੱਟਣੀ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਜਿਵੇਂ ਕਿ ਆਮ ਕਹਾਵਤ ਹੈ ਕਿ
“ਚਿੱਬੜਾਂ ਦੀ ਚੱਟਣੀ ਤੇ, ਮੱਖਣੀ ਸੁਮੇਲ ਹੋਵੇ, ਰੋਟੀ ਖਾਣ ਵਾਲੇ ਨੂੰ ਤਾਂ, ਖਾਣ ਤੋਂ ਨਾ ਵੇਹਲ ਹੋਵੇ’’
ਲਸਣ, ਅਦਰਕ, ਹਰਾ ਪਿਆਜ, ਹਰਾ ਧਨੀਆ, ਕੁੰਡੇ ਘੋਟਨੇ ਦੀ ਚਿੱਬੜਾਂ ਦੀ ਚਟਨੀ ਬਹੁਤ ਲਾਜਵਾਬ, ਹਾਜਮੇਦਾਰ ਹੁੰਦੀ ਹੈ। ਇਸ ਤੋਂ ਇਲਾਵਾ ਸਬਜ਼ੀਆਂ ਵਿਚ ਟਮਾਟਰ ਦੀ ਜਗ੍ਹਾ ਖਾਸ ਕਰ ਕੇ ਸੁੱਕੀਆਂ ਸਬਜ਼ੀਆਂ ਨੂੰ ਸੁਆਦਲਾ, ਬਣਾਉਣ ਬਾਬਤ, ਜਿਵੇਂ ਕਿ ਗੁਆਰੇ ਦੀਆਂ ਫਲੀਆਂ, ਅਰਬੀ, ਗੋਭੀ, ਆਲੂ, ਟਿੰਡੇ ਅਤੇ ਭਿੰਡੀਆਂ ਦੀ ਸਬਜ਼ੀ ਲਈ ਵੀ ਵਰਤਿਆ ਜਾਂਦਾ ਹੈ। ਚਿੱਬੜਾਂ ਨੂੰ ਲੰਮੇ ਸਮੇਂ ਲਈ ਵਰਤੋਂ ਵਿਚ ਲਿਆਉਣ ਲਈ ਇਨ੍ਹਾਂ ਦੇ ਛਿੱਲੜ ਉਤਾਰ ਕੇ ਜਾਂ ਦੋ ਹਿੱਸਿਆਂ ’ਚ ਬਰਾਬਰ ਕੱਟ ਕੇ ਸੁਕਾ ਲਿਆ ਜਾਂਦਾ ਹੈ ਤੇ ਹਾਰ ਪਰੋਂਦਿਆ ਸੁਕਾ ਕੇ ਸਾਂਭ ਲਏ ਜਾਂਦੇ ਹਨ। ਇਸ ਦਾ ਆਚਾਰ ਵੀ ਬਹੁਤ ਹੀ ਸੁਆਦਲਾ ਤੇ ਗੁਣਕਾਰੀ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਵੱਖ, ਵੱਖ ਖੇਤਰਾਂ ਵਿਚ ਵੱਖ ਵੱਖ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਵਿਗਿਆਨਕ ਪੱਖੋਂ ਇਸ ਨੂੰ ਮੈਲੋਥ੍ਰੀਆ ਸਕਾਰਬਾ ਅਤੇ ਅੰਗਰੇਜ਼ੀ ਵਿਚ ਇਸ ਨੂੰ ਕੁਕਾ ਮੇਲਨ ਕਿਹਾ ਜਾਂਦਾ ਹੈ।
ਭਾਰਤੀ ਸੰਸਕਿ੍ਰਤੀ ਅਨੁਸਾਰ ਇਸ ਨੂੰ ਕਈ ਤਿਉਹਾਰਾਂ ਨਾਲ ਵੀ ਜੋੜਿਆ ਗਿਆ ਹੈ। ਸੁਹਾਗਣਾਂ ਔਰਤਾਂ ਇਸ ਨੂੰ ਵਰਤ ਰੱਖਣ ’ਤੇ ਕਾਫ਼ੀ ਉਤਮ ਮੰਨ ਕੇ ਵਰਤੋਂ ਕਰਦੀਆਂ ਹਨ। ਚਿੱਬੜ ਨੂੰ ਵਿਗਿਆਨਕ ਪੱਖ ਤੋਂ ਵੀ ਕਾਫ਼ੀ ਉਤਮ ਮੰਨਿਆ ਗਿਆ ਹੈ। ਇਹ ਅਨੇਕਾਂ ਹੀ ਬਿਮਾਰੀਆਂ ਨਾਲ ਲੜਣ ਦੀ ਸਮਰੱਥਾ ਰੱਖਦਾ ਹੈ। ਇਸ ਵਿਚ ਅਨੇਕਾਂ ਹੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਖ਼ਾਸ ਕਰ ਕੇ ਪੇਟ ਦੀਆਂ ਬਿਮਾਰੀਆਂ ਲਈ ਵੀ ਫ਼ਾਇਦੇਮੰਦ ਤੇ ਭੁੱਖ ਵਿਚ ਵਾਧਾ ਕਰਦਾ ਹੈ। ਪ੍ਰੰਤੂ ਫ਼ਸਲੀ ਵਿਭਿੰਨਤਾ ਦੇ ਚੱਕਰ ਵਿਚ ਖ਼ਾਸ ਕਰ ਕੇ ਮਾਲਵੇ ਖੇਤਰ ਦਾ ਇਹ ਖ਼ਜ਼ਾਨਾ ਅੱਜ ਬਿਲਕੁਲ ਖਾਲੀ ਹੋਣ ਦੇ ਕਿਨਾਰੇ ਖੜ੍ਹਾ ਹੈ। ਚਿੰਤਾ ਦਾ ਵਿਸ਼ਾ ਇਹ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਚਿੱਬੜ ਕਿਤਾਬਾਂ ਤਕ ਨਾ ਸੀਮਤ ਰਹਿ ਜਾਵੇ। ਇਸ ਵੇਲ ਰੂਪੀ ਕੁਦਰਤ ਦੀ ਵਡਮੁੱਲੀ ਦੇਣ ਨੂੰ ਫ਼ਸਲੀ ਚੱਕਰ ਦੇ ਗੇੜ ਪੱਖੋਂ, ਸਾਂਭਣ ਦੀ ਬਹੁਤ ਜ਼ਰੂਰਤ ਹੈ।
-ਪਰਮਜੀਤ ਸਿੰਘ ਰਾਜਗੜ੍ਹ
ਮੋ. 98763 63722
