
ਅਦਰਕ ਭਾਰਤ ਦੀ ਇਕ ਅਹਿਮ ਮਸਾਲੇ ਵਾਲੀ ਫਸਲ ਹੈ
ਅਦਰਕ ਭਾਰਤ ਦੀ ਇਕ ਅਹਿਮ ਮਸਾਲੇ ਵਾਲੀ ਫਸਲ ਹੈ। ਭਾਰਤ ਅਦਰਕ ਦੀ ਪੈਦਾਵਾਰ ਵਿੱਚ ਸਭ ਤੋਂ ਅੱਗੇ ਹੈ। ਕਰਨਾਟਕ, ਉੜੀਸਾ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ ਅਤੇ ਗੁਜਰਾਤ ਅਦਰਕ ਪੈਦਾ ਕਰਨ ਵਾਲੇ ਮੁੱਖ ਪ੍ਰਾਂਤ ਹਨ।
ਮਿੱਟੀ
ਇਹ ਫਸਲ ਵਧੀਆ ਜਲ ਨਿਕਾਸ ਵਾਲੀ ਚੀਕਣੀ, ਰੇਤਲੀ ਅਤੇ ਲਾਲ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਖੜੇ ਪਾਣੀ ਵਿੱਚ ਇਹ ਜ਼ਿਆਦਾ ਦੇਰ ਬੱਚ ਨਹੀਂ ਪਾਵੇਗੀ। ਫਸਲ ਦੇ ਵਾਧੇ ਲਈ 6-6.5 pH ਵਾਲੀ ਮਿੱਟੀ ਵਧੀਆ ਮੰਨੀ ਜਾਂਦੀ ਹੈ। ਉਸ ਖੇਤ ਵਿੱਚ ਅਦਰਕ ਦੀ ਫਸਲ ਨਾ ਉਗਾਓ ਜਿੱਥੇ ਪਿੱਛਲੇ ਵਾਰ ਵੀ ਅਦਰਕ ਦੀ ਫਸਲ ਉਗਾਈ ਗਈ ਹੋਵੇ। ਹਰ ਸਾਲ ਇੱਕੋ ਜ਼ਮੀਨ 'ਤੇ ਹੀ ਅਦਰਕ ਦੀ ਫਸਲ ਨਾ ਲਗਾਓ।
ਪ੍ਰਸਿੱਧ ਕਿਸਮਾਂ ਅਤੇ ਝਾੜ IISR Varada: ਇਹ ਕਿਸਮ ਤਾਜ਼ਾ ਅਤੇ ਸੁੱਕੇ ਅਦਰਕ ਦੇ ਝਾੜ ਲਈ ਵਧੀਆ ਮੰਨੀ ਜਾਂਦੀ ਹੈ। ਇਹ 200 ਦਿਨਾਂ ਵਿੱਚ ਪੱਕਦੀ ਹੈ ਅਤੇ ਇਸ ਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ।
ਖੇਤ ਦੀ ਤਿਆਰੀ
ਖੇਤ ਨੂੰ ਦੋ-ਤਿੰਨ ਵਾਰ ਵਾਹੋ ਅਤੇ ਫਿਰ ਸੁਹਾਗੇ ਨਾਲ ਪੱਧਰਾ ਕਰੋ। ਅਦਰਕ ਦੀ ਬਿਜਾਈ ਲਈ 15 ਸੈ.ਮੀ. ਉੱਚੇ ਅਤੇ 1 ਮੀ. ਚੌੜੇ ਬੈੱਡ ਬਣਾਓ। ਦੋ ਬੈੱਡਾਂ ਵਿਚਕਾਰ 50 ਸੈ.ਮੀ. ਦਾ ਫਾਸਲਾ ਰੱਖੋ।
ਬਿਜਾਈ ਦਾ ਸਮਾਂ
ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ।
ਫਾਸਲਾ ਤੇ ਬੀਜ ਦੀ ਡੂੰਘਾਈ
ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ।
ਬਿਜਾਈ ਦਾ ਢੰਗ
ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ।
ਬੀਜ ਦੀ ਮਾਤਰਾ ਤੇ ਸੋਧ ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ ।
ਖਾਦਾਂ
ਖੇਤ ਦੀ ਤਿਆਰੀ ਸਮੇਂ ਮਿੱਟੀ ਵਿੱਚ 150 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਪੋਟਾਸ਼ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਨਾਇਟ੍ਰੋਜਨ ਦੀ ਮਾਤਰਾ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡੋ। ਪਹਿਲਾ ਹਿੱਸਾ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਬਚਿਆ ਹਿੱਸਾ ਬਿਜਾਈ ਤੋਂ 3 ਮਹੀਨੇ ਬਾਅਦ ਪਾਓ।
ਨਦੀਨਾਂ ਦੀ ਰੋਕਥਾਮ
ਬਿਜਾਈ ਤੋਂ 3 ਦਿਨ ਬਾਅਦ ਐਟਰਾਜ਼ੀਨ 4-5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਨਮੀ ਵਾਲੀ ਮਿੱਟੀ ਤੇ ਸਪਰੇਅ ਕਰੋ। ਉਨ੍ਹਾਂ ਨਦੀਨਾਂ ਨੂੰ ਖਤਮ ਕਰਨ ਲਈ ਜੋ ਪਹਿਲੀ ਨਦੀਨ-ਨਾਸ਼ਕ ਸਪਰੇਅ ਤੋਂ ਬਾਅਦ ਪੈਦਾ ਹੁੰਦੇ ਹਨ, ਬਿਜਾਈ ਤੋਂ 12-15 ਦਿਨਾਂ ਬਾਅਦ ਗਲਾਈਫੋਸੇਟ 4-5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਨਦੀਨ-ਨਾਸ਼ਕ ਦੀ ਸਪਰੇਅ ਕਰਨ ਤੋਂ ਬਾਅਦ ਖੇਤ ਨੂੰ ਹਰੀ ਖਾਦ ਨਾਲ ਜਾਂ ਝੋਨੇ ਦੀ ਪਰਾਲੀ ਨਾਲ ਢੱਕ ਦਿਓ। ਜੜ੍ਹਾਂ ਦੇ ਵਿਕਾਸ ਲਈ ਜੜ੍ਹਾਂ ਨਾਲ ਮਿੱਟੀ ਲਗਾਓ। ਬਿਜਾਈ ਤੋਂ 50-60 ਬਾਅਦ ਪਹਿਲੀ ਵਾਰ ਜੜ੍ਹਾਂ ਨਾਲ ਮਿੱਟੀ ਲਗਾਓ ਅਤੇ ਉਸ ਤੋਂ 40 ਦਿਨ ਬਾਅਦ ਦੁਬਾਰਾ ਮਿੱਟੀ ਲਗਾਓ।
ਸਿੰਚਾਈ
ਅਦਰਕ ਦੀ ਫਸਲ ਦੀ ਸਿੰਚਾਈ ਵਰਖਾ ਦੀ ਤੀਬਰਤਾ ਅਤੇ ਆਵਰਤੀ ਦੇ ਅਧਾਰ 'ਤੇ ਕਰੋ।
ਬਿਜਾਈ ਤੋਂ ਬਾਅਦ ਫਸਲ ਨੂੰ 50 ਕੁਇੰਟਲ ਪ੍ਰਤੀ ਏਕੜ ਹਰੇ ਪੱਤਿਆਂ ਨਾਲ ਢੱਕ ਦਿਓ। ਹਰੇਕ ਖਾਦ ਪਾਉਣ ਤੋਂ ਬਾਅਦ 20 ਕੁਇੰਟਲ ਪ੍ਰਤੀ ਏਕੜ ਹਰੇ ਪੱਤਿਆਂ ਨਾਲ ਫਸਲ ਨੂੰ ਦੁਬਾਰਾ ਢਕੋ।
ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ:
ਜੜ੍ਹਾਂ ਦਾ ਗਲਣਾ: ਇਸ ਬਿਮਾਰੀ ਨੂੰ ਰੋਕਣ ਲਈ ਫਸਲ ਨੂੰ ਬਿਜਾਈ ਤੋਂ 30, 60 ਅਤੇ 90 ਦਿਨਾਂ ਬਾਅਦ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਜਾਂ ਮੈਟਾਲੈਕਸਿਲ 1.25 ਗ੍ਰਾਮ ਪ੍ਰਤੀ ਲੀਟਰ ਵਿੱਚ ਡੋਬੋ।
ਮੁਰਝਾਉਣਾ: ਇਸ ਬਿਮਾਰੀ ਨੂੰ ਰੋਕਣ ਲਈ, ਬਿਮਾਰੀ ਦਿਖਣ ਦੇ ਤੁਰੰਤ ਬਾਅਦ ਕੋਪਰ ਆੱਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪੌਦਿਆਂ ਨੂੰ ਡੋਬੋ।
ਐਂਥਰਾਕਨੋਸ: ਜੇਕਰ ਇਹ ਬਿਮਾਰੀ ਆਵੇ, ਤਾਂ ਹੈਕਸਾਕੋਨਾਜ਼ੋਲ 10 ਮਿ.ਲੀ. ਜਾਂ ਮੈਨਕੋਜ਼ੇਬ 75 ਡਬਲਿਊ ਪੀ 25 ਗ੍ਰਾਮ ਪ੍ਰਤੀ 10 ਲੀਟਰ ਪਾਣੀ + 10 ਮਿ.ਲੀ. ਸਟਿੱਕਰ ਦੀ ਸਪਰੇਅ ਕਰੋ।
ਪੱਤਿਆਂ ਦੇ ਧੱਬੇ ਅਤੇ ਸੜਨਾ: ਜੇਕਰ ਇਹ ਬਿਮਾਰੀ ਦਿਖੇ ਤਾਂ ਮੈਨਕੋਜ਼ੇਬ 30 ਗ੍ਰਾਮ ਜਾਂ ਕਾਰਬੈਂਡਾਜ਼ਿਮ 10 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ 15-20 ਦਿਨਾਂ ਦੇ ਵਕਫੇ ਤੇ ਸਪਰੇਅ ਕਰੋ ਜਾਂ ਪ੍ਰੋਪੀਕੋਨਾਜ਼ੋਲ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।
ਪਤਿੱਆਂ ਦੇ ਧੱਬੇ: ਇਸ ਬਿਮਾਰੀ ਨੂੰ ਰੋਕਣ ਲਈ ਮੈਨਕੋਜ਼ੇਬ 20 ਗ੍ਰਾਮ ਅਤੇ ਕਾੱਪਰ ਆੱਕਸੀ ਕਲੋਰਾਈਡ 25 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ।
ਕੀੜੇ - ਮਕੌੜੇ ਅਤੇ ਉਹਨਾਂ ਦੀ ਰੋਕਥਾਮ:
ਪੌਦੇ ਦੀ ਮੱਖੀ:- ਜੇਕਰ ਇਸ ਮੱਖੀ ਦਾ ਹਮਲਾ ਖੇਤ ਵਿੱਚ ਦਿਖੇ ਤਾਂ, ਇਸ ਨੂੰ ਰੋਕਣ ਲਈ ਐਸਿਫੇਟ 75 ਐੱਸ ਪੀ 15 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਅਤੇ 10 ਦਿਨਾਂ ਬਾਅਦ ਦੁਬਾਰਾ ਸਪਰੇਅ ਕਰੋ।
ਸ਼ਾਖ ਦਾ ਗੜੂੰਆ :- ਜੇਕਰ ਸ਼ਾਖ ਦੇ ਗੜੂੰਏ ਦਾ ਹਮਲਾ ਦਿਖੇ ਤਾਂ ਇਸ ਨੂੰ ਰੋਕਣ ਲਈ ਡਾਈਮੈਥੋਏਟ 2 ਮਿ.ਲੀ. ਪ੍ਰਤੀ ਲੀਟਰ ਜਾਂ ਕੁਇਨਲਫੋਸ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।
ਰਸ ਚੂਸਣ ਵਾਲੇ ਕੀੜੇ:- ਇਨਾਂ ਨੂੰ ਰੋਕਣ ਲਈ ਨਿੰਮ ਤੋਂ ਬਣੇ ਕੀਟਨਾਸ਼ਕ ਜਿਵੇਂ ਕਿ ਅਜ਼ਾਦੀ ਰੈਕਟਿਨ 0.3 ਈ ਸੀ 2 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ
ਫਸਲ ਦੀ ਕਟਾਈ
ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਪੁਟਾਈ ਦਾ ਸਹੀ ਸਮਾਂ ਪੱਤੇ ਪੀਲੇ ਹੋ ਜਾਣ ਅਤੇ ਪੂਰੀ ਤਰ੍ਹਾਂ ਸੁੱਕ ਜਾਣ ਤੇ ਹੁੰਦਾ ਹੈ। ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ 2-3 ਵਾਰ ਪਾਣੀ ਨਾਲ ਧੋ ਕੇ ਸਾਫ ਕਰੋ। ਫਿਰ 2-3 ਦਿਨਾਂ ਲਈ ਛਾਂਵੇਂ ਸੁਕਾਓ।
ਕਟਾਈ ਤੋਂ ਬਾਅਦ
ਖੁਸ਼ਕ ਅਦਰਕ ਲਈ, ਅਦਰਕ ਦੀਆਂ ਗੰਢੀਆਂ ਦਾ ਸਿਰਫ ਉੱਪਰਲਾ ਛਿੱਲਕਾ ਉਤਾਰੋ ਅਤੇ 1 ਹਫ਼ਤੇ ਲਈ ਧੁੱਪੇ ਸੁਕਾਓ। ਖੁਸ਼ਕ ਅਦਰਕ ਦਾ ਔਸਤਨ ਝਾੜ ਹਰੇ ਅਦਰਕ ਦਾ 16-25% ਹੁੰਦਾ ਹੈ।