
ਕਈ ਕਿਸਾਨ ਜਥੇਬੰਦੀਆਂ ਨੇ ਸਾਰੇ ਦੇਸ਼ ਦੇ ਸ਼ਹਿਰਾਂ ਵਿਚ ਫਲਾਂ, ਸਬਜ਼ੀਆਂ ਅਤੇ ਦੁੱਧ ਦੀ ਸਪਲਾਈ 1 ਤੋਂ 10 ਜੂਨ ਤਕ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਚੰਡੀਗੜ੍ਹ, ਕਈ ਕਿਸਾਨ ਜਥੇਬੰਦੀਆਂ ਨੇ ਸਾਰੇ ਦੇਸ਼ ਦੇ ਸ਼ਹਿਰਾਂ ਵਿਚ ਫਲਾਂ, ਸਬਜ਼ੀਆਂ ਅਤੇ ਦੁੱਧ ਦੀ ਸਪਲਾਈ 1 ਤੋਂ 10 ਜੂਨ ਤਕ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਸਾਬਕਾ ਭਾਜਪਾ ਆਗੂ ਯਸ਼ਵੰਤ ਸਿਨਹਾ ਦੀ ਅਗਵਾਈ ਹੇਠ ਰਾਸ਼ਟਰੀ ਕਿਸਾਨ ਮਹਾਂਸੰਘ ਦੇ ਝੰਡੇ ਹੇਠ ਦੇਸ਼ ਦੀਆਂ ੧੧੦ ਕਿਸਾਨ ਜਥੇਬੰਦੀਆਂ ਦੀ ਦਿੱਲੀ ਵਿਚ ਹੋਈ ਇਕੱਤਰਤਾ ਮਗਰੋਂ ਦੇਸ਼ ਦੀਆਂ ਕਈ ਜਥੇਬੰਦੀਆਂ ਨੇ ਕਿਸਾਨੀ ਮੰਗਾਂ ਸਬੰਧੀ ਅੰਦੋਲਨ ਦਾ ਐਲਾਨ ਕੀਤਾ ਸੀ।
ਕਿਸਾਨ ਜਥੇਬੰਦੀਆਂ ਨੇ ਅੰਦੋਲਨ ਦੀਆਂ ਤਿਆਰੀਆਂ ਵਿੱਢ ਦਿਤੀਆਂ ਹਨ। ਬੀ ਕੇ ਯੂ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾ ਨੇ ਅਪਣੀ ਅਵਾਜ਼ ਕੇਂਦਰ ਸਰਕਾਰ ਤਕ ਪਹੁੰਚਾਉਣ ਲਈ ਧਰਨੇ-ਮੁਜ਼ਾਹਰੇ ਕੀਤੇ, ਸੜਕਾਂ ਰੋਕੀਆਂ, ਮੰਗ ਪੱਛਰ ਦਿਤੇ ਪਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵਲ ਕਦੇ ਧਿਆਨ ਨਹੀਂ ਦਿਤਾ। ਉਨ੍ਹਾਂ ਕਿਹਾ, 'ਸਾਨੂੰ ਆਸ ਹੈ ਕਿ ਇਹ ਅੰਦੋਲਨ ਕਾਮਯਾਬ ਹੋਵੇਗਾ ਅਤੇ ਪੰਜਾਬ ਦੇ ਕਿਸਾਨ ਸਾਡਾ ਵਧ ਚੜ੍ਹ ਕੇ ਸਾਥ ਦੇਣਗੇ।'
Fruits
ਕਿਸਾਨ ਪਹਿਲੀ ਜੂਨ ਤੋਂ ਦਸ ਜੂਨ ਤਕ ਨਾ ਤਾਂ ਸ਼ਹਿਰਾਂ ਦੀਆਂ ਮੰਡੀਆਂ ਵਿਚ ਫੱਲ, ਸਬਜ਼ੀਆਂ Ÿਵੇਚਣ ਜਾਣਗੇ ਅਤੇ ਨਾ ਹੀ ਦੁੱਧ ਸ਼ਹਿਰਾਂ ਵਿਚ ਭੇਜਿਆ ਜਾਵੇਗਾ। ਕਿਸਾਨ ਮੰਡੀਆਂ ਵਿਚੋਂ ਕੋਈ ਖ਼ਰੀਦਦਾਰੀ ਵੀ ਨਹੀਂ ਕਰਨਗੇ ਸਗੋਂ ਪਿੰਡਾਂ ਵਿਚ ਕਿਸਾਨ ਹੱਟ ਲਾ ਕੇ ਵਸਤਾਂ ਅਪਣੇ ਰੇਟ ਮੁਤਾਬਕ ਵੇਚਣਗੇ ਜਾਂ ਗ਼ਰੀਬ ਲੋਕਾਂ ਨੂੰ ਵੰਡ ਦੇਣਗੇ।
ਰਾਜੇਵਾਲ ਨੇ ਕਿਹਾ ਕਿ ਇੰਜ ਸ਼ਹਿਰਾਂ ਦੇ ਲੋਕਾਂ ਨੂੰ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਪਤਾ ਲੱਗੇਗਾ ਕਿ ਕਿਸਾਨਾਂ ਦੀ ਲੁੱਟ ਕਿਵੇਂ ਹੋ ਰਹੀ ਹੈ। ਦੂਜੇ ਪਾਸੇ ਕੁੱਝ ਕਿਸਾਨ ਜਥੇਬੰਦੀਆਂ ਇਸ ਅੰਦੋਲਨ ਨੂੰ ਸਿਆਸੀ ਚਾਲ ਕਰਾਰ ਦੇ ਰਹੀਆਂ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਦੁੱਧ, ਫੱਲ, ਸਬਜ਼ੀਆਂ ਬਹੁਤੇ ਦਿਨ ਰੱਖੇ ਨਹੀਂ ਜਾ ਸਕਦੇ। ਜਿਹੜੇ ਕਿਸਾਨ ਇਹ ਵਸਤਾਂ ਵੇਚ ਕੇ ਗੁਜ਼ਾਰਾ ਕਰਦੇ ਹਨ, ਉਨ੍ਹਾਂ ਲਈ ਮੁਸ਼ਕਲ ਹੋ ਜਾਵੇਗੀ।