
ਨਿਜੀ ਦਸਵੰਧ ਵਿਚੋਂ ਕੀਤੀ 71 ਹਜ਼ਾਰ ਦੀ ਮਦਦ
ਚੰਡੀਗੜ੍ਹ, 2 ਮਈ (ਸਸਸ): ਫ਼ਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਫ਼ਸਲ ਖ਼ਰਾਬ ਹੋਣ ਦੇ ਮਾਮਲੇ ਵਿਚ ਪਹਿਲ ਕਦਮੀ ਕਰਦੇ ਹੋਏ ਅਪਣੇ ਨਿਜੀ ਦਸਵੰਧ ਵਿਚੋਂ ਲਗਭਗ 71 ਹਜ਼ਾਰ ਰੁਪਏ ਪੀੜਤ ਕਿਸਾਨਾਂ ਦੀ ਮਦਦ ਕਰ ਰਹੀਆਂ ਤਿੰਨ ਸਮਾਜ ਸੇਵੀ ਸੰਸਥਾਵਾਂ ਅਤੇ ਆਗੂਆਂ ਨੂੰ ਚੈੱਕ ਰਾਹੀਂ ਭੇਂਟ ਕੀਤੇ। ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਰੰਧਾਨਾ ਨੇ ਇਨ੍ਹਾਂ ਸਮਾਜ ਸੇਵੀ ਆਗੂਆਂ ਨੂੰ ਸਿਰੋਪਾਉ ਨਾਲ ਸਨਮਾਨਤ ਵੀ ਕੀਤਾ। ਰੰਧਾਵਾ ਨੇ ਦਸ਼ਮੇਸ਼ ਸਪੋਰਟਸ ਕਲੱਬ ਦੇਆਗੂ ਸ਼ਾਹਬਾਜ਼ ਸਿੰਘ ਨਾਗਰਾ ਨੂੰ 31 ਹਜ਼ਾਰ ਰੁਪਏ, ਗੁਰਦਵਾਰਾ ਪ੍ਰਬੰਧਕ ਕਮੇਟੀ ਪਿੰਡ ਚਨਾਰਥਲ ਕਲਾਂ ਦੇ ਪ੍ਰਧਾਨ ਗਿ. ਅਵਤਾਰ ਸਿੰਘ ਤੇ ਸਾਬਕਾ ਸਰਪੰਚ ਸ਼ਰਨਜੀਤ ਸਿੰਘ ਨੂੰ 20 ਹਜ਼ਾਰ ਰੁਪਏ, ਇਸੇ ਤਰ੍ਹਾਂ ਮਾਤਾ ਗੁਜਰੀ ਕਾਲਜ ਦੇ ਸਾਬਕਾ ਵਿਦਿਆਰਥੀ ਸੰਗਠਨ ਦੇ ਆਗੂ ਸਤਵੀਰ ਸਿੰਘ ਗਠਹੇੜੀ ਤੇ ਸਰਬਜੀਤ ਸਿੰਘ ਸੁਹਾਗਹੇੜੀ ਨੂੰ 20 ਹਜ਼ਾਰ ਰੁਪਏ ਚੈੱਕ ਰਾਹੀਂ ਭੇਂਟ ਕੀਤੇ।
Gurpreet Singh Randhawa
ਜ਼ਿਕਰਯੋਗ ਹੈ ਕਿ ਰੰਧਾਵਾ ਵਲੋਂ ਚੁੱਕੇ ਗਏ ਇਸ ਕਦਮ ਨਾਲ ਇਲਾਕੇ ਵਿਚ ਉਨ੍ਹਾਂ ਦਾ ਅਕਸ ਹੋਰ ਮਜ਼ਬੂਤ ਹੋਵੇਗਾ ਕਿਉਂਕਿ ਲੋਕ ਧਾਰਮਕ ਤੇ ਪਵਿੱਤਰ ਗੱਲਾਂ ਤਾਂ ਬਹੁਤ ਕਰ ਲੈਂਦੇ ਹਨ ਪਰ ਕਰਦੇ ਕੁੱਝ ਨਹੀਂ ਪਰ ਸਮਾਜ ਲਈ ਕੁੱਝ ਕਰਨ ਵਿਚ ਭਾਈ ਰੰਧਾਵਾ ਕਿਸੇ ਹੱਦ ਤਕ ਸਫ਼ਲ ਰਹੇ ਹਨ। ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਰੰਧਾਵਾ ਨੇ ਪੀੜਤ ਕਿਸਾਨਾਂ ਦੀ ਮਦਦ ਕਰ ਕੇ ਇਕ ਧਾਰਮਕ ਆਗੂ ਹੋਣ ਦਾ ਅਪਣਾ ਨੈਤਿਕ ਫ਼ਰਜ਼ ਨਿਭਾਇਆ ਹੈ। ਭਾਈ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਫ਼ਤਿਹਗੜ੍ਹ ਸਾਹਿਬ ਦੇ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੂੰ ਬਹੁਤ ਮਾਣ-ਸਨਮਾਨ ਦਿਤਾ।