
ਮੇਥੀ ਉਤਪਾਦਕ ਸੂਬਿਆਂ ਵਿਚ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ।
ਮੇਥੀ ਪੂਰੇ ਦੇਸ਼ ਵਿਚ ਉਗਾਈ ਜਾਣ ਵਾਲੀ ਆਮ ਫ਼ਸਲ ਹੈ। ਮੇਥੀ ਦੇ ਪੱਤੇ ਸਬਜ਼ੀ ਦੇ ਤੌਰ 'ਤੇ ਅਤੇ ਬੀਜ ਭੋਜਨ ਨੂੰ ਸੁਆਦੀ ਬਣਾਉਣ ਲਈ ਵਰਤੇ ਜਾਂਦੇ ਹਨ। ਮੇਥੀ ਦੇ ਪੱਤਿਆਂ ਅਤੇ ਬੀਜਾਂ ਵਿਚ ਚਿਕਿਤਸਕ ਗੁਣ ਵੀ ਮੌਜੂਦ ਹੁੰਦੇ ਹਨ, ਜੋ ਕਿ ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ। ਇਸ ਨੂੰ ਚਾਰੇ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਭਾਰਤ ਵਿਚ ਰਾਜਸਥਾਨ ਮੁੱਖ ਮੇਥੀ ਉਤਪਾਦਕ ਖੇਤਰ ਹੈ। ਹੋਰ ਮੇਥੀ ਉਤਪਾਦਕ ਸੂਬਿਆਂ ਵਿਚ ਪੰਜਾਬ, ਮੱਧ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ।
ਮਿੱਟੀ ਦੀ ਤਿਆਰੀ
ਮੇਥੀ ਦੀ ਖੇਤੀ ਲਈ ਹਰ ਤਰਾਂ ਦੀ ਮਿੱਟੀ, ਜਿਸ ਵਿਚ ਜੈਵਿਕ ਤੱਤ ਜ਼ਿਆਦਾ ਮਾਤਰਾ ਵਿਚ ਹੋਣ, ਲਾਭਦਾਇਕ ਹੁੰਦੀ ਹੈ। ਪਰ ਇਹ ਚੰਗੇ ਨਿਕਾਸ ਵਾਲੀ ਦੋਮਟ ਅਤੇ ਰੇਤਲੀ ਮਿੱਟੀ ਵਿਚ ਚੰਗੀ ਪੈਦਾਵਾਰ ਦਿੰਦੀ ਹੈ। ਇਸ ਲਈ ਮਿੱਟੀ 5.3 ਤੋਂ 8.2 pH ਵਾਲੀ ਹੋਣੀ ਚਾਹੀਦੀ ਹੈ।
ਪ੍ਰਸਿੱਧ ਕਿਸਮਾਂ ਅਤੇ ਝਾੜ
ML 150: ਇਸ ਕਿਸਮ ਦੇ ਪੌਦਿਆਂ ਦੇ ਪੱਤੇ ਗੂੜੇ ਹਰੇ ਅਤੇ ਜ਼ਿਆਦਾ ਫਲੀਆਂ ਪੈਦਾ ਕਰਨ ਵਾਲੇ ਹੁੰਦੇ ਹਨ। ਇਸ ਦੇ ਬੀਜ ਚਮਕਦਾਰ, ਪੀਲੇ ਅਤੇ ਮੋਟੇ ਹੁੰਦੇ ਹਨ। ਇਸ ਨੂੰ ਚਾਰੇ ਦੇ ਤੌਰ ’ਤੇ ਵੀ ਵਰਤਿਆ ਜਾਂਦਾ ਹੈ। ਇਸ ਦਾ ਔਸਤਨ ਝਾੜ 6.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਹੋਰ ਵਪਾਰਿਕ ਕਿਸਮਾਂ: Kasuri, Methi No 47, CO 1, Hissar Sonali, Methi no 14, Pusa early bunching, Rajendra Kranti
HM 219: ਇਹ ਜ਼ਿਆਦਾ ਝਾੜ ਦੇਣ ਵਾਲੀ ਕਿਸਮ ਹੈ। ਇਸ ਦਾ ਔਸਤਨ ਝਾੜ 8-9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਪੱਤਿਆਂ ਦੇ ਚਿੱਟੇ ਧੱਬਿਆਂ ਦੇ ਰੋਗ ਦੀ ਰੋਧਕ ਕਿਸਮ ਹੈ।
ਖੇਤ ਦੀ ਤਿਆਰੀ
ਮਿੱਟੀ ਦੇ ਭੁਰਭੁਰਾ ਹੋਣ ਤੱਕ ਖੇਤ ਨੂੰ ਦੋ-ਤਿੰਨ ਵਾਰ ਵਾਹੋ। ਫਿਰ ਸੁਹਾਗੇ ਦੀ ਮਦਦ ਨਾਲ ਜ਼ਮੀਨ ਨੂੰ ਸਮਤਲ ਕਰੋ। ਆਖਰੀ ਵਾਹੀ ਸਮੇਂ 10-15 ਟਨ ਪ੍ਰਤੀ ਏਕੜ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਖਾਦ ਪਾਓ। ਬਿਜਾਈ ਲਈ 3×2 ਮੀ. ਪੱਧਰੇ ਬੈੱਡ ਤਿਆਰ ਕਰੋ।
ਬਿਜਾਈ ਦਾ ਸਮਾਂ
ਫਸਲ ਦੀ ਬਿਜਾਈ ਲਈ ਅਕਤੂਬਰ ਦਾ ਅੰਤ ਵਾਲਾ ਹਫਤਾ ਅਤੇ ਨਵੰਬਰ ਦਾ ਪਹਿਲਾ ਹਫਤਾ ਉਚਿੱਤ ਸਮਾਂ ਹੁੰਦਾ ਹੈ।
ਫਾਸਲਾ
ਕਤਾਰ ਤੋਂ ਕਤਾਰ ਦਾ ਫਾਸਲਾ 22.5 ਸੈ.ਮੀ. ਦਾ ਹੋਣਾ ਚਾਹੀਦਾ ਹੈ।
ਬੀਜ ਦੀ ਡੂੰਘਾਈ
ਬੈਡ ਉੱਤੇ 3-4 ਸੈ.ਮੀ. ਦੀ ਡੂੰਘਾਈ 'ਤੇ ਬੀਜ ਬੀਜੋ।
ਬਿਜਾਈ ਦਾ ਢੰਗ
ਇਸ ਦੀ ਬਿਜਾਈ ਹੱਥੀਂ ਛਿੱਟਾ ਦੇ ਕੇ ਕੀਤੀ ਜਾਂਦੀ ਹੈ।
ਨਦੀਨਾਂ ਦੀ ਰੋਕਥਾਮ
ਖੇਤ ਨੂੰ ਨਦੀਨ-ਮੁਕਤ ਕਰਨ ਲਈ ਇਕ ਜਾਂ ਦੋ ਗੋਡੀਆਂ ਕਰੋ। ਪਹਿਲੀ ਗੋਡੀ ਬਿਜਾਈ ਤੋਂ 25-30 ਦਿਨ ਬਾਅਦ ਅਤੇ ਦੂਜੀ ਗੋਡੀ ਪਹਿਲੀ ਗੋਡੀ ਤੋਂ 30 ਦਿਨ ਬਾਅਦ ਕਰੋ। ਨਦੀਨਾਂ ਨੂੰ ਰਸਾਇਣਿਕ ਢੰਗ ਨਾਲ ਰੋਕਣ ਲਈ ਬਿਜਾਈ ਤੋਂ ਪਹਿਲਾਂ ਫਲੂਕਲੋਰਾਲਿਨ 300 ਗ੍ਰਾਮ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੈਂਡੀਮੈਥਾਲਿਨ 1.3 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਦੇ 1-2 ਦਿਨਾਂ ਦੇ ਵਿਚ, ਮਿੱਟੀ ਵਿਚ ਸਹੀ ਨਮੀ ਹੋਣ ਤੇ ਪ੍ਰਤੀ ਏਕੜ ਸਪਰੇਅ ਕਰੋ। ਜਦੋਂ ਪੌਦਾ ਲਗਭਗ 4 ਇੰਚ ਕੱਦ ਦਾ ਹੋ ਜਾਵੇ ਤਾਂ ਟਹਿਣੀਆਂ ਨੂੰ ਖਿਲਰਨ ਤੋਂ ਰੋਕਣ ਲਈ ਬੰਨ ਦਿਓ।