
Planting Coconut Groves: ਕੱਚੇ ਨਾਰੀਅਲ ਨੂੰ ਆਮ ਭਾਸ਼ਾ ਵਿਚ ਢਾਬ ਵੀ ਕਿਹਾ ਜਾਂਦਾ ਹੈ
India leads the world in planting coconut groves: ਹਰ ਦਿਨ ਨਵੀਆਂ ਤੋਂ ਨਵੀਆਂ ਪੈਦਾ ਹੋ ਰਹੀਆਂ ਬੀਮਾਰੀਆਂ ਕਾਰਨ ਲੋਕ ਮੁੜ ਕੇ ਕੁਦਰਤੀ ਸਾਧਨਾਂ ਵਲ ਆ ਰਹੇ ਹਨ ਕਿਉਂਕਿ ਗ਼ੈਰ ਕੁਦਰਤੀ ਖਾਧ ਪਦਾਰਥਾਂ ਨੇ ਲੋਕਾਂ ਦੀ ਸਿਹਤ ਬਿਲਕੁਲ ਖ਼ਰਾਬ ਕਰ ਦਿਤੀ ਹੈ ਜਿਸ ਕਰ ਕੇ ਸਿਰਫ਼ ਪੂਜਾ ਭਗਤੀ ਅਤੇ ਤਿਉਹਾਰ-ਵਿਹਾਰ, ਰਸਮੋ-ਰਿਵਾਜ ਆਦਿ ਲਈ ਵਰਤੇ ਜਾਣ ਵਾਲੇ ਨਾਰੀਅਲਾਂ ਦੀ ਲੋਕ ਖ਼ੂਬ ਵਰਤੋਂ ਕਰਨ ਲੱਗ ਪਏ ਹਨ।
ਇਸ ਤੋਂ ਪਹਿਲਾਂ ਪਾਣੀ ਵਾਲਾ ਕੱਚਾ ਨਾਰੀਅਲ ਦੇਸ਼ ਦੇ ਵੱਡੇ ਮਹਾਨਗਰਾਂ ਅਤੇ ਸਮੁੰਦਰਾਂ ਦੇ ਕੰਢੇ ’ਤੇ ਹੀ ਮਸ਼ਹੂਰ ਹੁੰਦਾ ਸੀ ਜਾਂ ਫਿਰ ਆਮ ਲੋਕ ਫ਼ਿਲਮਾਂ ਵਿਚ ਨਾਰੀਅਲ ਪਾਣੀ ਪੀਂਦੇ ਹੋਏ ਵੇਖ ਜਾਂਦੇ ਸਨ। ਪਰ ਹੁਣ ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰ ਅੰਦਰ ਹਰ ਰੋਜ਼ ਹਜ਼ਾਰਾਂ ਰੁਪਏ ਦਾ ਨਾਰੀਅਲ ਵਰਤੋਂ ਵਿਚ ਆ ਰਿਹਾ ਹੈ ਅਤੇ ਵਿਦੇਸ਼ਾਂ ਵਿਚ ਵੀ ਮੰਗ ਵਧ ਰਹੀ ਹੈ। ਦੁਨੀਆਂ ਭਰ ਅੰਦਰ ਭਾਰਤ ਨਾਰੀਅਲ ਦੀ ਪੈਦਾਵਾਰ ਵਿਚ ਮੋਹਰੀ ਚਲ ਰਿਹਾ ਹੈ। ਦੇਸ਼ ਅੰਦਰ 20.82 ਲੱਖ ਹੈਕਟੇਅਰ ਵਿਚ ਨਾਰੀਅਲ ਦੇ ਬਾਗ਼ ਲੱਗੇ ਹੋਏ ਹਨ ਜਿਨ੍ਹਾਂ ਵਿਚੋਂ ਸਾਲਾਨਾ 2395 ਕਰੋੜ ਨਾਰੀਅਲ ਪੈਦਾ ਹੁੰਦੇ ਹਨ। ਪ੍ਰਤੀ ਹੈਕਟੇਅਰ ਨਾਰੀਅਲ ਦਾ ਝਾੜ 11505 ਨਾਰੀਅਲ ਹੈ।
ਕੱਚੇ ਨਾਰੀਅਲ ਨੂੰ ਆਮ ਭਾਸ਼ਾ ਵਿਚ ਢਾਬ ਵੀ ਕਿਹਾ ਜਾਂਦਾ ਹੈ। ਨਾਰੀਅਲ ਦੀ ਘਰੇਲੂ ਪੱਧਰ ’ਤੇ ਖਪਤ 27900 ਕਰੋੜ ਰੁਪਏ ਸਾਲਾਨਾ ਦਸੀ ਜਾਂਦੀ ਹੈ।
ਸਾਲ 2016-17 ਵਿਚ 2084 ਕਰੋੜ ਰੁਪਏ ਮੁਲ ਦਾ ਨਾਰੀਅਲ ਵਿਦੇਸ਼ਾਂ ਨੂੰ ਭੇਜਿਆ ਗਿਆ। ਦੇਸ਼ ਅੰਦਰ ਇਕ ਕਰੋੜ ਤੋਂ ਵੱਧ ਲੋਕ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ। ਨਾਰੀਅਲ ਦੀ ਮੰਗ ਵਧਣ ਦਾ ਸੱਭ ਤੋਂ ਵੱਡਾ ਕਾਰਨ ਕਈ ਤਰ੍ਹਾਂ ਦੀਆਂ ਸਰੀਰਕ ਬੀਮਾਰੀਆਂ ਲਈ ਫ਼ਾਇਦੇਮੰਦ ਹੋਣਾ ਹੈ।
ਨਾਰੀਅਲ ਦਾ ਪਾਣੀ ਸਰੀਰਕ ਕਮਜ਼ੋਰੀ, ਪੁਰਾਣੀ ਕਬਜ਼ ਦੂਰ ਕਰਨ ਦੇ ਨਾਲ ਹੀ ਡੇਂਗੂ ਤੋਂ ਪੀੜਤ ਲੋਕਾਂ ਲਈ ਲਾਭਦਾਇਕ ਹੋਣ ਦੇ ਨਾਲ ਹੀ ਹੋਰ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਕਰਦਾ ਹੈ। ਪਾਣੀ ਵਾਲੇ ਨਾਰੀਅਲ ਦਾ ਸੱਭ ਤੋਂ ਵੱਡਾ ਫ਼ਾਇਦਾ ਇਹ ਵੀ ਹੈ ਕਿ ਬਿਨਾਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਤੋਂ ਤਿਆਰ ਹੋ ਕੇ ਆਉਂਦਾ ਹੈ ਜਿਸ ਦਾ ਪਾਣੀ ਸਰੀਰ ਦਾ ਮੋਟਾਪਾ ਘਟਾਉਣ ਲਈ ਵੀ ਵਰਤਿਆ ਜਾਂਦਾ ਹੈ। ਇਸ ਤੋਂ ਪਹਿਲਾਂ ਖਾਣ ਜਾਂ ਪੀਣ ਵਾਲਾ ਨਾਰੀਅਲ ਖਾਧ ਪਦਾਰਥਾਂ ਦੇ ਰੂਪ ’ਚ ਘੱਟ ਵਰਤਿਆ ਜਾਂਦਾ ਸੀ ਅਤੇ ਪੂਜਾ ਭਗਤੀ ਕਰਨ ਲਈ ਹਰ ਸਾਲ ਕਰੋੜਾਂ ਰੁਪਏ ਦੇ ਨਾਰੀਅਲ ਨਦੀ-ਨਾਲਿਆਂ ਵਿਚ ਵਹਾ ਦਿਤੇ ਜਾਂਦੇ ਸਨ।
ਲੋਕਾਂ ਨੂੰ ਕੱਚਾ ਨਾਰੀਅਲ ਖਾਣ ਦੀ ਬਹੁਤੀ ਆਦਤ ਨਹੀਂ ਸੀ ਕਿਉਂਕਿ ਜ਼ਿਆਦਾਤਰ ਨਾਰੀਅਲ ਪੂਜਾ-ਭਗਤੀ ਕਰਨ ਜਾਂ ਨਦੀ ਨਾਲਿਆਂ ਵਿਚ ਜਲ ਪ੍ਰਵਾਹ ਕਰਨ ਦੇ ਕੰਮ ਹੀ ਆਉਂਦੇ ਹਨ ਜਾਂ ਫਿਰ ਕਿਸੇ ਨੂੰ ਨਾਰੀਅਲ (ਗੁੱਟ) ਸ਼ਗਨ ਵਜੋਂ ਦੇਣਾ ਸ਼ੁਭ ਮੰਨਿਆ ਜਾਂਦਾ ਹੈ ਅਤੇ ਤਾਂਤਰਿਕਾਂ ਵਲੋਂ ਕਰਵਾਏ ਜਾਂਦੇ ਟੂਣੇ-ਟੋਟਕਿਆਂ ਵਿਚ ਵੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਿਨਾਂ ਨਾਰੀਅਲ ਨੂੰ ਹੋਰ ਕਿਸੇ ਵਰਤੋਂ ਦਾ ਸਾਧਨ ਨਹੀਂ ਮੰਨਿਆ ਜਾਦਾ।
ਪੂਜਾ ਭਗਤੀ ਦਾ ਨਾਮ ’ਤੇ ਹਰ ਸਾਲ ਕਈ ਕਰੋੜ ਦੇ ਨਾਰੀਅਲ ਪਾਣੀ ਵਿਚ ਵਹਾਅ ਦਿਤੇ ਜਾਂਦੇ ਹਨ ਪਰ ਹੁਣ ਕੱਚੇ ਨਾਰੀਅਲ ਦੀ ਮੰਗ ਅਤੇ ਖਪਤ ਵਧਣੀ ਸ਼ੁਰੂ ਹੋ ਗਈ ਹੈ। ਦੇਸ਼ ਦੇ ਛੋਟੇ ਜਿਹੇ ਕਸਬੇ ਵਿਚ ਵੀ ਤਿੰਨ ਚਾਰ ਸੌ ਨਾਰੀਅਲ ਪ੍ਰਤੀ ਦਿਨ ਦੀ ਖਪਤ ਵੇਖੀ ਜਾ ਰਹੀ ਹੈ ਜਿਸ ਕਰ ਕੇ ਨਾਰੀਅਲ ਦੇ ਬਾਗ਼ ਬਿਹਾਰ, ਕੇਰਲਾ ਆਦਿ ਤੋਂ ਬਿਨਾਂ ਦੇਸ਼ ਦੇ ਹੋਰ ਵੀ ਕਈ ਰਾਜਾਂ ਵਿਚ ਪ੍ਰਫੁੱਲਤ ਕੀਤੇ ਜਾ ਸਕਦੇ ਹਨ।