
ਕਿਸਾਨ ਬੀਬੀਆਂ ਲਈ ਗੁੜ, ਸ਼ੱਕਰ ਬਨਾਉਣ ਦੇ ਸੁਰੱਖਿਅਤ ਤਰੀਕੇ ਬਾਰੇ ਦੋ ਦਿਨਾਂ ਆਨਲਾਈਨ ਸਿਖਲਾਈ ਕੋਰਸ
ਲੁਧਿਆਣਾ: ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਗੁੜ, ਸ਼ੱਕਰ ਬਨਾਉਣ ਦੇ ਸੁਰੱਖਿਅਤ ਤਰੀਕੇ ਬਾਰੇ ਦੋ ਦਿਨਾਂ ਆਨਲਾਈਨ ਸਿਖਲਾਈ ਕੋਰਸ ਬੀਤੇ ਦਿਨੀਂ ਕਰਵਾਇਆ ਗਿਆ।। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਕੋਰਸ ਵਿੱਚ 45 ਸਿਖਿਆਰਥੀਆਂ ਨੇ ਭਾਗ ਲਿਆ ।
Training Program
ਉਹਨਾਂ ਦੱਸਿਆ ਕਿ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਵੱਖ-ਵੱਖ ਲਾਭਕਾਰੀ ਖੇਤੀ ਕਿੱਤੇ ਕਿਵੇਂ ਸ਼ੁਰੂ ਕਰ ਸਕਦੇ ਹਨ ਇਸ ਬਾਰੇ ਉਹਨਾਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਕੋਲੋਂ ਬਾਰੀਕੀਆਂ ਸਿੱਖਣ ਦਾ ਮੌਕਾ ਪ੍ਰਾਪਤ ਹੋਇਆ। ਇਸ ਮੌਕੇ ਤੇ ਕੋਰਸ ਦੇ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਕੋਰਸ ਦੀ ਭੂਮਿਕਾ ਅਤੇ ਕੋਰਸ ਦੀ ਮਹੱਤਤਾ ਬਾਰੇ ਸਿਖਿਆਰਥੀਆਂ ਨੂੰ ਜਾਣੂੰ ਕਰਵਾਇਆ।
Jaggery
ਇਸ ਦੋ ਦਿਨਾ ਕੋਰਸ ਵਿੱਚ ਡਾ. ਮਹੇਸ਼ ਕੁਮਾਰ, ਕੋਰਸ ਦੇ ਤਕਨੀਕੀ ਕੋਆਰਡੀਨੇਟਰ ਅਤੇ ਮੁਖੀ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ, ਖੇਤਰੀ ਖੋਜ ਕੇਂਦਰ ਕਪੂਰਥਲਾ ਦੇ ਡਾ. ਰਾਜਿੰਦਰ ਪਾਲ ਅਤੇ ਡਾ. ਰਾਜਿੰਦਰ ਕੁਮਾਰ ਨੇ ਵੱਖ-ਵੱਖ ਵਿਸ਼ਿਆਂ ਉਪਰ ਜਿਵੇਂ ਕਿ ਗੁੜ ਬਨਾਉਣ ਲਈ ਗੰਨੇ ਦੀਆਂ ਕਿਸਮਾਂ ਦੀ ਚੋਣ ਅਤੇ ਕਾਸ਼ਤ ਦੀਆਂ ਤਕਨੀਕਾਂ, ਗੰਨੇ ਦੀ ਫਸਲ ਵਿਚ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ,ਗੁੜ ਬਨਾਉਣ ਦੀ ਵਿਧੀ ਅਤੇ ਮਸ਼ੀਨਰੀ, ਗੁੜ ਦੀ ਕੁਆਲਿਟੀ ਦੀ ਪਰਖ ਅਤੇ ਪੈਕਿੰਗ ਬਾਰੇ ਭਰਪੂਰ ਅਤੇ ਲਾਹੇਵੰਦ ਜਾਣਕਾਰੀ ਸਿਖਿਆਰਥੀਆਂ ਨਾਲ ਸਾਂਝੀ ਕੀਤੀ। ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।