
ਇਹ ਇੱਕ ਸਦਾਬਹਾਰ ਫਲੀਦਾਰ ਫਸਲ ਹੈ
ਕਾਲੇ ਮਾਂਹ ਦਾ ਬੋਟੈਨੀਕਲ ਨਾਮ ਵਿਗਨਾ ਅੰਬੈਲੇਟਾ ਹੈ। ਇਹ ਇੱਕ ਸਦਾਬਹਾਰ ਫਲੀਦਾਰ ਫਸਲ ਹੈ, ਜਿਸਦੀ ਉੱਚਾਈ 30-100 ਸੈ.ਮੀ. ਹੁੰਦੀ ਹੈ ਅਤੇ ਇਸਨੂੰ 200 ਸੈ.ਮੀ. ਤੱਕ ਉਗਾਇਆ ਜਾ ਸਕਦਾ ਹੈ। ਇਸਦੇ ਪੱਤੇ ਤਿਕੋਣੇ 6-9 ਸੈ.ਮੀ. ਲੰਬੇ ਹੁੰਦੇ ਹਨ। ਇਸਦੇ ਫੁੱਲ ਗੂੜੇ ਪੀਲੇ ਰੰਗ ਦੇ ਹੁੰਦੇ ਹਨ, ਜੋ ਬਾਅਦ ਵਿੱਚ ਫਲ ਬਣਦੇ ਹਨ। ਇਸਦੇ ਫਲ ਬੇਲਨਾਕਾਰ ਹੁੰਦੇ ਹਨ, ਜਿਸਦੇ ਬੀਜ ਆਕਾਰ ਵਿੱਚ 6-8 ਮਿ.ਮੀ. ਹੁੰਦੇ ਹਨ। ਇਹ ਇੰਡੋ-ਚੀਨ, ਦੱਖਣੀ ਚੀਨ, ਨੇਪਾਲ, ਬੰਗਲਾਦੇਸ਼ ਅਤੇ ਭਾਰਤ ਵਿੱਚ ਪਾਈ ਜਾਂਦੀ ਹੈ। ਭਾਰਤ ਵਿੱਚ ਹਿਮਾਚਲ ਪ੍ਰਦੇਸ਼, ਉਤਰਾਂਚਲ, ਆਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਿਮ, ਤ੍ਰਿਪੁਰਾ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਆਦਿ ਮੁੱਖ ਕਾਲੇ ਮਾਂਹ ਉਗਾਉਣ ਵਾਲੇ ਖੇਤਰ ਹਨ|
ਮਿੱਟੀ
ਇਸ ਨੂੰ ਮਿੱਟੀ ਦੀਆਂ ਕਈ ਕਿਸਮਾਂ ਜਿਵੇਂ ਕਿ ਚੰਗੇ ਨਿਕਾਸ ਵਾਲੀਆਂ ਦੋਮਟ ਤੋਂ ਰੇਤਲੀ ਦੋਮਟ ਮਿੱਟੀਆਂ ਵਿੱਚ ਉਗਾਇਆ ਜਾਂਦਾ ਹੈ। ਇਹ ਹਲਕੀ ਉਪਜਾਊ ਮਿੱਟੀ ਵਿੱਚ ਘੱਟ ਵਿਕਾਸ ਕਰਦੀ ਹੈ। ਲੂਣੀ-ਖਾਰੀ, ਰੇਤਲੀ ਅਤੇ ਜਲ-ਜਮਾਓ ਵਾਲੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ। ਕਾਲੇ ਮਾਂਹ ਨੂੰ ਹਲਕੀ ਮਿੱਟੀ ਵਿੱਚ ਨਾ ਬੀਜੋ, ਕਿਉਂਕਿ ਇਹ ਫਸਲ ਵਿੱਚ ਜੜ੍ਹ ਗਲਣ ਦਾ ਕਾਰਨ ਬਣਦੇ ਹਨ।
ਪ੍ਰਸਿੱਧ ਕਿਸਮਾਂ ਅਤੇ ਝਾੜ
RBL 6: ਇਹ ਕਿਸਮ 2002 ਵਿੱਚ ਤਿਆਰ ਕੀਤੀ ਗਈ। ਇਹ ਕਿਸਮ ਵਿਸ਼ਾਣੂ, ਫੰਗਸ ਅਤੇ ਜੀਵਾਣੂ ਵਾਲੀਆਂ ਬਿਮਾਰੀਆਂ ਦੀ ਰੋਧਕ ਹੈ। ਇਸ ਕਿਸਮ ਦਾ ਵਿਕਾਸ ਜਲਦੀ ਹੁੰਦਾ ਹੈ। ਫਲੀ ਦੀ ਬਣਾਵਟ, ਵਿਕਾਸ ਅਤੇ ਪੱਕਣ ਦਾ ਸਮਾਂ ਸਮਾਨ ਹੁੰਦਾ ਹੈ। ਇਸ ਕਿਸਮ ਦੇ ਬੀਜ ਹਰੇ ਰੰਗ ਦੇ ਹੁੰਦੇ ਹਨ ਅਤੇ ਕੀੜਿਆਂ ਦੇ ਰੋਧਕ ਹੁੰਦੇ ਹਨ। ਇਹ ਕਿਸਮ 125 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
RBL 1: ਇਹ ਕਿਸਮ ਪੀ ਏ ਯੂ, ਲੁਧਿਆਣਾ ਦੁਆਰਾ ਤਿਆਰ ਕੀਤੀ ਗਈ ਹੈ। ਇਹ ਸਧਾਰਨ ਸਮੇਂ ਵਾਲੀ ਅਤੇ ਵਧੇਰੇ ਝਾੜ ਵਾਲੀ ਕਿਸਮ ਹੈ। ਇਸਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
RBL 35: ਇਹ ਜਲਦੀ ਪੱਕਣ ਵਾਲੀ ਕਿਸਮ ਹੈ, ਜੋ ਪੀ ਏ ਯੂ, ਲੁਧਿਆਣਾ ਦੁਆਰਾ ਤਿਆਰ ਕੀਤੀ ਗਈ ਹੈ। ਇਸਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ|
RBL 50: ਇਹ ਵਧੇਰੇ ਝਾੜ ਵਾਲੀ ਕਿਸਮ ਹੈ, ਜੋ ਪੀ ਏ ਯੂ, ਲੁਧਿਆਣਾ ਦੁਆਰਾ ਤਿਆਰ ਕੀਤੀ ਗਈ ਹੈ। ਇਹ ਸਧਾਰਨ ਸਮੇਂ ਦੀ ਕਿਸਮ ਹੈ। ਇਸਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਖੇਤ ਦੀ ਤਿਆਰੀ
ਕਾਲੇ ਮਾਂਹ ਦੀ ਖੇਤੀ ਲਈ, ਵਧੀਆ ਸੀਡ ਬੈੱਡ ਦੀ ਲੋੜ ਹੁੰਦੀ ਹੈ, ਜੋ ਕਿ ਕਿਸਾਨ ਦੁਆਰਾ ਚੰਗੀ ਤਰ੍ਹਾਂ ਤਿਆਰ ਕੀਤੇ ਜਾਂਦੇ ਹਨ। ਪੌਦੇ ਨੂੰ ਚੰਗੀ ਤਰ੍ਹਾਂ ਖੜਾ ਰੱਖਣ ਲਈ ਤਿਆਰ ਕੀਤੇ ਸੀਡ ਬੈੱਡ ਦੀ ਲੋੜ ਹੁੰਦੀ ਹੈ। ਸੀਡ ਬੈੱਡ ਤੇ ਬੀਜਾਂ ਦਾ ਪੁੰਗਰਾਅ ਹੁੰਦਾ ਹੈ ਅਤੇ ਤਿਆਰ ਨਰਸਰੀ ਬੈੱਡ ਤੇ ਪਨੀਰੀ ਲਾਈ ਜਾਂਦੀ ਹੈ।
ਬਿਜਾਈ ਦਾ ਸਮਾਂ
ਇਹ ਸਾਉਣੀ ਰੁੱਤ ਦੀ ਫਸਲ ਹੈ, ਇਸਦੀ ਬਿਜਾਈ ਜੁਲਾਈ ਦੇ ਪਹਿਲੇ ਅਤੇ ਤੀਜੇ ਹਫ਼ਤੇ ਵਿੱਚ ਕੀਤੀ ਜਾਂਦੀ ਹੈ।
ਫਾਸਲਾ
ਪੌਦੇ ਦੇ ਵਿਕਾਸ ਦੇ ਆਧਾਰ ਤੇ ਕਤਾਰਾਂ ਵਿੱਚਲਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 10-12 ਸੈ.ਮੀ. ਰੱਖੋ।
ਬੀਜ ਦੀ ਡੂੰਘਾਈ, ਢੰਗ ਤੇ ਮਾਤਰਾ
ਬੀਜ ਨੂੰ 3-4 ਸੈ.ਮੀ. ਡੂੰਘਾਈ ਤੇ ਬੀਜੋ। ਬਿਜਾਈ ਛਿੱਟੇ ਦੁਆਰਾ, ਟੋਏ ਪੁੱਟ ਕੇ ਅਤੇ ਕੇਰਾ/ਪੋਰਾ/ਸੀਡ ਡ੍ਰਿਲ ਵਿਧੀ ਦੁਆਰਾ ਕੀਤੀ ਜਾ ਸਕਦੀ ਹੈ। ਵਧੀਆ ਝਾੜ ਲਈ 10-12 ਕਿਲੋ ਬੀਜਾਂ ਦੀ ਵਰਤੋਂ ਪ੍ਰਤੀ ਏਕੜ ਵਿੱਚ ਕਰੋ|
ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ
ਕਾਲੇ ਮਾਂਹ ਦੇ ਬੀਜਾਂ ਨੂੰ ਲੋੜੀਂਦੀ ਲੰਬਾਈ ਅਤੇ ਚੌੜਾਈ ਵਾਲੇ ਬੈੱਡਾਂ ਤੇ ਬੀਜੋ| ਬੀਜ ਨੂੰ ਸੀਡ ਡਰਿੱਲ ਦੀ ਮਦਦ ਨਾਲ ਬੀਜੋ। ਬੀਜਾਂ ਦੀ ਵਧੇਰੇ ਪੁੰਗਰਾਅ ਦਰ ਲਈ ਸਿੰਚਿਤ ਹਲਾਤਾਂ ਵਿੱਚ ਬਿਜਾਈ ਕਰੋ।
ਖਾਦਾਂ
ਖੇਤ ਦੀ ਤਿਆਰੀ ਦੇ ਸਮੇਂ, ਚੰਗੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ 10-15 ਟਨ ਪ੍ਰਤੀ ਏਕੜ ਵਿੱਚ ਪਾਓ। ਨਾਈਟ੍ਰੋਜਨ 6 ਕਿਲੋ(ਯੂਰੀਆ 13 ਕਿਲੋ) ਅਤੇ ਫਾਸਫੋਰਸ 8 ਕਿਲੋ(ਸਿੰਗਲ ਸੁਪਰ ਫਾਸਫੇਟ 50 ਕਿਲੋ) ਪ੍ਰਤੀ ਏਕੜ ਵਿੱਚ ਪਾਓ।
ਨਦੀਨਾਂ ਦੀ ਰੋਕਥਾਮ
ਖੇਤ ਨੂੰ ਨਦੀਨ ਮੁਕਤ ਰੱਖਣ ਲਈ ਬਾਰ-ਬਾਰ ਹੱਥੀਂ ਅਤੇ ਕਹੀ ਨਾਲ ਗੋਡੀ ਕਰੋ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 30-50 ਦਿਨ ਬਾਅਦ 1-2 ਗੋਡੀਆਂ ਕਰੋ। ਮਲਚਿੰਗ ਦੀ ਮਦਦ ਨਾਲ ਵੀ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਨਾਲ ਹੀ ਮਿੱਟੀ ਦੇ ਤਾਪਮਾਨ ਨੂੰ ਘਟਾਇਆ ਜਾ ਸਕਦਾ ਹੈ।
ਸਿੰਚਾਈ ਮਾਨਸੂਨ ਦੇ ਮੌਸਮ ਵਿੱਚ, ਸਿੰਚਾਈ ਦੀ ਲੋੜ ਨਹੀਂ ਹੁੰਦੀ। ਪਰ ਸਹੀ ਸਮੇਂ 'ਤੇ ਮਾਨਸੂਨ ਨਾ ਆਉਣ 'ਤੇ ਅਤੇ ਸੋਕਾ ਪੈਣ 'ਤੇ ਮਾਨਸੂਨ ਤੋਂ ਬਾਅਦ 2-3 ਵਾਰ ਸਿੰਚਾਈ ਕਰੋ।
ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ
ਤਣਾ ਗਲਣ: ਇਹ ਬਿਮਾਰੀ ਤਣੇ ਨੂੰ ਨਸ਼ਟ ਕਰ ਦਿੰਦੀ ਹੈ, ਜਿਸ ਕਾਰਨ ਫਸਲ ਦੀ ਪੈਦਾਵਾਰ ਘੱਟ ਅਤੇ ਕੁਆਲਿਟੀ ਘਟੀਆ ਹੋ ਜਾਂਦੀ ਹੈ।
ਇਸਦੀ ਰੋਕਥਾਮ ਲਈ 400 ਗ੍ਰਾਮ ਐੱਮ-45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਪੀਲੇ ਪੱਤੇ: ਇਸ ਬਿਮਾਰੀ ਨਾਲ ਪਹਿਲੇ ਲਾਲ ਧੱਬੇ ਪੈਂਦੇ ਹਨ, ਜੋ ਬਾਅਦ ਚ ਬਦਲ ਕੇ ਲਾਲ-ਭੂਰੇ ਰੰਗ ਦੇ ਅਤੇ ਫਿਰ ਪੀਲੇ ਹੋ ਜਾਂਦੇ ਹਨ। ਇਸ ਨਾਲ ਪੱਤਿਆਂ ਦੀ ਪੈਦਾਵਾਰ ਘੱਟ ਹੋ ਜਾਂਦੀ ਹੈ|ਇਸ ਬਿਮਾਰੀ ਦੀ ਰੋਕਥਾਮ ਲਈ ਨੁਕਸਾਨੇ ਭਾਗ ਨੂੰ ਛੇਤੀ ਤੋਂ ਛੇਤੀ ਹਟਾ ਦਿਓ।
ਕਾਲੀ ਭੂੰਡੀ: ਇਹ ਫੁੱਲ ਨੂੰ ਨਸ਼ਟ ਕਰਕੇ ਫਲੀ ਬਣਨ ਦੀ ਕਿਰਿਆ ਨੂੰ ਬੰਦ ਕਰ ਦਿੰਦੀ ਹੈ| ਇਸ ਦੀ ਰੋਕਥਾਮ ਲਈ, ਡੈਲਟਾਮੈਥਰਿਨ 2.8 ਈ ਸੀ @200 ਮਿ.ਲੀ. ਜਾਂ ਇੰਡੋਕਸਾਕਾਰਬ 14.5 ਐਸ ਸੀ @200 ਮਿ.ਲੀ. ਜਾਂ ਐਸੀਫੇਟ 75 ਐਸ ਪੀ @800 ਗ੍ਰਾਮ ਪ੍ਰਤੀ ਏਕੜ ਨੂੰ 80-100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਕੀੜੇ ਮਕੌੜੇ ਤੇ ਰੋਕਥਾਮ
ਛੋਟੀ ਸੁੰਡੀ(ਵਾਲਾਂ ਵਾਲੀ ਸੁੰਡੀ): ਇਹ ਸੁੰਡੀ ਪੱਤਿਆਂ ਨੂੰ ਨਸ਼ਟ ਕਰ ਦਿੰਦੀ ਹੈ ਅਤੇ ਹਰੇ ਤਣੇ ਨੂੰ ਆਪਣਾ ਭੋਜਨ ਬਣਾਉਂਦੀ ਹੈ। ਇਸ ਦੀ ਰੋਕਥਾਮ ਲਈ, ਏਕਾਲੱਕਸ 25 ਈ ਸੀ 200 ਮਿ.ਲੀ. ਜਾਂ ਨੁਵਾਨ 100 @200 ਮਿ.ਲੀ. ਨੂੰ 80-100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਫਲੀ ਛੇਦਕ(ਲੇਪੀਡੋਪਟੇਰਾ): ਇਹ ਕੀੜੇ ਨਵੇਂ ਬੀਜਾਂ ਨੂੰ ਖਾ ਕੇ ਅਤੇ ਫਲੀ ਨੂੰ ਇੱਕ ਤੋਂ ਦੂਜੀ ਜਗ੍ਹਾ ਤੇ ਲਿਜਾ ਕੇ ਨੁਕਸਾਨ ਪਹੁੰਚਾਉਂਦੀ ਹੈ। ਇਸ ਦੀ ਰੋਕਥਾਮ ਲਈ, ਇੰਡੋਕਸਾਕਾਰਬ 14.5 ਐਸ ਸੀ 200 ਮਿ.ਲੀ. ਜਾਂ ਐਸੀਫੇਟ 75 ਐਸ ਪੀ 800 ਗ੍ਰਾਮ ਜਾਂ ਸਪਾਈਨੋਸੈਡ 45 ਐਸ ਸੀ 60 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਛਿਪਕਲੀ: ਇਹ ਪੱਤਿਆਂ ਅਤੇ ਗੰਢਾਂ ਨੂੰ ਕੱਟ ਕੇ ਪੌਦੇ ਦਾ ਨੁਕਸਾਨ ਕਰਦੀ ਹੈ।
ਛਿਪਕਲੀ ਨੂੰ ਪੌਦੇ ਤੋਂ ਦੂਰ ਰੱਖਣ ਲਈ ਪੌਦੇ ਦੇ ਆਲੇ-ਦੁਆਲੇ ਕੀਟਨਾਸ਼ਕ ਦੀ ਸਪਰੇਅ ਕਰੋ। ਇਹ ਸਪਰੇਅ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ।
ਫਸਲ ਦੀ ਕਟਾਈ
ਜਦੋ ਫਲੀਆਂ 80% ਭੂਰੇ ਰੰਗ ਦੀਆਂ ਹੋ ਜਾਣ ਤਾਂ ਇਸਦੀ ਕਟਾਈ ਕੀਤੀ ਜਾਂਦੀ ਹੈ। ਇਹਨਾਂ ਦੀ ਕਟਾਈ ਸਵੇਰ ਦੇ ਸਮੇਂ ਕੀਤੀ ਜਾਂਦੀ ਹੈ ਤਾਂ ਜੋ ਫਲੀਆਂ ਨੂੰ ਕੋਈ ਨੁਕਸਾਨ ਨਾ ਹੋਵੇ। ਇਸਦੀ ਕਟਾਈ ਛੋਟੇ-ਛੋਟੇ ਭਾਗਾਂ ਵਿੱਚ ਕੀਤੀ ਜਾਂਦੀ ਹੈ, ਕਿਉਂਕਿ ਪੌਦੇ ਇੱਕ ਦੂਜੇ ਨਾਲ ਜੁੜੇ ਹੋਏ ਹੁੰਦੇ ਹਨ।
ਕਟਾਈ ਤੋਂ ਬਾਅਦ
ਕਟਾਈ ਤੋਂ ਬਾਅਦ, ਦਾਣਿਆਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ। ਸੁੱਕਣ ਤੋਂ ਬਾਅਦ ਇਹਨਾਂ ਨੂੰ ਬੋਰੀਆਂ ਜਾਂ ਲੱਕੜੀ ਦੇ ਬਕਸਿਆਂ ਵਿੱਚ ਪੈਕ ਕਰ ਕੇ ਲੰਬੀ ਦੂਰੀ ਵਾਲੇ ਸਥਾਨਾਂ 'ਤੇ ਵੇਚਣ ਲਈ ਭੇਜਿਆ ਜਾਂਦਾ ਹੈ।