
ਭਿੰਡੀ ਹਰ ਤਰ੍ਹਾਂ ਦੀ ਜ਼ਮੀਨ ਵਿਚ ਪੈਦਾ ਕੀਤੀ ਜਾ ਸਕਦੀ ਹੈ...
ਚੰਡੀਗੜ੍ਹ : ਭਿੰਡੀ ਹਰ ਤਰ੍ਹਾਂ ਦੀ ਜ਼ਮੀਨ ਵਿਚ ਪੈਦਾ ਕੀਤੀ ਜਾ ਸਕਦੀ ਹੈ। ਰੇਤਲੀ ਮੈਰਾ ਤੋਂ ਮੈਰਾ ਜ਼ਮੀਨ ਇਸ ਫਸਲ ਦੀ ਸਫ਼ਲ ਕਾਸ਼ਤ ਲਈ ਢੁੱਕਵੀਂ ਹੁੰਦੀ ਹੈ। ਭਿੰਡੀ ਹਲਕੀ ਤੇਜ਼ਾਬੀ ਜ਼ਮੀਨ ਨੂੰ ਸਹਿਣ ਦੀ ਸਮਰੱਥਾ ਰੱਖਦੀ ਹੈ।
Okra
ਉੱਨਤ ਕਿਸਮਾਂ ਪੰਜਾਬ ਸੁਹਾਵਨੀ: ਇਸ ਕਿਸਮ ਦੇ ਬੂਟੇ ਦਰਮਿਆਨੇ ਉੱਚੇ ਅਤੇ ਇਸ ਦੀ ਡੰਡੀ ਉੱਤੇ ਜਾਮਣੀ ਰੰਗ ਦੇ ਡੱਬ ਹੁੰਦੇ ਹਨ। ਇਸ ਕਿਸਮ ਦੇ ਪੱਤੇ ਡੂੰਘੇ, ਕੱਟਵੇਂ, ਗੂੜੇ ਹਰੇ ਰੰਗ ਦੇ ਅਤੇ ਕਿਨਾਰੇ ਦੰਦਿਆਂ ਵਾਲੇ ਹੁੰਦੇ ਹਨ। ਇਸ ਕਿਸਮ ਦੇ ਪੱਤਿਆਂ, ਤਣੇ ਅਤੇ ਡੰਡੀ ਉੱਤੇ ਲੂੰ ਹੁੰਦੇ ਹਨ। ਇਸ ਦੇ ਫਲ ਦਰਮਿਆਨੇ ਲੰਮੇ, ਗੂੜੇ ਹਰੇ ਰੰਗ ਨਰਮ ਅਤੇ ਪੰਜ ਧਾਰੀਆਂ ਵਾਲੇ ਹੁੰਦੇ ਹਨ। ਇਸ ਕਿਸਮ ਵਿਚ ਪੀਲੀਏ ਰੰਗ ਨੂੰ ਸਹਿਣ ਦੀ ਸਮਰੱਥਾ ਹੁੰਦੀ ਹੈ। ਇਸ ਦਾ ਔਸਤ ਝਾੜ 49 ਕੁਇੰਟਲ ਪ੍ਰਤੀ ਏਕੜ ਹੈ।
Okra
ਪੰਜਾਬ 8: ਇਸ ਕਿਸਮ ਦੇ ਬੂਟੇ ਦਰਮਿਆਨੇ ਉੱਚੇ ਅਤੇ ਤਣੇ 'ਤੇ ਜਾਮਣੀ ਰੰਗ ਦੇ ਡੱਬ ਹੁੰਦੇ ਹਨ। ਇਸ ਦੇ ਫਲ ਪਤਲੇ, ਲੰਮੇ, ਗੂੜੇ ਰੰਗ ਦੇ ਅਤੇ ਪੰਜ ਨੁੱਕਰਾਂ ਵਾਲੇ ਹੁੰਦੇ ਹਨ। ਇਸ ਕਿਸਮ 'ਚ ਪੀਲੀਏ ਰੰਗ ਨੂੰ ਸਹਿਣ ਦੀ ਸਮਰੱਥਾ ਹੁੰਦੀ ਹੈ। ਇਹ ਕਿਸਮ ਫਲ ਛੇਦਕ ਸੁੰਡੀ ਦੇ ਹਮਲੇ ਨੂੰ ਕੁਝ ਹੱਦ ਤੱਕ ਸਹਾਰ ਸਕਦੀ ਹੈ। ਇਸ ਔਸਤ ਝਾੜ 55 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਪਦਮਨੀ: ਇਸ ਦੇ ਫਲ ਤੇਜ਼ੀ ਨਾਲ ਵਧਣ ਵਾਲੇ, ਗੂੜੇ ਰੰਗ, ਪਤਲੇ ਲੰਬੇ, ਪੰਜ ਧਾਰੀਆਂ ਵਾਲੇ ਹੁੰਦੇ ਹਨ, ਜੋ ਕਿ ਜ਼ਿਆਦਾ ਦੇਰ ਤੱਕ ਨਰਮ ਰਹਿੰਦੇ ਹਨ। ਇਸ ਕਿਸਮ ਨੂੰ ਪੀਲੀਏ ਦੀ ਬੀਮਾਰੀ ਘੱਟ ਲੱਗਦੀ ਹੈ। ਇਸ ਕਿਸਮ ਨੂੰ ਝਾੜ 45 ਕੁਇੰਟਲ ਪ੍ਰਤੀ ਏਕੜ ਹੈ।
okra cultivation
ਪੰਜਾਬ 7: ਇਸ ਕਿਸਮ ਦੇ ਬੂਟੇ ਦਰਮਿਆਨੇ ਉੱਚੇ ਅਤੇ ਤਣੇ 'ਤੇ ਜਾਮਣੀ ਰੰਗ ਦੇ ਡੱਬ ਹਨ। ਪੱਤਿਆਂ, ਤਣੇ ਤੇ ਡੰਡੀ ਉੱਤੇ ਲੂੰ ਹੁੰਦੇ ਹਨ। ਇਸ ਕਿਸਮ ਦੇ ਫਲ ਦਰਮਿਆਨੇ ਲੰਬੇ, ਹਰੇ, ਨਰਮ ਅਤੇ ਪੰਜ ਧਾਰੀਆਂ ਵਾਲੇ ਹੁੰਦੇ ਹਨ। ਫਲ ਦੀ ਨੋਕ ਖੂੰਢੀ ਹੁੰਦੀ ਹੈ। ਇਸ ਕਿਸਮ ਵਿਚ ਪੀਲੀਏ ਦਾ ਔਸਤ ਝਾੜ 45 ਕੁਇੰਟਲ ਪ੍ਰਤੀ ਏਕੜ ਹੈ।
okra cultivation
ਬੀਜਾਈ ਦਾ ਸਮਾਂ ਅਤੇ ਢੰਗ: ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਬਹਾਰ ਰੁੱਤ ਵਿਚ ਭਿੰਡੀ ਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ 'ਚ ਵੱਟਾਂ ਉੱਪਰ ਕਰਨੀ ਚਾਹੀਦੀ ਹੈ। ਪੰਦਰਾਂ ਤੋਂ ਅਠਾਰਾਂ ਕਿਲੋਂ ਬੀਜ ਪ੍ਰਤੀ ਏਕੜ ਅੱਧ ਫਰਵਰੀ ਦੀ ਬਿਜਾਈ ਵਾਸਤੇ, 8-10 ਕਿਲੋ ਬੀਜ ਮਾਰਚ ਦੀ ਬੀਜਾਈ ਵਾਸਤੇ ਕਾਫੀ ਹੈ। ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫਾਸਲਾ 15 ਸੈਂਟੀਮੀਟਰ ਹੋਣਾ ਚਾਹੀਦਾ ਹੈ। ਜੇ ਬੀਜ ਨੂੰ ਬਿਜਾਈ ਤੋਂ ਪਹਿਲਾਂ 24 ਘੰਟੇ ਲਈ ਪਾਣੀ 'ਚ ਭਿਉਂ ਲਿਆ ਜਾਵੇ ਤਾਂ ਬੀਜ ਅਗੇਤਾ ਅਤੇ ਇਕਸਾਰ ਉੱਗਦਾ ਹੈ।
okra cultivation
ਖਾਦਾਂ: ਬੀਜਾਈ ਤੋਂ ਪਹਿਲਾਂ ਜ਼ਮੀਨ ਦੀ ਮਿੱਟੀ ਦੀ ਪਰਖ ਕਰਵਾ ਲੈਣੀ ਚਾਹੀਦੀ ਹੈ। ਖੇਤ ਦੀ ਤਿਆਰੀ ਵੇਲੇ 15-20 ਟਨ ਗਲੀ-ਸੜੀ ਰੂੜੀ ਖੇਤ ਵਿਚ ਪਾ ਦਿਓ। ਭਰਪੂਰ ਫਸਲ ਲਈ 36 ਕਿਲੋ ਨਾਈਟਰੋਜਨ (80 ਕਿਲੋ ਯੂਰੀਆ) ਪ੍ਰਤੀ ਏਕੜ ਆਮ ਜ਼ਮੀਨਾਂ ਵਾਸਤੇ ਬੀਜਾਈ ਵੇਲੇ ਅਤੇ ਅੱਧੀ ਪਹਿਲੀ ਤੁੜਾਈ ਤੋਂ ਬਾਅਦ ਪਾਓ।
okra cultivation
ਨਦੀਨਾਂ ਦੀ ਰੋਕਥਾਮ: ਨਦੀਮ ਫਸਲ ਦਾ ਕਾਫੀ ਨੁਕਸਾਨ ਕਰਦੇ ਹਨ। ਇਸ ਲਈ 3-4 ਗੋਡੀਆਂ ਜ਼ਰੂਰੀ ਹਨ। ਪਹਿਲੀ ਗੋਡੀ ਬੀਜ ਉਗਣ ਤੋਂ 2 ਹਫਤੇ ਬਾਅਦ ਕਰੋ। ਫਸਲ ਬੀਜਣ ਤੋਂ 4 ਦਿਨ ਪਹਿਲਾਂ 800 ਮਿਲੀਲੀਟਰ ਨੂੰ ਇਕ ਲੀਟਰ ਬਾਸਾਲਿਨ 45 ਈ.ਸੀ. ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ ਤੇ ਇਸ ਪਿੱਛੋਂ ਖੇਤ ਵਿਚ ਹੈਰੋ ਜ਼ਰੂਰ ਫੇਰੋ। ਜੇ ਉੱਪਰ ਦੱਸੀ ਦਵਾਈ ਨਾ ਮਿਲੇ ਤਾਂ 2 ਲੀਟਰ ਲਾਸੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜਾਈ ਤੋਂ ਇਕ ਦਿਨ ਬਾਅਦ ਛਿੜਕੋ।
ਦਵਾਈ ਨੂੰ 200-225 ਲੀਟਰ ਪਾਣੀ ਵਿਚ ਘੋਲ ਕੇ ਇਕਸਾਰ ਸਪਰੇਅ ਕਰੋ। ਜੇਕਰ ਇਸ ਪਿੱਛੋਂ ਖੇਤ ਵਿਚ ਕਾਫੀ ਨਦੀਨ ਦਿੱਸਣ ਤਾਂ ਬੀਜਾਈ ਤੋਂ 60 ਦਿਨਾਂ ਬਾਅਦ ਇਕ ਗੋਡੀ ਕਰੋ। ਸਟੌਂਪ 30 ਈ.ਸੀ. ਇਕ ਲੀਟਰ ਪ੍ਰਤੀ ਏਕੜ ਜਾਂ 750 ਮਿਲੀਲੀਟਰ ਪ੍ਰਤੀ ਏਕੜ (ਬੀਜਾਈ ਤੋਂ ਇਕ ਦਿਨ ਪਿੱਛੋਂ) ਇਕ ਗੋਡੀ ਨਦੀਨਾਂ ਦੀ ਰੋਕਥਾਮ ਕਰਨ ਵਿਚ ਬਰਾਬਰ ਕਾਮਯਾਬ ਹਨ।
okra cultivation
ਫਸਲ ਦੀ ਤੁੜਾਈ: ਕਿਸਮ ਅਤੇ ਮੌਸਮ ਮੁਤਾਬਕ ਫਸਲ 45-50 ਦਿਨਾਂ ਵਿਚ ਤੋੜਨ ਲਈ ਤਿਆਰ ਹੋ ਜਾਂਦੀ ਹੈ। ਛੋਟੀ ਤੇ ਨਰਮ ਭਿੰਡੀ ਵੱਡੀ ਭਿੰਡੀ ਦੇ ਮੁਕਾਬਲੇ ਜ਼ਿਆਦਾ ਮਹਿੰਗੀ ਵਿਕਦੀ ਹੈ। ਇਸ ਲਈ ਜਦੋਂ ਭਿੰਡੀ ਤਕਰੀਬਨ 10 ਸੈਂਟੀਮੀਟਰ ਲੰਬੀ ਹੋਵੇ ਤਾਂ ਤੋੜ ਲੈਣੀ ਚਾਹੀਦੀ ਹੈ। ਆਮ ਤੌਰ 'ਤੇ 10-12 ਤੁੜਾਈਆਂ ਕੀਤੀਆਂ ਜਾ ਸਕਦੀਆਂ ਹਨ।