ਪੰਜਾਬ ਦੇ ਮੁੱਖ ਆਲੂ ਉਦਪਾਦਕ ਜ਼ਿਲ੍ਹਾ ਜਲੰਧਰ ਦੇ ਕਿਸਾਨਾਂ ਨੂੰ ਲਗਾਤਾਰ ਤੀਜੀ ਵਾਰ ਰਗੜਾ ਲੱਗਿਆ ਹੈ। ਕਿਸਾਨਾਂ ਨੂੰ ਇਸ ਗੱਲ ਦਾ ਬਹੁਤ...
ਜਲੰਧਰ (ਸਸਸ) : ਪੰਜਾਬ ਦੇ ਮੁੱਖ ਆਲੂ ਉਦਪਾਦਕ ਜ਼ਿਲ੍ਹਾ ਜਲੰਧਰ ਦੇ ਕਿਸਾਨਾਂ ਨੂੰ ਲਗਾਤਾਰ ਤੀਜੀ ਵਾਰ ਰਗੜਾ ਲੱਗਿਆ ਹੈ। ਕਿਸਾਨਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਇਸ ਵਾਰ ਵੀ ਉਨ੍ਹਾਂ ਨੂੰ ਆਲੂਆਂ ਦਾ ਸਹੀ ਭਾਅ ਨਹੀਂ ਮਿਲਿਆ। ਕਿਸਾਨਾਂ ਵਲੋਂ ਆਲੂਆਂ ਦੀ ਚੰਗੀ ਕੀਮਤ ਮਿਲਣ ਦੀ ਆਸ ਵਿਚ ਅਪਣੀ ਪਿਛਲੀ ਫ਼ਸਲ ਨੂੰ ਕੋਲਡ ਸਟੋਰਾਂ ਵਿਚ ਰਖਵਾ ਦਿਤਾ ਗਿਆ ਸੀ ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਪੁਰਾਣੀ ਫ਼ਸਲ ਤਾਂ ਦੂਰ ਨਵੀਂ ਫ਼ਸਲ ਦੇ ਵੀ ਖ਼ਰੀਦਦਾਰ ਨਹੀਂ ਮਿਲ ਰਹੇ ਹਨ।
ਇਹ ਸਭ ਵੇਖਦੇ ਹੋਏ ਕਿਸਾਨ ਹੁਣ ਅੱਕ ਕੇ ਆਲੂਆਂ ਦੀ ਖੇਤੀ ਛੱਡਣ ਬਾਰੇ ਸੋਚ ਰਹੇ ਹਨ। ਪੰਜਾਬ ਦੇ ਮਸ਼ਹੂਰ ਆਲੂ ਕਿੰਗ ਦੇ ਨਾਮ ਨਾਲ ਜਾਣੇ ਜਾਂਦੇ ਜਸਵਿੰਦਰ ਸਿੰਘ ਸੰਘਾ ਦਾ ਕਹਿਣਾ ਹੈ ਆਲੂਆਂ ਦਾ ਲਾਗਤ ਮੁੱਲ ਵੀ ਵਾਪਸ ਨਾ ਆਉਣ ‘ਤੇ ਉਹ ਸੋਚ ਰਹੇ ਹਨ ਕਿ ਆਲੂਆਂ ਨੂੰ ਖ਼ਰਾਬ ਹੋਣ ਤੋਂ ਪਹਿਲਾਂ ਮੁਫ਼ਤ ਵਿਚ ਹੀ ਵੰਡ ਦਿਤਾ ਜਾਵੇ। ਦੱਸ ਦਈਏ ਕਿ ਸੰਘਾ 440 ਹੈਕਟੇਅਰ ਰਕਬੇ ਵਿਚ ਆਲੂ ਦੀ ਖੇਤੀ ਕਰਦੇ ਹਨ ਅਤੇ ਹੁਣੇ ਪਿਛਲੇ ਸਾਲ ਦੇ ਤਕਰੀਬਨ 7,000 ਕੁਇੰਟਲ ਆਲੂ ਕੋਲਡ ਸਟੋਰਾਂ ਵਿਚ ਰੱਖੇ ਹੋਏ ਹਨ।
ਉਨ੍ਹਾਂ ਨੇ ਦੱਸਿਆ ਕਿ ਸਹੀ ਮੁੱਲ ਨਾ ਮਿਲਣ ‘ਤੇ ਹੀ ਫ਼ਸਲ ਨੂੰ ਕੋਲਡ ਸਟੋਰ ਵਿਚ ਰੱਖਿਆ ਜਾਂਦਾ ਹੈ। ਜਸਵਿੰਦਰ ਸਿੰਘ ਸੰਘਾ ਨੇ ਆਲੂ ਦੀ ਫ਼ਸਲ ‘ਤੇ ਆਉਣ ਵਾਲੀ ਲਾਗਤ ਬਾਰੇ ਦੱਸਿਆ ਕਿ ਬੀਜਣ ਤੋਂ ਲੈ ਕੇ ਪੁੱਟਣ ਤੱਕ 50,000 ਰੁਪਏ ਫ਼ੀ ਏਕੜ ਦੀ ਲਾਗਤ ਆਉਂਦੀ ਹੈ, ਜਿਸ ਹਿਸਾਬ ਨਾਲ ਹਰ ਬੋਰੀ ਦੀ ਉਤਪਾਦਨ ਕੀਤ ਲਗਭੱਗ 500 ਰੁਪਏ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਆਲੂਆਂ ਦੀ ਬੋਰੀ 600 ਤੋਂ 700 ਰੁਪਏ ਤਕ ਵਿਕਦੀ ਸੀ। ਹੁਣ ਕਿਸਾਨ ਅਪਣੀ ਪੁਰਾਣੀ ਫ਼ਸਲ ਨੂੰ 20 ਤੋਂ ਲੈ ਕੇ 70 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਵੇਚਣ ਲਈ ਮਜਬੂਰ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦਾ ਕੋਲਡ ਸਟੋਰ ਵੀ 4-6 ਕਰੋੜ ਰੁਪਏ ਦੇ ਘਾਟੇ ਵਿਚ ਜਾ ਰਿਹਾ ਹੈ। ਸੰਘਾ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਫ਼ਸਲੀ ਵਖਰੇਵਾਂ ਲਿਆਂਦਾ ਜਾਵੇ, ਪਰ ਅਜਿਹਾ ਕਰਨ ਵਾਲੇ ਕਿਸਾਨਾਂ ਨੂੰ ਤਾਂ ਫ਼ਸਲ ਦਾ ਪੂਰਾ ਮੁੱਲ ਵੀ ਨਹੀਂ ਮਿਲਦਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਘੱਟੋਂ-ਘੱਟ ਆਲੂਆਂ ਦਾ ਸਮਰਥਨ ਮੁੱਲ ਤੈਅ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ।
ਕਈ ਕਿਸਾਨਾਂ ਨੇ ਆਲੂਆਂ ਦੀ ਪੁਟਾਈ ਵੀ ਬੰਦ ਕਰ ਦਿਤੀ ਹੈ, ਕਿਉਂਕਿ ਸਹੀ ਮੁੱਲ ਨਾ ਮਿਲਣ ਕਰਕੇ ਉਹ ਆਲੂਆਂ ਦੀ ਪੁਟਾਈ ਦੀ ਮਜ਼ਦੂਰੀ ਦਾ ਖ਼ਰਚ ਵੀ ਪੱਲਿਓਂ ਖ਼ਰਚ ਕਰਨਗੇ। ਅਜਿਹੇ ਹਾਲਾਤਾਂ ਵਿਚ ਕਈਆਂ ਕਿਸਾਨਾਂ ਦੀ ਆਲੂਆਂ ਦੀ ਖੇਤੀ ਅੱਗੇ ਹੱਥ ਜੋੜ ਦਿਤੇ ਹਨ।